ਨਿਰਾਸ਼ ਹੋ ਚੁੱਕੇ ਵੀਜ਼ਾ ਬਿਨੇਕਾਰ ਆਸਟ੍ਰੇਲੀਆ ਵਿੱਚ ਨਵੀਂ ਜਿੰਦਗੀ ਦੀ ਉਮੀਦ ਵਿੱਚ ਪ੍ਰਵਾਸ ਏਜੰਟਾਂ ਵੱਲ ਮੁੜ ਰਹੇ ਹਨ। ਪਰ ਕੁੱਝ ਰਜਿਸਟਰਡ ਪ੍ਰਵਾਸ ਏਜੰਟਾਂ ਅਨੁਸਾਰ ਸਾਰੇ ਏਜੰਟਾਂ ਉੱਤੇ ਭਰੋਸਾ ਵੀ ਨਹੀਂ ਕੀਤਾ ਜਾ ਸਕਦਾ।
ਰਿਫਿਊਜੀ ਐਡਵਾਈਸ ਐਂਡ ਕੇਸਵਰਕ ਸਰਵਿਸ ਜਾਂ ਰੈਕਸ ਇੱਕ ਅਜਿਹੀ ਸੰਸਥਾ ਹੈ ਜੋ ਵਿੱਤੀ ਤੌਰ ਤੇ ਕਮਜ਼ੋਰ ਅਤੇ ਪਨਾਹ ਲੈਣ ਵਾਲਿਆਂ ਨੂੰ ਮੁਫਤ ਕਾਨੂੰਨੀ ਸਲਾਹ, ਸਹਾਇਤਾ ਅਤੇ ਨੁਮਾਂਇੰਦਗੀ ਪ੍ਰਦਾਨ ਕਰਦੀ ਹੈ। ਇਸ ਦੀ ਪ੍ਰਮੁਖ ਵਕੀਲ ਅਤੇ ਸੈਂਟਰ ਮੈਨੇਜਰ ਸਾਰਾ ਡੇਲ ਕਹਿੰਦੀ ਹੈ ਕਿ ਅਗਰ ਬਿਨੇਕਾਰ ਦਾ ਵੀਜ਼ਾ ਇਨਕਾਰਿਆ ਜਾਂਦਾ ਹੈ ਤਾਂ ਉਹ ਵਿਅਕਤੀ ਅੰਤਮ ਨਤੀਜੇ ਤੇ ਪਹੁੰਚਣ ਤੋਂ ਪਹਿਲਾਂ ਸੰਭਾਵਤ ਤੌਰ ਤੇ ਕਈ ਪ੍ਰਕਿਰਿਆਵਾਂ ਵਿੱਚੋਂ ਦੀ ਲੰਘ ਸਕਦਾ ਹੈ।
ਉਸ ਦਾ ਮੰਨਣਾ ਹੈ ਕਿ ਸ਼ਰਨ ਮੰਗਣ ਵਾਲੇ ਲਈ ਗੁੰਝਲਦਾਰ ਕਾਨੂੰਨੀ ਪ੍ਰਣਾਲੀ ਵਿੱਚੋਂ ਲੰਘਣ ਲਈ ਕਾਨੂੰਨੀ ਸਲਾਹ ਲੈਣਾ ਲਾਹੇਵੰਦ ਹੁੰਦਾ ਹੈ।
31 ਦਸੰਬਰ 2019 ਤੱਕ ਆਸਟ੍ਰੇਲੀਆ ਵਿੱਚ 7249 ਰਜਿਸਟਰਡ ਮਾਈਗ੍ਰੇਸ਼ਨ ਏਜੰਟ ਸਨ ਜਿਹਨਾਂ ਵਿੱਚ 30% ਲੀਗਲ ਪਰੈਕਟਿਸ਼ਨਰ ਵੀ ਸਨ। ਰਜਿਸਟਰਡ ਮਾਈਗ੍ਰੇਸ਼ਨ ਏਜੰਟਾਂ ਦਾ ਸੰਚਾਲਨ ਕਰਨ ਵਾਲੀ ਸੰਸਥਾ ਹੈ ‘ਆਫਿਸ ਆਫ ਦਾ ਮਾਈਗ੍ਰੇਸ਼ਨ ਏਜੰਟਸ ਰਜਿਸਟ੍ਰੇਸ਼ਨ ਅਥਾਰਟੀ’ ਜਾਂ ਓਮਾਰਾ ਅਤੇ ਇਸ ਨੂੰ ਗ੍ਰਹਿ ਵਿਭਾਗ ਵਲੋਂ ਚਲਾਇਆ ਜਾਂਦਾ ਹੈ। ਤਾਜ਼ਾ ਕੀਤੀ ਇੱਕ ਸੋਧ ਅਨੁਸਾਰ ਲੀਗਲ ਪਰੈਕਟੀਸ਼ਨਰਸ ਨੂੰ ਹੁਣ ਅਲੱਗ ਤੌਰ ਤੇ ਮਾਈਗ੍ਰੇਸ਼ਨ ਏਜੰਟ ਵਜੋਂ ਰਜਿਸਟਰ ਕਰਵਾਉਣ ਦੀ ਲੋੜ ਨਹੀਂ ਹੈ। ਰਜਿਸਟਰਡ ਮਾਈਗ੍ਰੇਸ਼ਨ ਏਜੰਟ ਜੋਹਾਨਾ ਨੋਨਾਟੋ ਦਾ ਕਹਿਣਾ ਹੈ ਕਿ ਅਨ-ਰਜਿਸਟਰਡ ਮਾਈਗ੍ਰੇਸ਼ਨ ਏਜੰਟ ਓਮਾਰਾ ਦੇ ਨਿਯਮਾਂ ਦੇ ਪਾਬੰਦ ਨਹੀਂ ਹੁੰਦੇ।
