ਤੀਰਥ ਸਿੰਘ ਅਟਵਾਲ ਨੂੰ ਨਿਊਜ਼ੀਲੈਂਡ ਵਿੱਚ ਆਪਣੇ ਵੱਡੇ ਕੰਮ-ਕਾਰੋਬਾਰਾਂ ਲਈ ਜਾਣਿਆ ਜਾਂਦਾ ਹੈ।
ਪਿੰਡ ਕੰਗ, ਜਿਲ੍ਹਾ ਨਵਾਂ ਸ਼ਹਿਰ ਦੇ ਪਿਛੋਕੜ ਵਾਲ਼ੇ ਤੀਰਥ ਸਿੰਘ ਅਟਵਾਲ ਸਨ 1996 ਵਿੱਚ ਵਿਦਿਆਰਥੀ ਵੀਜ਼ੇ ਉੱਤੇ ਆਸਟ੍ਰੇਲੀਆ ਆਏ ਸਨ ਜਿਸ ਪਿੱਛੋਂ 1998 ਵਿੱਚ ਉਹ ਨਿਊਜ਼ੀਲੈਂਡ ਪਹੁੰਚੇ ਜਿਥੇ ਉਨ੍ਹਾਂ ਕਈ ਕੰਮ-ਕਾਰੋਬਾਰਾਂ ਵਿੱਚ ਆਪਣੀ ਮੇਹਨਤ ਸਦਕਾ ਇੱਕ 'ਉਘੇ ਕਾਰੋਬਾਰੀ' ਵਜੋਂ ਸਥਾਪਤੀ ਉੱਤੇ ਮੋਹਰ ਲਾਈ।
ਕੰਮ-ਕਾਰੋਬਾਰ ਦੇ ਨਾਲ਼-ਨਾਲ਼ ਉਹ ਪੰਜਾਬੀਆਂ ਦੀ ਮਾਂ-ਖੇਡ ਕਬੱਡੀ ਅਤੇ ਸੱਭਿਆਚਾਰਕ ਮੁਹਾਜ ਨਾਲ਼ ਵੀ ਜੁੜੇ ਹੋਏ ਹਨ।
ਨਿਊਜ਼ੀਲੈਂਡ ਵਿੱਚ ਕਬੱਡੀ ਦੀਆਂ ਦੋ ਫੈਡਰੇਸ਼ਨਾਂ ਹਨ ਜਿਨਾਂ ਵਿੱਚੋਂ ਉਹ ਇੱਕ ਦੇ ਪ੍ਰਧਾਨ ਵੀ ਹਨ।
ਨਿਊਜ਼ੀਲੈਂਡ ਵਿੱਚ ਇੱਕ ਸਾਲ ਵਿੱਚ ਕਬੱਡੀ ਦੇ ਦੋ ਸੀਜ਼ਨ ਹੁੰਦੇ ਹਨ ਜਿਨ੍ਹਾਂ ਨੂੰ ਦੋਨੋ ਫੈਡਰੇਸ਼ਨਾਂ ਸੁਚਾਰੂ ਢੰਗ ਨਾਲ਼ ਆਪਸੀ ਮਿਲਵਰਤਣ ਨਾਲ਼ ਚਲਾਉਂਦੀਆਂ ਹਨ।ਤੀਰਥ ਸਿੰਘ ਅਟਵਾਲ
"ਸਾਡੀ ਸੰਸਥਾ ਸਾਲਾਨਾ ਪੱਧਰ ਉੱਤੇ 250-300 ਵੀਜ਼ੇ ਲਗਵਾਓਂਦੀ ਹੈ ਅਤੇ ਇਸ ਸਿਲਸਿਲੇ ਵਿੱਚ ਸਾਨੂੰ ਕਦੇ ਵੀ ਕੋਈ ਸਮੱਸਿਆ ਨਹੀਂ ਆਈ," ਉਨ੍ਹਾਂ ਕਿਹਾ।
ਸ਼੍ਰੀ ਅਟਵਾਲ ਨੇ ਦੱਸਿਆ ਕਿ ਉਹ ਸਨ 2006 ਤੋਂ ਕਬੱਡੀ ਵਿਚਲੇ ਪ੍ਰਬੰਧਾਂ ਵਿੱਚ ਜੁਟੇ ਹੋਏ ਹਨ। ਉਨ੍ਹਾਂ ਦੁਆਰਾ ਕੀਤੀਆਂ ਜਾਂਦੀਆਂ ਕੋਸ਼ਿਸ਼ਾਂ ਵਿੱਚ ਖਿਡਾਰੀਆਂ ਦੇ ਵੀਜ਼ੇ ਅਤੇ ਰਹਿਣ-ਸਹਿਣ ਆਦਿ ਦੀ ਜਿੰਮੇਵਾਰੀ ਵੀ ਸ਼ਾਮਿਲ ਹੁੰਦੀ ਹੈ।
"ਇਹ ਸਮੁੱਚੇ ਖੇਡ ਪ੍ਰਬੰਧ ਨਿਊਜ਼ੀਲੈਂਡ ਵਸਦੇ ਪੰਜਾਬੀ ਭਾਈਚਾਰੇ ਸਹਿਯੋਗ ਨਾਲ਼ ਨੇਪਰੇ ਚਾੜ੍ਹੇ ਜਾਂਦੇ ਹਨ ਜਿਸ ਲਈ ਮੈਂ ਆਪਣੇ ਸਹਿਯੋਗੀਆਂ ਦਾ ਖਾਸ ਧੰਨਵਾਦ ਵੀ ਕਰਦਾ ਹਾਂ," ਉਨ੍ਹਾਂ ਕਿਹਾ।

ਐਸ ਬੀ ਐਸ ਦੇ ਮੈਲਬੌਰਨ ਸਟੂਡੀਓ ਵਿੱਚ ਇੰਟਰਵਿਊ ਦੌਰਾਨ ਅਸੀਂ ਉਨ੍ਹਾਂ ਨਾਲ਼ ਕਬੱਡੀ ਵਿਚਲੇ ਨਸ਼ੇ ਦੇ ਚਲਣ, ਵੀਜ਼ੇ ਦੀਆਂ ਸਮੱਸਿਆਵਾਂ ਅਤੇ ਅੰਤਰਾਸ਼ਟਰੀ ਵਿਦਿਆਰਥੀਆਂ ਦੇ ਮਸਲਿਆਂ ਸਬੰਧੀ ਵਿਚਾਰ-ਚਰਚਾ ਵੀ ਕੀਤੀ।
“ਕਬੱਡੀ ਵਿੱਚ ਨਸ਼ੇ ਦੇ ਚਲਣ ਨੂੰ ਲੈਕੇ ਸਮੁਚਾ ਭਾਈਚਾਰਾ ਚਿੰਤਤ ਹੈ। ਇਸ ਸਮੱਸਿਆ ਦਾ ਹੱਲ ਕਰਨ ਲਈ ਇਕੱਲੇ ਖਿਡਾਰੀ ਜਾਂ ਪ੍ਰਬੰਧਕ ਹੀ ਨਹੀਂ ਬਲਕਿ ਸਮੁੱਚੇ ਭਾਈਚਾਰੇ ਨੂੰ ਸਾਂਝੇ ਉੱਦਮ ਦੀ ਲੋੜ ਹੈ," ਉਨ੍ਹਾਂ ਕਿਹਾ।
ਹੋਰ ਵੇਰਵੇ ਲਈ ਇਹ ਆਡੀਓ ਇੰਟਰਵਿਊ ਸੁਣੋ.....



