Key Points
- ਵਿਕਟੋਰੀਅਨ ਕਸਬੇ ਬੇਵਰਿਜ ਵਿੱਚ ਇੱਕ ਬੱਚਿਆਂ ਦੇ ਖੇਡ ਦੇ ਮੈਦਾਨ ਵਿੱਚ ਗ੍ਰੈਫਿਟੀ ਨਾਲ ਭਾਰਤੀ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
- ਵਸਨੀਕਾਂ ਦਾ ਕਹਿਣਾ ਹੈ ਕਿ ਆਪਸ 'ਚ ਸ਼ਾਂਤਮਈ ਢੰਗ ਨਾਲ ਰਹਿੰਦਾ ਆਂਢ-ਗੁਆਂਢ ਹੈਰਾਨ ਹੈ ਅਤੇ ਬੱਚੇ ਡਰੇ ਹੋਏ ਹਨ।
- ਕਿਸੇ ਵੀ ਜਾਣਕਾਰੀ ਨਾਲ ਵਿਕਟੋਰੀਆ ਪੁਲਿਸ ਜਾਂ ਕ੍ਰਾਈਮ ਸਟੌਪਰਜ਼ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਜਾਂਦੀ ਹੈ।
ਮੈਲਬੌਰਨ ਦੇ ਉੱਤਰ ਵੱਲ ਪੈਂਦੇ ਇੱਕ ਛੋਟੇ ਜਿਹੇ ਕਸਬੇ ਬੇਵਰਿਜ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਪਿਛਲੇ ਦਿਨੀਂ ਗੌਲਫ ਲਿੰਕਸ ਡਰਾਈਵ ਅਤੇ ਬਰਨੇਟ ਡ੍ਰਾਈਵ ਦੇ ਕੋਨੇ 'ਤੇ ਸਥਿਤ ਇੱਕ ਪਾਰਕ ਵਿੱਚ ਵੱਖ-ਵੱਖ ਥਾਵਾਂ 'ਤੇ ਨਸਲਵਾਦੀ ਗ੍ਰਾਫਿਟੀ ਦਾ ਛਿੜਕਾ ਕੀਤਾ ਗਿਆ ਜਿੱਥੇ ਉਨ੍ਹਾਂ ਦੇ ਬੱਚੇ ਆਮ ਤੌਰ 'ਤੇ ਖੇਡਦੇ ਹਨ।
ਛਿੜਕਾਅ ਕੀਤੀਆਂ ਗਈਆਂ ਚੀਜ਼ਾਂ ਵਿੱਚ ਬੱਚਿਆਂ ਦੇ ਝੂਲੇ, ਸਲਾਈਡਾਂ, ਇੱਕ ਬਿਜਲੀ ਬੋਰਡ, ਬਿਨ ਅਤੇ ਖੇਡ ਦੇ ਮੈਦਾਨ ਦੇ ਹੋਰ ਉਪਕਰਣ ਸ਼ਾਮਲ ਹਨ।
ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ, ਇਲਾਕਾ ਨਿਵਾਸੀ ਅਮਰਪ੍ਰੀਤ ਸਿੰਘ ਹੰਸਰਾ ਨੇ ਕਿਹਾ ਕਿ ਇਸ ਮਾਮਲੇ ਤੋਂ ਬਾਅਦ ਉਨ੍ਹਾਂ ਦੀ ਧੀ ਦਾ ਪਹਿਲਾ ਸਵਾਲ ਸੀ ਕਿ, "ਪਾਪਾ ਲੋਕ ਸਾਨੂੰ ਹੁਣ ਪਸੰਦ ਨਹੀਂ ਕਰਦੇ?"
ਅਮਰਪ੍ਰੀਤ ਨੇ ਦੱਸਿਆ ਕਿ ਉਨ੍ਹਾਂ ਦੀ ਇਸਟੇਟ 'ਮੈਂਡਲੇ' ਇੱਕ ਬਾਡੀ ਕਾਰਪੋਰੇਟ ਹੈ, ਅਤੇ ਪੂਰਾ ਭਾਈਚਾਰਾ ਇੱਥੇ ਇੱਕ ਪਰਿਵਾਰ ਵਾਂਗ ਰਹਿੰਦਾ ਹੈ ਤੇ ਜਦੋਂ ਬੱਚੇ ਅਜਿਹੇ ਸਵਾਲ ਕਰਨ ਲੱਗ ਜਾਣ ਤਾਂ ਮਨ ਦੁਖੀ ਹੁੰਦਾ ਹੈ।
ਅਮਰਪ੍ਰੀਤ ਨੇ ਅੱਗੇ ਦੱਸਿਆ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਇਲਾਕੇ ਦੇ ਹੋਰ ਹਿੱਸਿਆਂ ਵਿੱਚ ਵੀ ਅਜਿਹੀ ਹੀ ਗ੍ਰਾਫਿਟੀ ਪਾਈ ਗਈ ਸੀ।

Children's playground in Beveridge where the incident happened. Credit: Supplied by Mr Hansra.