ਇੱਕ ਮਿਸਾਲ ਵਜੋਂ ਨੋਨਾਟੋ ਕਹਿੰਦੇ ਹਨ ਕਿ ਕੁੱਝ ਨਰਸਾਂ ਨੇ ਵਿਦੇਸ਼ਾਂ ਵਿਚਲੀ ਇੱਕ ਐਜੂਕੇਸ਼ਨ ਕਨਸਲਟੈਂਸੀ ਤੋਂ ਪ੍ਰਵਾਸ ਬਾਰੇ ਸਲਾਹ ਲਈ ਸੀ।
ਇਸ ਦੇ ਨਾਲ ਹੀ ਕਈ ਕਾਨੂੰਨੀ ਏਜੰਟ ਅਜਿਹੇ ਵੀ ਹਨ ਜੋ ਕਿ ਆਸਟ੍ਰੇਲੀਆ ਵਿੱਚ ਨੌਕਰੀਆਂ ਦਿਵਾਉਣ ਦਾ ਭਰੋਸਾ ਵੀ ਦਿੰਦੇ ਹਨ।
ਡੇਲ ਸਲਾਹ ਦਿੰਦੀ ਹੈ ਕਿ ਸੇਵਾਵਾਂ ਦੀ ਤੁਲਨਾਂ ਕਰਨ ਲਈ ਆਸੇ ਪਾਸੇ ਨਜ਼ਰ ਮਾਰ ਲੈਣੀ ਚਾਹੀਦੀ ਹੈ। ਉਹ ਕਹਿੰਦੀ ਹੈ ਕਿ ਘੁਟਾਲਾ ਕਰਨ ਵਾਲੇ ਏਜੰਟ ਅਕਸਰ ਹੀ ਸਫਲ ਨਤੀਜਿਆਂ ਦਾ ਵਾਅਦਾ ਕਰਦੇ ਹਨ ਪਰ ਅਜਿਹਾ ਸਿਰਫ ਅਤੇ ਸਿਰਫ ਪ੍ਰਵਾਸ ਮੰਤਰੀ ਹੀ ਕਰ ਸਕਦਾ ਹੈ।
ਇਟਾਬਾਲੋ ਅਨੁਸਾਰ ਘੁਟਾਲਾ ਕਰਨ ਵਾਲਿਆਂ ਦਾ ਸੰਕੇਤ ਇਹ ਹੁੰਦਾ ਹੈ ਕਿ ਉਹ ਜਾਂ ਤਾਂ ਬਹੁਤ ਘੱਟ ਪੈਸੇ ਲੈਂਦੇ ਹਨ ਜਾਂ ਬਹੁਤ ਜਿਆਦਾ। ਸਭ ਤੋਂ ਪਹਿਲਾ ਕਦਮ ਹੀ ਇਹ ਹੋਣਾ ਚਾਹੀਦਾ ਹੈ ਕਿ ਓਮਾਰਾ ਦੀ ਵੈਬਸਾਈਟ ਤੋਂ ਪਤਾ ਕਰੋ ਕਿ ਇਹ ਏਜੰਟ ਰਜਿਸਟਰਡ ਵੀ ਹੈ ਜਾਂ ਨਹੀਂ। ਇੱਕ ਖਾਸ ਨਿਯਮ ਅਨੁਸਾਰ ਮਾਈਗ੍ਰੇਸ਼ਨ ਏਜੰਟਾਂ ਨੂੰ ਨਿਯੰਤ੍ਰਿਤ ਕੀਤਾ ਜਾਂਦਾ ਹੈ।
ਓਨਾਟੋ ਕਹਿੰਦੇ ਹਨ ਕਿ ਓਮਾਰਾ ਦੇ ਕਾਨੂੰਨਾਂ ਅਨੁਸਾਰ ਰਜਿਸਟਰਡ ਮਾਈਗ੍ਰੇਸ਼ਨ ਏਜੰਟਾਂ ਦੇ ਬੈਂਕਾਂ ਦੇ ਖਾਤਿਆਂ ਦੀ ਵੀ ਹਰ ਸਾਲ ਜਾਂਚ ਕੀਤੀ ਜਾਂਦੀ ਹੈ।
ਰੈਕਸ ਸੰਸਥਾ ਵਿੱਚ ਅਜਿਹੇ ਲੋਕਾਂ ਦੀਆਂ ਕਈ ਕਹਾਣੀਆਂ ਸਾਹਮਣੇ ਆਉਂਦੀਆਂ ਹਨ, ਜਿਹਨਾਂ ਨੂੰ ਮਾੜੇ ਕਿਰਦਾਰ ਵਾਲੇ ਏਜੰਟਾਂ ਨੇ ਠੱਗਿਆ ਹੁੰਦਾ ਹੈ।
ਡੇਲ ਸਲਾਹ ਦਿੰਦੀ ਹੈ ਕਿ ਅਗਰ ਤੁਹਾਨੂੰ ਲਗਦਾ ਹੈ ਕਿ ਕਿਸੇ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਨੇ ਤੁਹਾਨੂੰ ਢੁੱਕਵੀਂ ਸਲਾਹ ਅਤੇ ਮਦਦ ਨਹੀਂ ਦਿੱਤੀ ਤਾਂ ਤੁਸੀਂ ਓਮਾਰਾ ਵਿੱਚ ਉਸ ਦੀ ਸ਼ਿਕਾਇਤ ਕਰੋ।
ਓਮਾਰਾ ਦੀ ਤਾਜ਼ਾ ਸਲਾਨਾ ਰਿਪੋਰਟ ਅਨੁਸਾਰ ਮਾਈਗ੍ਰੇਸ਼ਨ ਏਜੰਟਾਂ ਵਿਰੁੱਧ ਕੀਤੀਆਂ ਸ਼ਿਕਾਇਤਾਂ ਵਿੱਚ 70% ਸਿਰਫ ਇਸ ਕਾਰਨ ਰੱਦ ਹੋ ਗਈਆਂ ਸਨ ਕਿਉਂਕਿ ਉਹਨਾਂ ਵਿਰੁੱਧ ਸਾਰੇ ਸਬੂਤ ਨਹੀਂ ਪੇਸ਼ ਕੀਤੇ ਗਏ ਸਨ। ਜਾਂ ਇਹ ਓਮਾਰਾ ਦੇ ਕਾਰਜ ਖੇਤਰ ਅਧੀਨ ਨਹੀਂ ਆਉਂਦੀਆਂ ਸਨ। ਨੋਨਾਟੋ ਅਨੁਸਾਰ ਓਮਾਰਾ ਦੇ ਅਧਿਕਾਰ ਖੇਤਰ ਵਿੱਚ ਵਿਦੇਸ਼ੀ ਪ੍ਰਵਾਸ ਮਾਹਰ ਨਹੀਂ ਆਉਂਦੇ।
ਨੋਨਾਟੋ ਅਨੁਸਾਰ ਮੁਢਲੀਆਂ ਸਲਾਹ ਫੀਸਾਂ 100 ਤੋਂ 300 ਡਾਲਰਾਂ ਤੱਕ ਹੁੰਦੀਆਂ ਹਨ। ਅਤੇ ਇਹ ਛੋਟੇ ਜਾਂ ਵੱਡੇ ਪ੍ਰਵਾਸ ਮਾਹਰਾਂ ਨਾਲ ਕੀਤੀਆਂ ਹੋ ਸਕਦੀਆਂ ਹਨ। ਵੀਜ਼ਿਆਂ ਦੀਆਂ ਫੀਸਾਂ, ਵੀਜ਼ਿਆਂ ਦੀਆਂ ਕਿਸਮਾਂ ਅਨੁਸਾਰ ਹੀ ਹੁੰਦੀਆਂ ਹਨ।
ਇਟਾਬਾਲੋ ਅਨੁਸਾਰ ਅਗਰ ਗਾਹਕ ਆਰਥਿਕ ਤੰਗੀ ਵਿੱਚ ਹੋਵੇ ਤਾਂ ਕੁੱਝ ਰਿਆਇਤ ਵੀ ਕਰ ਦਿੱਤੀ ਜਾਂਦੀ ਹੈ।
ਇਟਾਬਾਲੋ ਅਨੁਸਾਰ ਕਰੋਨਾਵਾਇਰਸ ਮਹਾਂਮਾਰੀ ਕਾਰਨ ਵੀਜ਼ਿਆਂ ਉੱਤੇ ਬਹੁਤ ਲੰਬਾ ਸਮਾਂ ਲੱਗ ਰਿਹਾ ਹੈ ਜਿਸ ਕਾਰਨ ਬਿਨੇਕਾਰਾਂ ਨੂੰ ਬਹੁਤ ਤਣਾਅ ਪੈਦਾ ਹੋ ਰਿਹਾ ਹੈ। ਖਾਸ ਕਰਕੇ ਉਹਨਾਂ ਨੂੰ ਜੋ ਕਿ ਜਿਆਦਾ ਤਕਨੀਕੀ ਗਿਆਨ ਨਹੀਂ ਰਖਦੇ ਅਤੇ ਆਨਲਾਈਨ ਕੰਮ ਕਰਨ ਵਿੱਚ ਔਖਿਆਈ ਮਹਿਸੂਸ ਕਰਦੇ ਹਨ।
ਨੋਨਾਟੋ ਸਲਾਹ ਦਿੰਦੇ ਹਨ ਕਿ ਬੇਸ਼ਕ ਤੁਸੀਂ ਆਪਣੀ ਨਿਜ਼ੀ ਵੀਜ਼ਾ ਅਰਜੀ ਭਰਨ ਜਾ ਰਹੇ ਹੋ, ਤਾਂ ਵੀ ਕਿਸੇ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਦੀ ਸਲਾਹ ਲੈ ਹੀ ਲਵੋ।
ਡਿਸਕਲੇਮਰ – ਕਿਰਪਾ ਕਰਕੇ ਯਾਦ ਰੱਖੋ ਕਿ ਇਸ ਜਾਣਕਾਰੀ ਵਿਚਲੀਆਂ ਟਿੱਪਣੀਆਂ ਸਿਰਫ ਆਮ ਸਲਾਹ ਹੀ ਹਨ ਅਤੇ ਸਾਰੇ ਹਾਲਾਤਾਂ ਤੇ ਲਾਗੂ ਨਹੀਂ ਹੁੰਦੀਆਂ। ਜੇ ਤੁਸੀਂ ਆਪਣੀ ਵੀਜ਼ਾ ਸਥਿਤੀ ਬਾਰੇ ਚਿੰਤਤ ਹੋ ਤਾਂ ਜਿੰਨੀ ਜਲਦੀ ਹੋ ਸਕੇ ਕਾਨੂੰਨੀ ਸਲਾਹ ਲਵੋ।
ਤੁਸੀਂ ਹਰ ਬੁੱਧਵਾਰ ਨੂੰ ਸ਼ਾਮ 8.30 ਵਜੇ ਲੜੀਵਾਰ ‘ਹੂ ਗੈੱਟਸ ਟੂ ਸਟੇਅ ਇਨ ਆਸਟ੍ਰੇਲੀਆ’ ਦੇਖਦੇ ਹੋਏ ਕਈ ਲੋਕਾਂ ਦੀ ਪ੍ਰਵਾਸ ਯਾਤਰਾ ਬਾਰੇ ਜਾਣ ਸਕਦੇ ਹੋ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ
ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਦੀਆਂ ਪਾਬੰਦੀਆਂ ਜਾਂਚੋ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ ਤੇ ਉਪਲੱਬਧ ਹੈ।
ਜੇ ਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨ ਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇ ਸੰਪਰਕ ਕਰੋ।
ਫੈਡਰਲ ਸਰਕਾਰ ਦੀ ਕਰੋਨਾਵਾਇਰਸ ਟਰੇਸਿੰਗ ਐਪ ‘ਕੋਵਿਡਸੇਫ’ ਤੁਹਾਡੇ ਫੋਨ ਦੇ ਐਪ ਸਟੋਰ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ।
ਐਸ ਬੀ ਐਸ ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।
ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ sbs.com.au/coronavirus ਉੱਤੇ ਉਪਲੱਬਧ ਹਨ।






