ਕੁਈਨਜ਼ਲੈਂਡ ਦੇ 'ਬੱਸ ਡਰਾਈਵਰ ਆਫ ਦੀ ਯੀਅਰ' ਅਵਾਰਡ ਉਨ੍ਹਾਂ ਬੱਸ ਡਰਾਈਵਰਾਂ ਨੂੰ ਮਾਨਤਾ ਤੇ ਸਤਿਕਾਰ ਦੇਣ ਲਈ ਪਹਿਲਕਦਮੀ ਹੈ ਜਿਨ੍ਹਾਂ ਨੇ ਕੋਵਿਡ ਦੌਰਾਨ ਕੁਈਨਜ਼ਲੈਂਡ ਵਾਸੀਆਂ ਨੂੰ ਕੰਮ ਅਤੇ ਜ਼ਰੂਰੀ ਸੇਵਾਵਾਂ ਲਈ ਇੱਕ ਦੂਜੇ ਨਾਲ ਜੋੜੀ ਰੱਖਿਆ।
ਟੂਵੂੰਬਾ ਇਲਾਕੇ ਦੇ ਵਸਨੀਕ 41-ਸਾਲਾ ਜਸਵਿੰਦਰ ਸਿੰਘ ਨੇ 1,000 ਤੋਂ ਵੱਧ ਨਾਮਜ਼ਦਗੀਆਂ 'ਚੋਂ ਇਹ ਪੁਰਸਕਾਰ ਹਾਸਲ ਕੀਤਾ।
ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ ਜਸਵਿੰਦਰ ਨੇ ਦੱਸਿਆ "ਖਿਤਾਬ ਲਈ ਲੱਗਭੱਗ 1,300 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਸਨ, ਫਿਰ ਹਰ ਸ਼੍ਰੇਣੀ 'ਚੋਂ ਤਿੰਨ ਫਾਈਨਲਿਸਟ ਚੁਣੇ ਗਏ ਸਨ ਅਤੇ ਜਨਤਕ ਵੋਟਿੰਗ ਦੁਆਰਾ ਅੰਤਿਮ ਜੇਤੂਆਂ ਦਾ ਐਲਾਨ ਕੀਤਾ ਗਿਆ।"

ਉਸਦੀ ਨਾਮਜ਼ਦਗੀ ਵਿੱਚ ਇੱਕ ਵੋਟਰ ਨੇ ਕਿਹਾ, "ਇਹ ਮਿੱਠ-ਬੋਲੜਾ ਡਰਾਈਵਰ ਹਮੇਸ਼ਾ ਆਪਣੇ ਯਾਤਰੀਆਂ ਦਾ ਫਿਕਰ ਕਰਦਾ ਹੈ ਅਤੇ ਸੁਰੱਖਿਅਤ ਢੰਗ ਨਾਲ ਲੋਕਾਂ ਦੀ ਮਦਦ ਕਰਦਾ ਹੈ"।
'ਟਰਾਂਸਲਿੰਕ' ਟਰਾਂਸਪੋਰਟ ਵਿਭਾਗ ਦੀ ਇਕ ਡਿਵੀਜ਼ਨ ਹੈ, ਜੋ ਕੁਈਨਜ਼ਲੈਂਡ 'ਚ ਬੱਸਾਂ, ਰੇਲਾਂ, ਕਿਸ਼ਤੀਆਂ ਅਤੇ ਟਰਾਮਾਂ ਲਈ ਰਾਜ ਵਿਆਪੀ ਸੇਵਾਵਾਂ ਦਿੰਦੀ ਹੈ।
ਜਸਵਿੰਦਰ 2016 ਤੋਂ ਇਸ ਮਹਿਕਮੇ ਨਾਲ ਜੁੜੇ ਹੋਏ ਹਨ - "ਜਦੋਂ ਮੈਂ 2008 ਵਿੱਚ ਟੂਵੂੰਬਾ ਵਿੱਚ ਪਰਵਾਸ ਕੀਤਾ ਤਾਂ ਇੱਕ ਪਗੜੀਧਾਰੀ ਵਿਅਕਤੀ ਨੂੰ ਆਸਟ੍ਰੇਲੀਆ ਦੇ ਪੇਂਡੂ ਖੇਤਰਾਂ ਵਿੱਚ ਵੇਖਣਾ ਲੋਕਾਂ ਲਈ ਆਮ ਗੱਲ ਨਹੀਂ ਸੀ। ਪਰ ਮੈਨੂੰ ਕਦੇ ਕੋਈ ਬੁਰਾ ਅਨੁਭਵ ਨਹੀਂ ਹੋਇਆ। ਸਥਾਨਕ ਭਾਈਚਾਰੇ ਨੇ ਹਮੇਸ਼ਾ ਮੈਨੂੰ ਮਾਣ-ਸਤਿਕਾਰ ਦਿੱਤਾ,” ਉਨ੍ਹਾਂ ਦੱਸਿਆ।
ਜਸਵਿੰਦਰ ਦਾ ਪਰਿਵਾਰਕ ਪਿਛੋਕੜ ਪੰਜਾਬ ਦੇ ਜਿਲ੍ਹੇ ਅੰਮਿ੍ਤਸਰ ਦੇ ਨੇੜੇ ਸਰਹਾਲੀ ਪਿੰਡ ਦਾ ਹੈ।
ਆਸਟ੍ਰੇਲੀਆ ਰਹਿੰਦਿਆਂ ਹੋਇਆ ਉਹ ਆਪਣੇ ਡਰਾਈਵਰੀ ਦੇ ਕਿੱਤੇ ਦੇ ਨਾਲ-ਨਾਲ ਘੋੜਿਆਂ ਦਾ ਸ਼ੌਂਕ ਵੀ ਪੁਗਾ ਰਹੇ ਹਨ। ਉਹ ਇੱਥੇ ਦੀ ਇੱਕ ਸਥਾਨਿਕ ਕੰਪਨੀ ਦੇ 'ਰੇਸਿੰਗ ਘੋੜਿਆਂ' ਦੇ ਕਾਰੋਬਾਰ ਵਿੱਚ ਸਾਂਝੀਦਾਰ ਹਨ।
"ਸਾਡੇ ਕੋਲ ਭਾਰਤ ਵਿੱਚ ਵੀ ਘੋੜੇ ਰਖੇ ਹੋਏ ਹਨ ਅਤੇ ਜਿਵੇਂ ਹੀ ਮੈਂ 2008 ਵਿੱਚ ਆਸਟ੍ਰੇਲੀਆ ਆਇਆ ਮੈਂ ਇਥੇ ਵੀ ਘੋੜਿਆਂ ਦੇ ਪਾਲਣ-ਪੋਸ਼ਣ ਬਾਰੇ ਉਤਸੁਕ ਹੋਇਆ ਜਿਸ ਪਿੱਛੋਂ ਮੈਂ ਇਸ ਕਿੱਤੇ ਨੂੰ ਵੀ ਅਪਣਾ ਲਿਆ” ਉਨ੍ਹਾਂ ਕਿਹਾ।
Read this story in English:
ਪੂਰੀ ਗੱਲਬਾਤ ਸੁਨਣ ਲਈ ਆਡੀਓ ਲਿੰਕ ਉੱਤੇ ਕਲਿਕ ਕਰੋ...
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।







