ਨਿਊਜ਼ੀਲੈਂਡ ਵਿੱਚ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਲਈ ਕਾਰਜਸ਼ੀਲ ਰਹਿਣ ਵਾਲੇ ਹਰਜਿੰਦਰ ਸਿੰਘ ਬਸੀਆਲਾ ਨੇ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਕਿਹਾ ਕਿ ਇਸ ਡਾਕ ਟਿਕਟ ਦਾ ਡਿਜ਼ਾਈਨ ਬਹੁਤ ਹੀ ਸੋਚ ਵਿਚਾਰ ਕੇ ਬਣਾਇਆ ਗਿਆ ਹੈ। ਇਸ ਵਿੱਚ ਦੋਹਾਂ ਭਾਰਤ ਅਤੇ ਪਾਕਿਸਤਾਨ ਵਾਲੇ ਪੰਜਾਬ ਵਿੱਚ ਬੋਲੀ ਜਾਣ ਵਾਲੀ ਮਿੱਠੀ ਭਾਸ਼ਾ ਪੰਜਾਬੀ ਨੂੰ ਉਭਾਰ ਕੇ ਪੇਸ਼ ਕਰਨ ਦਾ ਯਤਨ ਕੀਤਾ ਗਿਆ ਹੈ।
ਸ਼੍ਰੀ ਬਸੀਆਲਾ ਨੇ ਕਿਹਾ, “ਇਸ ਡਾਕ ਟਿਕਟ ਦੇ ਉੱਪਰਲੇ ਅੱਧ ਦਾ ਰੰਗ ਕੇਸਰੀ ਰੱਖਿਆ ਗਿਆ ਹੈ ਜੋ ਕਿ ਭਾਰਤੀ ਝੰਡੇ ਦਾ ਸਿਖਰਲਾ ਰੰਗ ਹੈ, ਅਤੇ ਇਸ ਟਿਕਟ ਦੇ ਹੇਠਲੇ ਭਾਗ ਦਾ ਰੰਗ ਹਰਾ ਹੈ ਜੋ ਕਿ ਪਾਕਿਸਤਾਨ ਦੇ ਝੰਡੇ ਦਾ ਰੰਗ ਹੈ”।
ਖਾਸ ਨੁੱਕਤੇ:
- ਨਿਊਜ਼ੀਲੈਂਡ ਵਿੱਚ ਪੰਜਾਬੀ ਭਾਈਚਾਰਾ 1890ਵਿਆਂ ਵਿੱਚ ਪਹਿਲੀ ਵਾਰ ਪ੍ਰਵਾਸ ਕਰਕੇ ਪਹੁੰਚਿਆ ਸੀ।
- ਗੁਰਮੁਖੀ ਵਿੱਚ ਲਿਖਤ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਪਹਿਲੀ ਬੀੜ ਫੀਜੀ ਤੋਂ ਉਚੇਚੇ ਤੌਰ ਤੇ ਇੱਥੇ ਲਿਆਂਦੀ ਗਈ ਸੀ ਤਾਂ ਕਿ ਗੁਰਮੁਖੀ/ਪੰਜਾਬੀ ਭਾਸ਼ਾ ਦੀ ਪਿਰਤ ਪਾਈ ਜਾ ਸਕੇ।
- ਇਸ ਸਮੇਂ ਦੇਸ਼ ਭਰ ਵਿੱਚ ਅਨੇਕਾਂ ਅਜਿਹੇ ਕੇਂਦਰ ਹਨ ਜੋ ਕਿ ਪੰਜਾਬੀ ਭਾਈਚਾਰੇ ਦੀ ਭਾਸ਼ਾ ਦੁਆਰਾ ਸੇਵਾ ਕਰ ਰਹੇ ਹਨ।

:Postage stamp promoting Punjabi, Gurmukhi and Shahmukhi Source: Harjinder Singh Basiala
ਇਸ ਡਾਕ ਟਿਕਟ ਵਿੱਚ ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ਦਾ ਇੱਕ ਦਰਵਾਜਾ ਦਿਖਾਇਆ ਗਿਆ ਹੈ ਜੋ ਕਿ ਪੰਜਾਬੀ ਭਾਸ਼ਾ ਦੇ ਜੋੜ ਨਾਲ ਖੁੱਲਿਆ ਹੋਇਆ ਦਿਖਾਇਆ ਗਿਆ ਹੈ।
“ਇਸ ਤੋਂ ਸਿੱਧ ਹੁੰਦਾ ਹੈ ਕਿ ਪੰਜਾਬੀ ਭਾਸ਼ਾ ਕਿਸੇ ਸਰਹੱਦ ਆਦਿ ਦੀ ਮੁਹਤਾਜ ਨਹੀਂ ਹੈ।”
ਪੰਜਾਬੀ ਭਾਸ਼ਾ ਦੇ ਭਵਿੱਖ ਵਿੱਚ ਹੋਣ ਵਾਲੇ ਪ੍ਰਸਾਰ ਨੂੰ ਲੈ ਕਿ ਚਿੰਤਤ ਸ਼੍ਰੀ ਬਸੀਆਲਾ ਨੇ ਕਿਹਾ, “ਅਸੀਂ ਪਹਿਲੀ ਪੀੜ੍ਹੀ ਦੇ ਪੰਜਾਬੀ ਲੋਕ ਇਥੇ ਵਿਦੇਸ਼ਾਂ ਵਿੱਚ ਆਪਣੇ ਨਾਲ ਬਹੁਤ ਸਾਰੀ ਸ਼ਬਦਾਵਲੀ ਵੀ ਲੈ ਆਏ ਹਾਂ ਅਤੇ ਲੋੜ ਹੈ ਕਿ ਅਸੀਂ ਇਸ ਸ਼ਬਦਾਵਲੀ ਨੂੰ ਸਭਿਆਚਾਰਕ ਪਰੋਗਰਾਮਾਂ, ਖੇਡਾਂ, ਸਕੂਲਾਂ ਆਦਿ ਦੁਆਰਾ ਆਪਣੀ ਅਗਲੀ ਪੀੜ੍ਹੀ ਤੱਕ ਵੀ ਲੈ ਕਿ ਜਾਈਏ।”
ਨਿਊਜ਼ੀਲੈਂਡ ਦੇ ਪੰਜਾਬੀ ਭਾਈਚਾਰੇ ਵੱਲੋਂ ਪੰਜਾਬੀ ਦੇ ਪਸਾਰ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਜਾਨਣ ਲਈ ਸੁਣੋ ਇਹ ਖਾਸ ਗੱਲਬਾਤ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਐਸਬੀਐਸ, ਆਸਟ੍ਰੇਲੀਆ ਦੇ ਵਿਆਪਕ ਭਾਈਚਾਰਿਆਂ ਨੂੰ ਕੋਵਿਡ-19 ਦੇ ਨਵੀਨਤਮ ਵਿਕਾਸ ਬਾਰੇ ਜਾਣਕਾਰੀ ਦੇਣ ਲਈ ਵਚਨਬੱਧ ਹੈ। ਖਬਰਾਂ ਅਤੇ ਜਾਣਕਾਰੀ 63 ਭਾਸ਼ਾਵਾਂ ਵਿੱਚ https://www.sbs.com.au/language/coronavirus ਉੱਤੇ ਉਪਲਬਧ ਹੈ।
ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ। ਤੁਸੀਂ ਸਾਨੂੰ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।