ਸੋਮਵਾਰ 5 ਅਕਤੂਬਰ ਤੋਂ ਉਹਨਾਂ ਸਿਖਿਆਰਥੀਆਂ ਅਤੇ ਅਪ੍ਰੈਂਟਿਸਾਂ ਜੋ ਕਿ ਪਹਿਲੀ ਜੂਲਾਈ ਤੋਂ ਸਿਖਲਾਈ ਲੈ ਰਹੇ ਹਨ, ਦੀ ਅੱਧੀ ਤਨਖਾਹ, ਅਗਲੇ ਛੇ ਮਹੀਨਿਆਂ ਵਾਸਤੇ ਟੈਕਸਦਾਤਾਵਾਂ ਵਲੋਂ ਦਿੱਤੀ ਜਾਵੇਗੀ। ਰੁਜ਼ਗਾਰ ਮੰਤਰੀ ਮਿਕੈਲੀਆ ਕੈਸ਼ ਦਾ ਕਹਿਣਾ ਹੈ ਕਿ ਇਸ 1.2 ਬਿਲੀਅਨ ਤਨਖਾਹ ਯੋਜਨਾ ਨਾਲ 1 ਲੱਖ ਨੌਕਰੀਆਂ ਪੈਦਾ ਹੋ ਸਕਣਗੀਆਂ ਅਤੇ ਇਸ ਨੂੰ ਦੇਸ਼ ਭਰ ਦੇ ਸਾਰੇ ਉਦਿਯੋਗਾਂ ਲਈ ਉਪਲਬੱਧ ਬਣਾਇਆ ਜਾਵੇਗਾ।
ਦਾ ਨੈਸ਼ਨਲ ਆਸਟ੍ਰੇਲੀਅਨ ਅਪ੍ਰੈਂਟਿਸਸ਼ਿਪਸ ਐਸੋਸ਼ਿਏਸ਼ਨ ਅਤੇ ਆਸਟ੍ਰੇਲੀਅਨ ਚੈਂਬਰ ਆਫ ਕਾਮਰਸ ਵਲੋਂ ਇਸ ਉਪਰਾਲੇ ਦਾ ਸਵਾਗਤ ਕੀਤਾ ਗਿਆ ਹੈ। ਅਤੇ ਕਿਹਾ ਹੈ ਕਿ ਇਸ ਉਪਰਾਲੇ ਨਾਲ ਉਹਨਾਂ ਨੌਜਵਾਨਾਂ ਨੂੰ ਖਾਸ ਕਰਕੇ ਮਦਦ ਮਿਲੇਗੀ ਜੋ ਕਿ ਚੱਲ ਰਹੀ ਮਹਾਂਮਾਰੀ ਦੌਰਾਨ ਆਪਣੀ ਪਹਿਲੀ ਫੁੱਲ-ਟਾਈਮ ਨੌਕਰੀ ਦੀ ਭਾਲ ਕਰ ਰਹੇ ਹਨ।
ਪਰ ਆਸਟ੍ਰੇਲੀਅਨ ਇੰਡਸਟਰੀ ਗਰੁੱਪ ਦੇ ਚੀਫ ਐਗਜ਼ੈਕਟਿਵ ਇਨੀਸ ਵਿਲੋਕਸ ਦਾ ਕਹਿਣਾ ਹੈ ਕਿ ਮਾਲਕਾਂ ਨੂੰ ਲੰਬੇ ਸਮੇਂ ਤੱਕ ਚਲਣ ਵਾਲੀਆਂ ਟਿਕਾਊ ਨੌਕਰੀਆਂ ਪੈਦਾ ਕਰਨ ਵਾਸਤੇ ਅਜੇ ਹੋਰ ਜਿਆਦਾ ਸਹਾਇਤਾ ਦੀ ਲੋੜ ਹੈ।
ਮਾਰਚ ਵਿੱਚ ਫੈਡਰਲ ਸਰਕਾਰ ਨੇ ਸਿਖਲਾਈ ਦੇ ਮੌਜੂਦਾ ਪ੍ਰਬੰਧਾਂ ਲਈ 1.3 ਬਿਲੀਅਨ ਡਾਲਰਾਂ ਦੀ ਘੋਸ਼ਣਾ ਵੀ ਕੀਤੀ ਸੀ।
ਇਸ ਨੇ ਆਪਣੇ ਜੌਬਟਰੇਨਰ ਪੈਕੇਜ ਲਈ ਸਾਲ 2020-21 ਦੌਰਾਨ 500 ਮਿਲੀਅਨ ਡਾਲਰ ਰਾਖਵੇਂ ਰੱਖੇ ਹਨ ਤਾਂ ਜੋ ਸਿਖਿਆਰਥੀਆਂ ਨੂੰ ਛੋਟੇ ਕੋਰਸਾਂ ਦੁਆਰਾ ਨਵੇਂ ਹੁਨਰ ਸਿੱਖਣ ਵਿੱਚ ਸਹਾਇਤਾ ਦਿੱਤੀ ਜਾ ਸਕੇ।
ਹੁਣ ਰਾਜ ਅਤੇ ਖੇਤਰੀ ਸਰਕਾਰਾਂ ਕੋਲੋਂ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਇਹਨਾਂ ਫੰਡਾਂ ਵਿੱਚ ਮੇਲ ਕਰਦਾ ਯੋਗਦਾਨ ਪਾਉਣਗੇ।
ਸੀ ਟੀ ਆਰ ਪੈਸਿਫਿਕ ਬਰਿੱਕਲੇਇੰਗ ਦੇ ਜੈਸੀ ਆਹਰਨ ਕਹਿੰਦੇ ਹਨ ਕਿ ਉਸਾਰੀ ਉਦਿਯੋਗ ਨਾਲ ਜੁੜੇ ਹੋਏ ਬਹੁਤ ਸਾਰੇ ਕਾਰੋਬਾਰ ਇਸ ਸਮੇਂ ਔਖੇ ਹਾਲਾਤਾਂ ਵਿੱਚੋਂ ਗੁਜ਼ਰ ਰਹੇ ਹਨ।
ਬੇਸ਼ਕ ਅਗਸਤ ਮਹੀਨੇ ਦੌਰਾਨ ਬੇਰੁਜ਼ਗਾਰੀ ਦੀ ਦਰ 6.8% ਤੱਕ ਆ ਗਈ ਸੀ, ਪਰ 15 ਤੋਂ 24 ਸਾਲਾਂ ਦੇ ਨੌਜਵਾਨਾਂ ਵਿੱਚ ਇਹ 20% ਦੇ ਕਰੀਬ ਦਰਜ ਕੀਤੀ ਗਈ ਸੀ। ਲੇਬਰ ਦੇ ਖਜਾਨਿਆਂ ਬਾਰੇ ਵਕਤਾ ਜਿੱਮ ਚਾਲਮਰਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਛੋਟੇ ਕਾਮਿਆਂ ਵਾਸਤੇ ਲੰਬੇ ਸਮੇਂ ਤੱਕ ਮਿਲਣ ਵਾਲੀ ਸਹਾਇਤਾ ਦੀ ਘਾਟ ਬਾਰੇ ਚਿੰਤਾ ਹੋ ਰਹੀ ਹੈ।
ਸ਼੍ਰੀ ਚਾਲਮਰਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਜੌਬਕੀਪਰ ਵੇਜ ਸਬਸਿਡੀ ਨੂੰ ਛੇਤੀ ਖਤਮ ਕੀਤੇ ਜਾਣ ਦੀ ਬਹੁਤ ਚਿੰਤਾ ਹੈ। ਪਿਛਲੇ ਹਫਤੇ ਤੋਂ 1500 ਡਾਲਰਾਂ ਵਾਲੀ ਇਸ ਰਾਸ਼ੀ ਨੂੰ ਘਟਾ ਕੇ 1200 ਡਾਲਰ ਕਰ ਦਿੱਤਾ ਗਿਆ ਹੈ। ਅਤੇ ਪਾਰਟ ਟਾਈਮ ਕੰਮ ਕਰਨ ਵਾਲਿਆਂ ਲਈ ਇਹ ਅੱਧੀ ਕਰ ਦਿੱਤੀ ਗਈ ਹੈ।
ਖਜਾਨਚੀ ਜੋਸ਼ ਫਰਾਇਡਨਬਰਗ ਨੇ ਕਿਹਾ ਹੈ ਕਿ ਬਜਟ ਦੀ ਭਵਿੱਖਬਾਣੀ ਵਿੱਚ ਕਰੋਨਾਵਾਇਰਸ ਦੀ ਅਗਲੇ ਸਾਲ ਤੱਕ ਤਿਆਰ ਹੋਣ ਵਾਲੀ ਦਵਾਈ ਨੂੰ ਵੀ ਧਿਆਨ ਵਿੱਚ ਰੱਖਿਆ ਜਾਵੇਗਾ।
ਆਸਟ੍ਰੇਲੀਆ ਵਿੱਚ ਲਗਭੱਗ 200 ਬਿਲੀਅਨ ਡਾਲਰਾਂ ਵਾਲੇ ਘਾਟੇ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ। ਅਜਿਹਾ 29 ਸਾਲਾਂ ਵਿੱਚ ਪਹਿਲੀ ਵਾਰ ਪੈਦਾ ਹੋਈ ਮੰਦੀ ਕਾਰਨ ਹੋਇਆ ਹੈ। ਜੂਨ ਦੀ ਤਿਮਾਹੀ ਦੌਰਾਨ ਜੀਡੀਪੀ ਵਿੱਚ 7% ਦੀ ਗਿਰਾਵਟ ਦਰਜ ਹੋਈ ਹੈ।
ਸ਼੍ਰੀ ਫਰਾਇਡਨਬਰਗ ਨੇ ਐਸ ਬੀ ਐਸ ਨਿਊਜ਼ ਨੂੰ ਦੱਸਿਆ ਕਿ ਫੈਡਰਲ ਸਰਕਾਰ ਮਾਈਗ੍ਰੇਸ਼ਨ ਪਾਲਸੀਆਂ ਸਮੇਤ ਆਰਥਿਕ ਗਤੀਵਿਧੀਆਂ ਨੂੰ ਉਤਸ਼ਾਹਤ ਕਰਨ ਵਾਲੀਆਂ ਯੋਜਨਾਵਾਂ ਉੱਤੇ ਵਿਚਾਰ ਕਰ ਰਹੀ ਹੈ।
ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਸਰਕਾਰ ਵੱਧ ਆਮਦਨੀ ਵਾਲੇ ਆਸਟ੍ਰੇਲੀਅਨ ਲੋਕਾਂ ਵਾਸਤੇ ਸਟੇਜ ਦੋ ਅਤੇ ਤਿੰਨ ਵਾਲੀਆਂ ਕਟੌਤੀਆਂ ਲਿਆਉਣ ਲਈ ਵੀ ਵਚਨਬੱਧ ਹੈ।
ਤੀਜੇ ਪੜਾਅ ਵਾਲੀਆਂ ਇਹਨਾਂ ਪ੍ਰਸਤਾਵਤ ਕਟੌਤੀਆਂ, ਜੋ ਕਿ ਸਾਲ 2024 ਤੋਂ ਲਾਗੂ ਕੀਤੀਆਂ ਜਾਣੀਆਂ ਹਨ, ਵਿੱਚ 45 ਹਜ਼ਾਰ ਤੋਂ 2 ਲੱਖ ਤੱਕ ਦੀ ਕਮਾਈ ਕਰਨ ਵਾਲਿਆਂ ਲਈ ਟੈਕਸ ਦੀ ਦਰ 30 ਸੈਂਟਸ ਪ੍ਰਤੀ ਡਾਲਰ ਮਿੱਥੇ ਜਾਣ ਦੀ ਯੋਜਨਾਂ ਹੈ।
ਆਸਟ੍ਰੇਲੀਆ ਇੰਸਟੀਚਿਊਟ ਵਰਗੀਆਂ ਸੰਸਥਾਵਾਂ ਦਾ ਕਹਿਣਾ ਹੈ ਕਿ ਆਮਦਨ ਟੈਕਸ ਵਿੱਚ ਕਟੌਤੀ ਲਿਆਉਣ ਵਾਲੀ ਯੋਜਨਾ ਦੀ ਤੁਲਨਾ ਵਿੱਚ ਸਿਹਤ ਸੰਭਾਲ ਅਤੇ ਸਿੱਖਿਆ ਦੇ ਖੇਤਰ ਵਿੱਚ ਨਿਵੇਸ਼ ਕਰਨ ਨਾਲ 7 ਤੋਂ 12 ਗੁਣਾਂ ਜਿਆਦਾ ਨੌਕਰੀਆਂ ਪੈਦਾ ਕੀਤੀਆਂ ਜਾ ਸਕਦੀਆਂ ਹਨ।
ਇਸ ਸੰਸਥਾ ਦੇ ਪ੍ਰਮੁੱਖ ਅਰਥਸ਼ਾਸਤਰੀ ਮੈਟ ਗਰੱਡਨੌਫ ਦਾ ਕਹਿਣਾ ਹੈ ਕਿ ਅਜਿਹਾ ਕਰਨ ਨਾਲ 1 ਲੱਖ 62 ਹਜ਼ਾਰ ਨੌਕਰੀਆਂ ਪੈਦਾ ਕੀਤੀਆਂ ਜਾ ਸਕਦੀਆਂ ਹਨ।
ਫੈਡਰਲ ਸਿਹਤ ਮੰਤਰੀ ਗ੍ਰੇਗ ਹੰਟ ਨੇ ਵੱਖਰੇ ਤੌਰ ਤੇ ਕਿਹਾ ਹੈ ਕਿ ਮੰਗਲਵਾਰ ਨੂੰ ਆਉਣ ਵਾਲੇ ਬਜਟ ਵਿੱਚ ਜਿਗਰ ਦੇ ਕੈਂਸਰ, ਮਾਇਓਪੀਆ ਅਤੇ ਪਾਰਕਿਨਸਨ ਬਿਮਾਰੀਆਂ ਲਈ ਸਬਸਿਡੀ ਵਾਲੇ ਇਲਾਜਾਂ ਵਾਲੇ ਵਿਕਲਪ ਵੀ ਹੋਣਗੇ। ਇਹਨਾਂ ਨੂੰ ਫਾਰਮਾਸੂਟਿਕਲ ਬੈਨਿਫਿਟ ਸਕੀਮ ਵਿੱਚ ਕੀਤੇ ਸੁਧਾਰਾਂ ਤਹਿਤ ਪ੍ਰਾਪਤ ਕੀਤਾ ਜਾ ਸਕੇਗਾ।