ਗ਼ਜ਼ਲ ਦੇ ਮਾਹਿਰ ਅਤੇ ਪ੍ਰਸਿੱਧ ਬੌਲੀਵੁੱਡ ਗਾਇਕ ਸੁਰਿੰਦਰ ਖਾਨ ਸੰਗੀਤ ਦੇ ਖੇਤਰ ਵਿੱਚ ਪਿਛਲੇ 25 ਸਾਲਾਂ ਤੋਂ ਵੀ ਵਧੇਰੇ ਸਮੇਂ ਤੋਂ ਸਰਗਰਮ ਹਨ।
ਦੁਨੀਆਂ ਦੇ ਹਰ ਕੋਨੇ ਵਿੱਚ ਕਿਸੇ ਸ਼ੋ ਜਾਂ ਮਹਿਫ਼ਲ ਦਾ ਸ਼ਿੰਗਾਰ ਬਣ ਚੁੱਕੇ ਸ਼੍ਰੀ ਖਾਨ ਅੱਜਕੱਲ ਆਪਣੇ ਆਸਟ੍ਰੇਲੀਆ ਦੌਰੇ ਉੱਤੇ ਹਨ।
ਉਨ੍ਹਾਂ ਦੇ ਦੱਸਣ ਮੁਤਾਬਿਕ ਉਹ ਅਮਰੀਕਾ, ਕੈਨੇਡਾ, ਯੂਰਪ, ਸਿੰਗਾਪੁਰ, ਚੀਨ, ਬੈਂਕਾਕ ਅਤੇ ਦੱਖਣੀ ਅਫਰੀਕਾ ਸਣੇ ਦੁਨੀਆ ਭਰ ਵਿੱਚ 1000 ਤੋਂ ਵੀ ਵੱਧ ਲਾਈਵ ਸ਼ੋਅ ਕਰ ਚੁੱਕੇ ਹਨ।
ਆਪਣੇ ਇਸ ਲੰਬੇ ਅਤੇ ਸਫਲ ਕਰੀਅਰ ਦੌਰਾਨ, ਸੁਰਿੰਦਰ ਖਾਨ ਨੇ ਕਈ ਸੰਗੀਤਕ ਐਲਬਮਾਂ ਆਪਣੇ ਸਰੋਤਿਆਂ ਦੀ ਝੋਲ਼ੀ ਪਾਈਆਂ।
ਸੰਗੀਤ ਖੇਤਰ ਵਿੱਚ ਆਪਣੀਆਂ ਪ੍ਰਾਪਤੀਆਂ ਦੇ ਚਲਦਿਆਂ ਉਨ੍ਹਾਂ ਨੂੰ ਤਿੰਨ ਵਾਰ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।

ਐਸ ਬੀ ਐਸ ਪੰਜਾਬੀ ਨਾਲ਼ ਇੰਟਰਵਿਊ ਦੌਰਾਨ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਕੋਸ਼ਿਸ਼ ਹਰ ਉਮਰ-ਵਰਗ ਦੇ ਸਰੋਤੇ ਲਈ ਕੁਝ ਖਾਸ ਪੇਸ਼ ਕਰਨ ਦੀ ਹੁੰਦੀ ਹੈ।
ਇਹੀ ਕਾਰਨ ਹੈ ਕਿ ਉਹ ਲੋਕ ਗੀਤ, ਸੂਫੀ ਕਲਾਮ, ਗ਼ਜ਼ਲਾਂ ਅਤੇ ਬਾਲੀਵੁੱਡ ਗੀਤਾਂ ਨੂੰ ਆਪਣੀਆਂ ਪੇਸ਼ਕਾਰੀਆਂ ਵਿੱਚ ਖਾਸ ਥਾਂ ਦਿੰਦੇ ਹਨ।
ਉਹ ਹੁਣ ਤੱਕ ਸੰਗੀਤ ਉਦਯੋਗ ਦੇ ਬਹੁਤ ਸਾਰੇ ਨਾਮਵਰ ਗਾਇਕਾਂ ਜਿਵੇਂ ਕਿ, ਅਨੂਪ ਜਲੋਟਾ, ਪੰਕਜ ਉਦਾਸ, ਤਲਤ ਅਜ਼ੀਜ਼, ਸੋਨੂੰ ਨਿਗਮ, ਮੀਕਾ ਸਿੰਘ, ਕਪਿਲ ਸ਼ਰਮਾ, ਜਸਪਿੰਦਰ ਨਰੂਲਾ, ਰਿਚਾ ਸ਼ਰਮਾ ਆਦਿ ਨਾਲ਼ ਸਟੇਜ ਸਾਂਝੀ ਕਰ ਚੁੱਕੇ ਹਨ।
ਐਸ ਬੀ ਐਸ ਦੇ ਮੈਲਬੌਰਨ ਸਟੂਡੀਓ ਵਿੱਚ ਆਪਣੀ ਇੰਟਰਵਿਊ ਦੌਰਾਨ ਉਨ੍ਹਾਂ ਪੰਜਾਬੀ ਟੱਪੇ, ਲੋਕ ਗੀਤ 'ਛੱਲਾ ਮੁੜਕੇ ਨੀ ਆਇਆ' ਅਤੇ ਬਾਲੀਵੁੱਡ ਦੇ ਕਈ ਮਕਬੂਲ ਗੀਤ ਵੀ ਗਾਕੇ ਸੁਣਾਏ।
ਇੰਟਰਵਿਊ ਅਤੇ ਗੀਤ ਸੁਣਨ ਲਈ ਇਹ ਆਡੀਓ ਲਿੰਕ ਕਲਿਕ ਕਰੋ.....