ਮਿਚਲ ਸ਼ਾਇਰ ਕੌਂਸਲ ਦੇ ਸੀਈਓ, ਬ੍ਰੈਟ ਲਕਫੋਰਡ ਨੇ ਐਸਬੀਐਸ ਪੰਜਾਬੀ ਨੂੰ ਦੱਸਿਆ ਕਿ ਕੌਂਸਲ ਨੇ ਅਜਿਹੇ ਮਾਮਲਿਆਂ ਨੂੰ ਬਹੁਤ ਗੰਭੀਰਤਾ ਨਾਲ ਲਿਆ ਹੈ।
ਸ਼੍ਰੀ ਲਕਸਫੋਰਡ ਨੇ ਕਿਹਾ ਕਿ ਕੌਂਸਲ ਨੂੰ 28 ਮਾਰਚ ਨੂੰ ਬੇਵਰਿਜ ਵਿੱਚ ਗ੍ਰੈਫਿਟੀ ਬਾਰੇ ਸੂਚਿਤ ਕੀਤਾ ਗਿਆ ਸੀ ਅਤੇ ਇਸਨੂੰ ਨਾਲ ਦੀ ਨਾਲ ਹੀ ਹਟਾ ਦਿੱਤਾ ਗਿਆ ਸੀ।
"ਮੈਂ ਕਿਸੇ ਵੀ ਵਿਅਕਤੀ ਨੂੰ ਇਸ ਘਟਨਾ ਬਾਰੇ ਜਾਣਕਾਰੀ ਦੇਣ ਲਈ ਵਿਕਟੋਰੀਆ ਪੁਲਿਸ ਨਾਲ ਸੰਪਰਕ ਕਰਨ ਲਈ ਉਤਸ਼ਾਹਿਤ ਕਰਦਾ ਹਾਂ," ਸ਼੍ਰੀ ਲਕਫੋਰਡ ਨੇ ਕਿਹਾ।

Victoria Police Barrier Tape, Melbourne, Australia Credit: Nigel Killeen/Getty Images
ਵਿਕਟੋਰੀਆ ਪੁਲਿਸ ਨੇ ਐਸਬੀਐਸ ਪੰਜਾਬੀ ਨੂੰ ਦਿੱਤੇ ਇੱਕ ਬਿਆਨ ਵਿੱਚ ਕਿਹਾ, “ਅਸੀਂ ਕਿਸੇ ਵੀ ਰੂਪ ਵਿੱਚ ਨਸਲਵਾਦ ਦੀ ਰਿਪੋਰਟ ਨੂੰ ਗੰਭੀਰਤਾ ਨਾਲ ਲੈਂਦੇ ਹਾਂ, ਅਤੇ ਅਸੀਂ ਇਸ ਕਿਸਮ ਦੀ ਗਤੀਵਿਧੀ ਬਾਰੇ ਜਾਣਕਾਰੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਪੁਲਿਸ ਨੂੰ ਰਿਪੋਰਟ ਕਰਨ ਲਈ ਉਤਸ਼ਾਹਿਤ ਕਰਦੇ ਹਾਂ।”
ਇਸ ਕੇਸ ਬਾਰੇ ਜਾਣਕਾਰੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਵਿਕਟੋਰੀਆ ਪੁਲਿਸ ਨਾਲ 1800 333 000 'ਤੇ ਸੰਪਰਕ ਕਰਨ ਜਾਂ 5734 6200 'ਤੇ ਕਾਲ ਕਰਕੇ ਕੌਂਸਲ ਨੂੰ ਸੂਚਿਤ ਕਰਨ ਲਈ ਕਿਹਾ ਜਾਂਦਾ ਹੈ।
1800 333 000 'ਤੇ ਗੁਮਨਾਮ ਤੌਰ 'ਤੇ ਪੁਲਿਸ ਰਿਪੋਰਟ ਕੀਤੀ ਜਾ ਸਕਦੀ ਹੈ।
ਇੰਟਰਵਿਊ ਨੂੰ ਪੰਜਾਬੀ ਵਿੱਚ ਸੁਣਨ ਲਈ ਆਡੀਓ ਆਈਕਨ 'ਤੇ ਕਲਿੱਕ ਕਰੋ: