ਆਸਟ੍ਰੇਲੀਅਨ ਮੇਨਜ਼ ਹੈਲਥ ਫੋਰਮ ਪੂਰੇ ਆਸਟ੍ਰੇਲੀਆ ਵਿੱਚ ਮਰਦਾਂ ਦੀ ਸਿਹਤ ਦੀ ਵਕਾਲਤ ਕਰਦਾ ਹੈ।
2023 ਲਈ ਉਨ੍ਹਾਂ ਦੀ ਥੀਮ ਸਿਹਤਮੰਦ ਆਦਤਾਂ ਉੱਤੇ ਕੇਂਦਰਿਤ ਹੈ ਜਿੱਥੇ ਉਹ ਤਿੰਨ ਖੇਤਰਾਂ 'ਤੇ ਧਿਆਨ ਦੇਣਗੇ ਅਤੇ ਸਮਾਜਿਕ, ਭਾਈਚਾਰਕ ਅਤੇ ਵਿਅਕਤੀਗਤ ਪੱਧਰ 'ਤੇ ਮਰਦਾਂ ਦੀ ਸਿਹਤ ਨੂੰ ਬਿਹਤਰ ਬਣਾਉਣ ਲਈ ਕੰਮ ਕਰਨਗੇ।
ਇਹ ਮੁਹਿੰਮ ਸਿਹਤਮੰਦ ਸਰੀਰ, ਕਸਰਤ ਅਤੇ ਚੰਗੀ ਖੁਰਾਕ 'ਤੇ ਕੇਂਦਰਿਤ ਹੈ।
ਸੰਸਥਾ ਦੇ ਸੀਈਓ, ਗਲੇਨ ਪੂਲ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਦੁਨੀਆ ਦੇ ਸਭ ਤੋਂ ਸਿਹਤਮੰਦ ਦੇਸ਼ਾਂ ਵਿੱਚੋਂ ਇੱਕ ਹੈ ਜਿੱਥੇ ਉੱਚ ਜੀਵਨ ਸੰਭਾਵਨਾ ਦਰ ਹੈ - ਹਾਲਾਂਕਿ ਮਰਦ ਔਸਤਨ ਔਰਤਾਂ ਨਾਲੋਂ ਸੱਤ ਸਾਲ ਘੱਟ ਉਮਰ ਵਿੱਚ ਮਰ ਰਹੇ ਹਨ।
ਨੈਸ਼ਨਲ ਮੈਨਜ਼ ਹੈਲਥ ਸਟ੍ਰੈਟਜੀ 2020-2030 ਦਸਤਾਵੇਜ਼ ਦਰਸਾਉਂਦਾ ਹੈ ਕਿ ਆਸਟ੍ਰੇਲੀਆ 12 ਦੇਸ਼ਾਂ ਵਿੱਚੋਂ ਇੱਕ ਹੈ ਜਿੱਥੇ ਪੁਰਸ਼ਾਂ ਦੀ ਉਮਰ 80 ਸਾਲ ਤੋਂ ਵੱਧ ਹੈ - ਹਾਲਾਂਕਿ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਪੁਰਸ਼ਾਂ ਦੀ ਜੀਵਨ ਸੰਭਾਵਨਾ ਆਮ ਆਦਮੀਆਂ ਦੇ ਆਂਕੜੇ ਨਾਲੋਂ ਦਸ ਸਾਲ ਤੋਂ ਘੱਟ ਹੈ।
ਔਰਤਾਂ ਦੀ ਤੁਲਨਾ ਵਿੱਚ ਸਕ੍ਰੀਨਿੰਗ ਪ੍ਰੋਗਰਾਮਾਂ ਵਿੱਚ ਭਾਗੀਦਾਰੀ ਦੀ ਕਮੀ ਦੇ ਕਾਰਨ ਮਰਦਾਂ ਨੂੰ ਅੰਤੜੀ ਦੇ ਕੈਂਸਰ ਦਾ ਪਤਾ ਲੱਗਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ।