ਇਹ ਪੌੜਕਾਸਟ SBS Examines – Our Pacific ਲੜੀ ਦਾ ਹਿੱਸਾ ਹੈ, ਜਿਸ ਵਿੱਚ ਪ੍ਰਸ਼ਾਂਤ ਟਾਪੂ ਭਾਈਚਾਰਿਆਂ ਦੀਆਂ ਕਹਾਣੀਆਂ ਅਤੇ ਆਸਟ੍ਰੇਲੀਆ ਨਾਲ ਉਨ੍ਹਾਂ ਦੇ ਸਾਂਝੇ ਮੁੱਦਿਆਂ ਨੂੰ ਉਜਾਗਰ ਕੀਤਾ ਜਾਂਦਾ ਹੈ। ਇਸ ਕੜੀ ਵਿੱਚ ਅਸੀਂ ਜਾਣਦੇ ਹਾਂ ਕਿ COP31 ਤੋਂ ਪਹਿਲਾਂ ਪ੍ਰਸ਼ਾਂਤ ਖੇਤਰ ਦੇ ਤਿੰਨ ਵਿਸ਼ੇਸ਼ ਦੂਤ ਸਮੁੰਦਰਾਂ ਦੀ ਸੁਰੱਖਿਆ, ਸਮੁੰਦਰ ਪੱਧਰ ਵਿੱਚ ਵਾਧੇ, 1.5 ਡਿਗਰੀ ਸੈਲਸੀਅਸ ਦੇ ਟੀਚੇ ਅਤੇ ਜਲਵਾਯੂ ਵਿੱਤ ਵਰਗੇ ਮੁੱਖ ਮੁੱਦਿਆਂ ਨੂੰ ਵਿਸ਼ਵ ਮੰਚ ’ਤੇ ਕਿਵੇਂ ਉਠਾਉਣਗੇ।
ਹਰ ਸਾਲ ਸੰਯੁਕਤ ਰਾਸ਼ਟਰ ਦੇ United Nations Framework Convention on Climate Change (UNFCCC) ਦੇ ਮੈਂਬਰ ਦੇਸ਼ Conference of the Parties, ਜਿਸ ਨੂੰ COP ਵਜੋਂ ਜਾਣਿਆ ਜਾਂਦਾ ਹੈ, ਵਿੱਚ ਇਕੱਠੇ ਹੁੰਦੇ ਹਨ। ਇੱਥੇ ਜਲਵਾਯੂ ਤਬਦੀਲੀ ਨਾਲ ਨਜਿੱਠਣ ਲਈ ਵਿਸ਼ਵ ਪੱਧਰ ’ਤੇ ਕੀਤੀ ਜਾਣ ਵਾਲੀ ਕਾਰਵਾਈ ਬਾਰੇ ਗੱਲਬਾਤ ਅਤੇ ਸਮਝੌਤੇ ਕੀਤੇ ਜਾਂਦੇ ਹਨ।
ਇਸ ਪ੍ਰਕਿਰਿਆ ਤਹਿਤ ਕਈ ਅਹਿਮ ਕੌਮਾਂਤਰੀ ਸਮਝੌਤੇ ਹੋਏ ਹਨ। ਇਨ੍ਹਾਂ ਵਿੱਚ 2015 ਵਿੱਚ ਹੋਇਆ COP21 ਦਾ ਪੈਰਿਸ ਸਮਝੌਤਾ (Paris Agreement) ਵੀ ਸ਼ਾਮਲ ਹੈ। ਇਸ ਤਹਿਤ ਦੇਸ਼ਾਂ ਨੇ ਵਿਸ਼ਵ ਦੇ ਔਸਤ ਤਾਪਮਾਨ ਵਿੱਚ ਵਾਧੇ ਨੂੰ ਉਦਯੋਗਿਕ ਯੁੱਗ ਤੋਂ ਪਹਿਲਾਂ ਦੇ ਪੱਧਰ ਨਾਲੋਂ 2 ਡਿਗਰੀ ਸੈਲਸੀਅਸ ਤੋਂ ਕਾਫ਼ੀ ਹੇਠਾਂ ਰੱਖਣ ਅਤੇ ਇਸ ਵਾਧੇ ਨੂੰ 1.5 ਡਿਗਰੀ ਸੈਲਸੀਅਸ ਤੱਕ ਸੀਮਤ ਕਰਨ ਲਈ ਯਤਨ ਜਾਰੀ ਰੱਖਣ ਦਾ ਵਾਅਦਾ ਕੀਤਾ ਸੀ।
ਇਸ ਨਵੰਬਰ ਵਿੱਚ ਦੁਨੀਆ ਭਰ ਦੇ ਦੇਸ਼ ਤੁਰਕੀਏ (Türkiye) ਵਿੱਚ COP31 ਲਈ ਇਕੱਠੇ ਹੋਣਗੇ। COP31 Türkiye-Australia partnership ਤਹਿਤ ਆਸਟ੍ਰੇਲੀਆ ਗੱਲਬਾਤ ਦੀ ਪ੍ਰਧਾਨਗੀ ਕਰੇਗਾ।
ਪੈਸਿਫਿਕ ਟਾਪੂ ਦੇਸ਼ਾਂ ਲਈ ਇਹ ਗੱਲਬਾਤ ਸਿਰਫ਼ ਕੌਮਾਂਤਰੀ ਸਮਝੌਤਿਆਂ ਤੱਕ ਸੀਮਤ ਨਹੀਂ ਹੈ। ਜਲਵਾਯੂ ਤਬਦੀਲੀ ਦਾ ਅਸਰ ਇਸ ਖੇਤਰ ਦੇ ਭਾਈਚਾਰਿਆਂ ’ਤੇ ਪਹਿਲਾਂ ਹੀ ਪੈ ਰਿਹਾ ਹੈ। ਸਮੁੰਦਰੀ ਪੱਧਰ ਵਧਣ ਨਾਲ ਘਰਾਂ ਅਤੇ ਬੁਨਿਆਦੀ ਢਾਂਚੇ ਨੂੰ ਖ਼ਤਰਾ ਹੈ, ਜਦਕਿ ਭੋਜਨ ਅਤੇ ਪਾਣੀ ਦੀ ਸੁਰੱਖਿਆ ’ਤੇ ਵੀ ਦਬਾਅ ਵਧ ਰਿਹਾ ਹੈ।
ਖੇਤਰ ਦੀਆਂ ਤਰਜੀਹਾਂ ਨੂੰ COP31 ਤੱਕ ਪਹੁੰਚਾਉਣ ਲਈ ਤਿੰਨ Pacific Climate Envoys ਨਿਯੁਕਤ ਕੀਤੇ ਗਏ ਹਨ। ਉਨ੍ਹਾਂ ਦਾ ਧਿਆਨ 1.5 ਡਿਗਰੀ ਸੈਲਸੀਅਸ ਦੇ ਤਾਪਮਾਨ ਟੀਚੇ ਨੂੰ ਹਾਸਲ ਕਰਨ ਦੀ ਸੰਭਾਵਨਾ ਕਾਇਮ ਰੱਖਣ, ਜਲਵਾਯੂ ਵਿੱਤ ਤੱਕ ਪਹੁੰਚ ਸੁਧਾਰਨ ਅਤੇ ਵਿਸ਼ਵ ਪੱਧਰੀ ਜਲਵਾਯੂ ਕਾਰਵਾਈ ਦੇ ਕੇਂਦਰ ਵਿੱਚ ਸਮੁੰਦਰ ਨੂੰ ਰੱਖਣ ’ਤੇ ਹੋਵੇਗਾ।
ਸਾਡੇ ਕੋਲ ਰਾਜਨੀਤਿਕ ਇੱਛਾ ਸ਼ਕਤੀ ਦੀ ਘਾਟ ਹੈ।Kristina Eonemto Stege
COP31 ਵਿੱਚ ਮਾਰਸ਼ਲ ਆਈਲੈਂਡਜ਼ ਤੋਂ ਓਸ਼ੇਨੀਆ ਲਈ ਪੈਸਿਫਿਕ ਐਨਵੌਇ ਕ੍ਰਿਸਟੀਨਾ ਈਓਨੇਮਟੋ ਸਟੇਗ (Kristina Eonemto Stege) ਇਸ ਟੀਚੇ ਨੂੰ ਹਾਸਲ ਕਰਨ ਦੀਆਂ ਖੇਤਰੀ ਕੋਸ਼ਿਸ਼ਾਂ ਦੀ ਅਗਵਾਈ ਕਰੇਗੀ।
“ਇਸ ਟੀਚੇ ਨੂੰ ਹਾਸਲ ਕਰਨ ਦਾ ਇੱਕੋ-ਇੱਕ ਤਰੀਕਾ ਇਹ ਹੈ ਕਿ ਅਸੀਂ ਜੈਵਿਕ ਇੰਧਨਾਂ (fossil fuels) ’ਤੇ ਆਪਣੀ ਮੌਜੂਦਾ ਨਿਰਭਰਤਾ ਖ਼ਤਮ ਕਰੀਏ, ਜੋ ਮੌਜੂਦਾ ਸੰਕਟ ਦਾ ਕਾਰਨ ਬਣ ਰਹੀ ਹੈ।”1.5 ਡਿਗਰੀ ਸੈਲਸੀਅਸ ਦਾ ਟੀਚਾ ਹੁਣ ਵਧਦੇ ਦਬਾਅ ਹੇਠ ਹੈ। ਕੁਝ ਲੋਕਾਂ ਦਾ ਤਰਕ ਹੈ ਕਿ ਇਸ ਨੂੰ ਹਾਸਲ ਕਰਨਾ ਹਕੀਕਤ ਤੋਂ ਪਰੇ ਜਾਂ ਬਹੁਤ ਮੁਸ਼ਕਲ ਹੈ।
ਪਰ ਸ੍ਰੀਮਤੀ ਸਟੇਗ ਇਸ ਵਿਚਾਰ ਨੂੰ ਰੱਦ ਕਰਦੀ ਹੈ।
“ਵਿਗਿਆਨ ਸਾਨੂੰ ਦੱਸਦਾ ਹੈ ਕਿ ਇਸ ਟੀਚੇ ਤੱਕ ਪਹੁੰਚਣ ਦੇ ਰਸਤੇ ਮੌਜੂਦ ਹਨ। ਸਾਡੇ ਕੋਲ ਤਕਨਾਲੋਜੀ ਵੀ ਹੈ, ਸਰੋਤ ਵੀ ਹਨ। ਜਿਸ ਚੀਜ਼ ਦੀ ਸਾਨੂੰ ਘਾਟ ਹੈ, ਉਹ ਹੈ ਸਿਆਸੀ ਇੱਛਾ-ਸ਼ਕਤੀ।”ਸ੍ਰੀਮਤੀ ਸਟੇਗ ਲਈ ਜੇ ਤਾਪਮਾਨ 1.5 ਡਿਗਰੀ ਸੈਲਸੀਅਸ ਤੋਂ ਵੱਧ ਵੀ ਜਾਂਦਾ ਹੈ, ਤਾਂ ਇਸ ਦਾ ਇਹ ਮਤਲਬ ਨਹੀਂ ਕਿ ਦੁਨੀਆ ਨੂੰ ਇਹ ਟੀਚਾ ਛੱਡ ਦੇਣਾ ਚਾਹੀਦਾ ਹੈ।
“ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਤਾਪਮਾਨ ਵਿੱਚ ਇੱਕ ਡਿਗਰੀ ਦਾ ਹਰ ਛੋਟਾ ਜਿਹਾ ਹਿੱਸਾ ਵੀ ਮਹੱਤਵ ਰੱਖਦਾ ਹੈ। ਇਸ ਲਈ 1.5 ਡਿਗਰੀ ਦੀ ਹੱਦ ਪਾਰ ਹੋ ਜਾਣ ਦਾ ਇਹ ਮਤਲਬ ਨਹੀਂ ਕਿ ਸਾਨੂੰ ਇਹ ਟੀਚਾ ਛੱਡ ਦੇਣਾ ਚਾਹੀਦਾ ਹੈ, ਕਿਉਂਕਿ ਵਿਗਿਆਨ ਇਹ ਵੀ ਦੱਸਦਾ ਹੈ ਕਿ ਅਸੀਂ ਤਾਪਮਾਨ ਨੂੰ ਮੁੜ ਹੇਠਾਂ ਲਿਆ ਸਕਦੇ ਹਾਂ।”ਪਰ ਤਾਪਮਾਨ ਨੂੰ 1.5 ਡਿਗਰੀ ਸੈਲਸੀਅਸ ਦੇ ਅੰਦਰ ਰੱਖਣਾ COP31 ਵਿੱਚ ਪੈਸਿਫਿਕ ਦੀਆਂ ਤਰਜੀਹਾਂ ਵਿੱਚੋਂ ਸਿਰਫ਼ ਇੱਕ ਹੈ।
ਤਾਪਮਾਨ ਵਿੱਚ ਹਰ ਛੋਟਾ ਜਿਹਾ ਵਾਧਾ ਮਹੱਤਵ ਰੱਖਦਾ ਹੈ
ਪਾਪੂਆ ਨਿਊ ਗਿਨੀ ਦੇ ਰੂਏਲ ਯਾਮੂਨਾ (Ruel Yamuna) ਪੈਸਿਫਿਕ COP31 ਐਨਵੌਇ ਫਾਰ ਐਕਸੈੱਸ ਟੂ ਕਲਾਈਮੇਟ ਫਾਇਨੈਂਸ ਹਨ।
“ਆਖ਼ਰਕਾਰ ਮੇਰਾ ਕੰਮ ਇਹ ਯਕੀਨੀ ਬਣਾਉਣ ਵਿੱਚ ਮਦਦ ਕਰਨਾ ਹੈ ਕਿ ਜਲਵਾਯੂ ਵਿੱਤ ਪੈਸਿਫਿਕ ਖੇਤਰ ਲਈ ਬਿਹਤਰ ਢੰਗ ਨਾਲ ਕੰਮ ਕਰੇ।”ਸ੍ਰੀ ਯਾਮੂਨਾ ਦਾ ਕਹਿਣਾ ਹੈ ਕਿ ਧਿਆਨ ਸਿਰਫ਼ ਨਵੀਆਂ ਵਿੱਤੀ ਵਚਨਬੱਧਤਾਵਾਂ ਦੇ ਐਲਾਨ ਕਰਨ ’ਤੇ ਨਹੀਂ ਹੋਣਾ ਚਾਹੀਦਾ। ਇਸ ਦੀ ਬਜਾਏ ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਜਲਵਾਯੂ ਵਿੱਤ ਅਸਲ ਵਿੱਚ ਭਾਈਚਾਰਿਆਂ ਤੱਕ ਪਹੁੰਚੇ ਅਤੇ ਇਸ ਨੂੰ ਅਜਿਹੇ ਢੰਗ ਨਾਲ ਮੁਹੱਈਆ ਕਰਵਾਇਆ ਜਾਵੇ ਜੋ ਪੈਸਿਫਿਕ ਦੇਸ਼ਾਂ ਲਈ ਪ੍ਰਭਾਵਸ਼ਾਲੀ ਹੋਵੇ।
ਡਿਗਰੀ ਦਾ ਹਰ ਹਿੱਸਾ ਮਾਇਨੇ ਰੱਖਦਾ ਹੈ।Kristina Eonemto Stege
“ਇੱਕ ਹੋਰ ਚੁਣੌਤੀ ਇਹ ਯਕੀਨੀ ਬਣਾਉਣਾ ਹੈ ਕਿ ਜਲਵਾਯੂ ਤਬਦੀਲੀ ਦੇ ਪ੍ਰਭਾਵਾਂ ਨਾਲ ਅਨੁਕੂਲਨ (adaptation) ਨੂੰ ਵੀ ਉਤਨੀ ਹੀ ਤਵੱਜੋ ਮਿਲੇ ਜਿੰਨੀ ਪ੍ਰਭਾਵਾਂ ਨੂੰ ਘਟਾਉਣ (mitigation) ਨੂੰ ਮਿਲਦੀ ਹੈ। ਪੈਸਿਫਿਕ ਲਈ ਅਨੁਕੂਲਨ ਕੋਈ ਵਿਕਲਪ ਨਹੀਂ ਹੈ। ਇਹ ਸਾਡੀ ਹੋਂਦ ਲਈ ਲਾਜ਼ਮੀ ਹੈ।”ਸ੍ਰੀ ਯਾਮੂਨਾ ਪੈਸਿਫਿਕ ਦੀ ਅਗਵਾਈ ਵਾਲੇ ਜਲਵਾਯੂ ਹੱਲਾਂ ਅਤੇ ਪਹਿਲਕਦਮੀਆਂ ਲਈ ਵੀ ਵਧੇਰੇ ਸਹਾਇਤਾ ਚਾਹੁੰਦੇ ਹਨ।
“ਇਹ ਸਹਿਯੋਗੀ ਪਹੁੰਚ COP31 ਦੀ ਪੈਸਿਫਿਕ ਭਾਈਵਾਲੀ ਅਤੇ ਪੈਸਿਫਿਕ ਦੀ ਭੂਮਿਕਾ ਤੇ ਆਵਾਜ਼ ਲਈ ਤੈਅ ਕੀਤੀ ਗਈ ਸੋਚ ਦੇ ਕੇਂਦਰ ਵਿੱਚ ਹੈ।”
ਫਿਜੀ ਦੇ ਮਾਣਯੋਗ ਇਨੀਆ ਬੀ. ਸੇਰੂਇਰਾਤੂ (Inia B Seruiratu) Pacific Envoy for the Ocean ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਮੁੰਦਰ ਨਾਲ ਪੈਸਿਫਿਕ ਖੇਤਰ ਦਾ ਰਿਸ਼ਤਾ ਵਿਸ਼ਵ ਪੱਧਰ ’ਤੇ ਸਮੁੰਦਰੀ ਸਿਹਤ ਬਾਰੇ ਹੋਣ ਵਾਲੀ ਗੱਲਬਾਤ ਵਿੱਚ ਇਸ ਖੇਤਰ ਨੂੰ ਇੱਕ ਵਿਲੱਖਣ ਅਧਿਕਾਰ ਦਿੰਦਾ ਹੈ।
“ਪੈਸਿਫਿਕ ਵਿਸ਼ਵ ਪੱਧਰ ’ਤੇ ਸਮੁੰਦਰ ਦੀ ਅਗਵਾਈ ਕਰਦਾ ਹੈ, ਕਿਉਂਕਿ ਸਮੁੰਦਰ ਸਾਡੀ ਪਛਾਣ ਦਾ ਹਿੱਸਾ ਹੈ। ਜਲਵਾਯੂ ਹੱਲ ਦੀ ਗੱਲ ਕਰੀਏ ਤਾਂ ਸਮੁੰਦਰਾਂ ਤੋਂ ਬਿਨਾਂ ਕੋਈ ਵੀ ਸਫ਼ਲ ਜਲਵਾਯੂ ਹੱਲ ਸੰਭਵ ਨਹੀਂ।”ਸਮੁੰਦਰ ਅਤੇ ਸਮੁੰਦਰੀ ਵਾਤਾਵਰਣ ਪ੍ਰਣਾਲੀਆਂ ਜਲਵਾਯੂ ਨੂੰ ਨਿਯੰਤਰਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ, ਪਰ ਇਨ੍ਹਾਂ ’ਤੇ ਦਬਾਅ ਲਗਾਤਾਰ ਵਧ ਰਿਹਾ ਹੈ।
ਪੈਸਿਫਿਕ ਦੇਸ਼ਾਂ ਵਿੱਚ ਜਲਵਾਯੂ ਤਬਦੀਲੀ ਦੇ ਪ੍ਰਭਾਵ ਉਨ੍ਹਾਂ ਦੇ ਤੱਟੀ ਭਾਈਚਾਰਿਆਂ ਵਿੱਚ ਪਹਿਲਾਂ ਹੀ ਸਪਸ਼ਟ ਨਜ਼ਰ ਆ ਰਹੇ ਹਨ।
ਪ੍ਰਸ਼ਾਂਤ ਲਈ, ਅਨੁਕੂਲਤਾ ਵਿਕਲਪਿਕ ਨਹੀਂ ਹੈ। ਇਹ ਇੱਕ ਹੋਂਦ ਦੀ ਜ਼ਰੂਰਤ ਹੈ।Ruel Yamuna
“ਸਮੁੰਦਰੀ ਪੱਧਰ ਵਿੱਚ ਵਾਧਾ ਸਾਨੂੰ ਕਈ ਤਰੀਕਿਆਂ ਨਾਲ ਪ੍ਰਭਾਵਿਤ ਕਰ ਰਿਹਾ ਹੈ। ਇਹ ਸਾਡੇ ਭਾਈਚਾਰਿਆਂ, ਬੁਨਿਆਦੀ ਢਾਂਚੇ, ਪੀਣ ਵਾਲੇ ਪਾਣੀ ਦੀ ਸਪਲਾਈ ਅਤੇ ਭੋਜਨ ਸੁਰੱਖਿਆ ਲਈ ਖ਼ਤਰਾ ਹੈ। ਲੰਬੇ ਸਮੇਂ ਵਿੱਚ ਇਸ ਦਾ ਅਸਰ ਪੂਰੇ ਦੇਸ਼ਾਂ ਦੇ ਵਸਣਯੋਗ ਰਹਿਣ ਦੀ ਸਮਰੱਥਾ ’ਤੇ ਪਵੇਗਾ। ਫਿਜੀ ਵਿੱਚ ਅਸੀਂ ਤੱਟੀ ਭਾਈਚਾਰਿਆਂ ਨੂੰ ਹੋਰ ਥਾਵਾਂ ’ਤੇ ਵਸਾ ਰਹੇ ਹਾਂ ਅਤੇ ਇਸ ਦੀ ਇੱਕ ਕੀਮਤ ਚੁਕਾਉਣੀ ਪੈਂਦੀ ਹੈ।”ਇਨ੍ਹਾਂ ਪ੍ਰਭਾਵਾਂ ਕਾਰਨ ਲੋਕਾਂ ਦੇ ਉਜਾੜੇ ਅਤੇ ਪਰਵਾਸ ਨਾਲ ਜੁੜੇ ਸਵਾਲ ਵੀ ਖੜ੍ਹੇ ਹੁੰਦੇ ਹਨ।
Falepili Union Treaty ਤਹਿਤ ਤੁਵਾਲੂ ਦੇ ਚੁਣੇ ਹੋਏ ਲੋਕਾਂ ਨੂੰ ਆਸਟ੍ਰੇਲੀਆ ਵਿੱਚ ਰਹਿਣ ਲਈ ਇੱਕ ਰਾਹ ਮੁਹੱਈਆ ਕਰਵਾਇਆ ਗਿਆ ਹੈ। ਪਰ ਸ੍ਰੀ ਸੇਰੂਇਰਾਤੂ ਦਾ ਕਹਿਣਾ ਹੈ ਕਿ ਵੱਡਾ ਸਵਾਲ ਇਹ ਹੈ ਕਿ ਜਲਵਾਯੂ ਤਬਦੀਲੀ ਪੈਸਿਫਿਕ ਟਾਪੂ ਦੇਸ਼ਾਂ ਦੇ ਭਵਿੱਖ ਨੂੰ ਕਿਵੇਂ ਪ੍ਰਭਾਵਿਤ ਕਰ ਸਕਦੀ ਹੈ।
“ਅੰਦਰੂਨੀ ਉਜਾੜੇ ਅਤੇ ਜ਼ਬਰਦਸਤੀ ਪਰਵਾਸ ਦਾ ਮੁੱਦਾ ਬਹੁਤ ਮਹੱਤਵਪੂਰਨ ਹੈ। ਇਹ ਛੋਟੇ ਪੈਸਿਫਿਕ ਟਾਪੂ ਦੇਸ਼ਾਂ ਦੇ ਲੋਕਾਂ ਦੀ ਜ਼ਿੰਦਗੀ ਅਤੇ ਰੋਜ਼ੀ-ਰੋਟੀ ਦੇ ਨਾਲ-ਨਾਲ ਉਨ੍ਹਾਂ ਦੀ ਰਾਜ ਵਜੋਂ ਹੋਂਦ ਲਈ ਵੀ ਖ਼ਤਰਾ ਹੈ।”ਮੁੱਖ ਗੱਲਬਾਤ ਤੁਰਕੀਏ ਦੇ ਅੰਤਾਲਿਆ (Antalya) ਵਿੱਚ ਹੋਣ ਤੋਂ ਪਹਿਲਾਂ ਪੈਸਿਫਿਕ ਖੇਤਰ ਫਿਜੀ ਅਤੇ ਤੁਵਾਲੂ ਵਿੱਚ Pre-COP31 ਮੀਟਿੰਗਾਂ ਦੀ ਮੇਜ਼ਬਾਨੀ ਕਰੇਗਾ।
ਸਮੁੰਦਰ ਦੇ ਪੱਧਰ ਦਾ ਵਾਧਾ ਸਾਨੂੰ ਕਈ ਤਰੀਕਿਆਂ ਨਾਲ ਖ਼ਤਰਾ ਪੈਦਾ ਕਰ ਰਿਹਾ ਹੈ।Hon Inia B Seruiratu
ਤਿੰਨੇ ਐਨਵੌਇ ਇਸ ਮੰਚ ਦੀ ਵਰਤੋਂ ਹੋਰ ਮਜ਼ਬੂਤ ਜਲਵਾਯੂ ਕਾਰਵਾਈ, ਵਿੱਤੀ ਸਹਾਇਤਾ ਤੱਕ ਬਿਹਤਰ ਪਹੁੰਚ ਅਤੇ ਸਮੁੰਦਰ ਦੀ ਸੁਰੱਖਿਆ ਵਿੱਚ ਪੈਸਿਫਿਕ ਦੀ ਭੂਮਿਕਾ ਦੀ ਵਧੇਰੇ ਮਾਨਤਾ ਲਈ ਆਵਾਜ਼ ਉਠਾਉਣ ਵਾਸਤੇ ਕਰਨਗੇ।
ਪੈਸਿਫਿਕ ਲਈ COP31 ਸਿਰਫ਼ ਇੱਕ ਹੋਰ ਕੌਮਾਂਤਰੀ ਮੀਟਿੰਗ ਨਹੀਂ ਹੈ। ਇਹ ਖੇਤਰ ਪਹਿਲਾਂ ਹੀ ਬਦਲਦੇ ਜਲਵਾਯੂ ਦੇ ਨਤੀਜਿਆਂ ਨਾਲ ਜੀ ਰਿਹਾ ਹੈ। ਐਨਵੌਇ ਚਾਹੁੰਦੇ ਹਨ ਕਿ ਵਿਸ਼ਵ ਪੱਧਰੀ ਜਲਵਾਯੂ ਕਾਰਵਾਈ ਇਸ ਹਕੀਕਤ ਨੂੰ ਦਰਸਾਏ।
ਹੋਰ ਵੇਰਵੇ ਲਈ ਆਡੀਓ ਬਟਨ ਕਲਿਕ ਕਰੋ
ਐਸ ਬੀ ਐਸ ਪੰਜਾਬੀ ਦੁਨੀਆ ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।
ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।





