ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੇ ਆਂਕੜਿਆਂ ਅਨੁਸਾਰ ਆਮ ਹਾਲਾਤਾਂ ਵਿੱਚ ਪੰਦਰਾਂ ਸਾਲਾਂ ਤੋਂ ਉੱਪਰ ਦੀਆਂ ਦੱਸਾਂ ਵਿੱਚੋਂ ਤਿੰਨ ਔਰਤਾਂ ਨਾਲ ਸ਼ਰੀਰਕ ਜਾਂ ਜਿਣਸੀ ਸ਼ੋਸ਼ਣ ਹੁੰਦਾ ਹੈ।
ਪਰ ਕੋਵਿਡ-19 ਸੰਕਟ ਦੌਰਾਨ ਪੈਦਾ ਹੋਏ ਹਾਲਾਤਾਂ ਕਾਰਨ ਘਰੇਲੂ ਹਿੰਸਾ ਦੀਆਂ ਪੀੜਤਾਂ ਵਲੋਂ ਇਸ ਸਮੇਂ ਹੋਰ ਵੀ ਜਿਆਦਾ ਫੋਨ ਕਾਲਾਂ ਕੀਤੀਆਂ ਜਾ ਰਹੀਆਂ ਹਨ। ਮੈਲਬਰਨ ਦੀ ਸੰਸਥਾ ਇਨ-ਟੱਚ ਮਲਟੀਕਲਚਰਲ ਸੈਂਟਰ ਜੋ ਕਿ ਘਰੇਲੂ ਹਿੰਸਾ ਦੀ ਰੋਕਥਾਮ ਲਈ ਕਾਰਜਸ਼ੀਲ ਹੈ, ਦੀ ਮਿਖਲ ਮੋਰਿਸ ਦਾ ਕਹਿਣਾ ਹੈ ਕਿ ਉਹਨਾਂ ਦੀ ਸੰਸਥਾ ਦੇ ਵਕੀਲ ਅਤੇ ਹੋਰ ਮਾਹਰ ਇਸ ਸਮੇਂ ਦੌਰਾਨ ਔਰਤਾਂ ਨੂੰ ਮਦਦ ਪ੍ਰਦਾਨ ਕਰਨ ਲਈ ਪਹਿਲਾਂ ਨਾਲੋਂ ਬਹੁਤ ਜਿਆਦਾ ਵਿਅਸਤ ਰਹੇ ਹਨ।
ਇਨ-ਟੱਚ ਸੰਸਥਾ ਵਿੱਚ ਕੰਮ ਕਰਨ ਵਾਲੀ ਕੇਸ ਮੈਨੇਜਰ ਡਾ ਰੂਚਿਤਾ ਰੂਚਿਤਾ ਦਾ ਕਹਿਣਾ ਹੈ ਕਿ ਪ੍ਰਵਾਸੀ ਅਤੇ ਸ਼ਰਣਾਰਥੀ ਔਰਤਾਂ ਲਈ ਉਹਨਾਂ ਦੇ ਪਿਛੋਕੜ ਕਾਰਨ ਘਰੇਲੂ ਹਿੰਸਾ ਲਈ ਮਦਦ ਮੰਗਣਾ ਬਹੁਤ ਸ਼ਰਮ ਭਰਿਆ ਅਤੇ ਕਲੰਕ ਵਾਂਗ ਹੁੰਦਾ ਹੈ।
ਉਹ ਕਹਿੰਦੀ ਹੈ ਕਿ ਬਹੁਤ ਸਾਰੀਆਂ ਅਜਿਹੀਆਂ ਪੀੜਤ ਔਰਤਾਂ ਲਈ ਆਪਣੇ ਮੂਲ ਦੇਸ਼ ਵਾਪਸ ਜਾਣਾ ਇਸ ਲਈ ਵੀ ਮੁਸ਼ਕਲ ਹੋ ਜਾਂਦਾ ਹੈ ਕਿਉਂਕਿ ਉਹਨਾਂ ਕੋਲ ਲੌੜੀਂਦਾ ਪੈਸਾ ਨਹੀਂ ਹੁੰਦਾ, ਜਾਂ ਸਰਹੱਦਾਂ ਬੰਦ ਕੀਤੀਆਂ ਹੋਈਆਂ ਹਨ, ਅਤੇ ਕਈ ਵਾਰ ਤਾਂ ਉਹਨਾਂ ਨੂੰ ਸਮਾਜ ਵਲੋਂ ਦੁਰਕਾਰੇ ਜਾਣ ਦਾ ਡਰ ਵੀ ਅਜਿਹਾ ਕਰਨ ਤੋਂ ਰੋਕ ਦਿੰਦਾ ਹੈ।
ਡਾ ਰੂਚਿਤਾ ਨੇ ਦੱਸਿਆ ਕਿ ਇੱਕ ਅਜਿਹੇ ਕੇਸ ਵਿੱਚ ਪੀੜਤ ਔਰਤ ਨੂੰ ਆਪਣੇ ਦੁਰਵਿਵਹਾਰ ਕਰਨ ਵਾਲੇ ਪਤੀ ਕੋਲ ਇਸ ਲਈ ਵਾਪਸ ਜਾਣਾ ਪਿਆ ਸੀ ਕਿਉਂਕਿ ਉਸ ਕੋਲ ਜਰੂਰਤ ਜੋਗੇ ਵਿੱਤੀ ਸਾਧਨ ਨਹੀਂ ਸਨ ਜਿਹਨਨਾਂ ਨਾਲ ਉਹ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਸਕਦੀ।
ਇਨ-ਟੱਚ ਆਸਟ੍ਰੇਲੀਆ ਦੀ ਇਕੱਲੀ ਅਜਿਹੀ ਸੰਸਥਾ ਹੈ ਜਿਸ ਕੋਲ ਆਪਣੇ ਕਾਨੂੰਨੀ ਮਾਹਰ ਵੀ ਹਨ ਅਤੇ ਸਾਲ 2018-19 ਦੌਰਾਨ ਇਸ ਸੰਸਥਾ ਕੋਲੋਂ ਮਦਦ ਪ੍ਰਾਪਤ ਕਰਨ ਵਾਲਿਆਂ ਵਿੱਚ 40% ਆਰਜ਼ੀ ਵੀਜ਼ਾ ਧਾਰਕ ਹੀ ਸਨ। ਮੋਰਿਸ ਦਾ ਕਹਿਣਾ ਹੈ ਕਿ ਕੋਵਿਡ-19 ਕਾਰਨ ਲੱਗੀਆਂ ਬੰਦਸ਼ਾਂ ਕਾਰਨ ਕਈ ਪੀੜਤ ਇਸ ਕਰਕੇ ਮਦਦ ਨਹੀਂ ਪ੍ਰਾਪਤ ਕਰ ਪਾ ਰਹੇ ਕਿਉਂਕਿ ਉਹਨਾਂ ਦੀ ਅੰਗਰੇਜ਼ੀ ਜਿਆਦਾ ਵਧੀਆ ਨਹੀਂ ਹੈ ਅਤੇ ਉਹਨਾਂ ਨੂੰ ਇਹ ਵੀ ਪਤਾ ਨਹੀਂ ਚੱਲ ਰਿਹਾ ਹੈ ਕਿ ਲੋਕਡਾਊਨ ਸਮੇਂ ਉਹਨਾਂ ਨੂੰ ਉਚਿਤ ਮਦਦ ਕਿੱਥੋਂ ਪ੍ਰਾਪਤ ਹੋ ਸਕਦੀ ਹੈ।
ਮੋਰਿਸ ਨੇ ਦੱਸਿਆ ਕਿ ਵਿਕਟੋਰੀਆ ਵਿੱਚ ਘਰੇਲੂ ਹਿੰਸਾ ਲਈ ਕਾਇਮ ਕੀਤੇ ਰਾਇਲ ਕਮਿਸ਼ਨ ਤੋਂ ਬਾਅਦ ਘਰੇਲੂ ਹਿੰਸਾ ਦੀ ਹੱਦ ਵਿੱਚ ਵਿਸਥਾਰ ਕੀਤਾ ਗਿਆ ਹੈ। ਇਸ ਵਿੱਚ ਪੀੜਤ ਦੇ ਜੀਵਨ ਸਾਥੀ ਦੇ ਨਾਲ ਨਾਲ ਹੁਣ ਉਸ ਦੇ ਪਰਿਵਾਰ ਦੇ ਮੈਬਰਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਪ੍ਰਵਾਸ ਮਾਮਲਿਆਂ ਦੇ ਵਕੀਲ ਨਿਲੇਸ਼ ਨੰਦਨ ਕਹਿੰਦੇ ਹਨ ਕਿ ਕਿਸੇ ਪੀੜਤ ਵਿਅਕਤੀ ਜੋ ਕਿ ਆਰਜ਼ੀ ਵੀਜ਼ੇ ਤੇ ਹੈ ਅਤੇ ਉਸ ਨਾਲ ਦੁਰਵਿਵਹਾਰ ਹੋ ਰਿਹਾ ਹੈ, ਵਾਸਤੇ ਇਸ ਸਥਿਤੀ ਵਿੱਚੋਂ ਨਿਕਲਣ ਲਈ ਜੀਪੀ, ਸਾਈਕੋਲੋਜਿਸਟ ਜਾਂ ਪੁਲਿਸ ਦੀ ਰਿਪੋਰਟ ਸੋਸ਼ਲ ਵਰਕਰ ਨੂੰ ਦੇਣੀ ਹੁੰਦੀ ਹੈ।
ਕਰੋਨਾਵਾਇਰਸ ਦੌਰਾਨ ਘਰੇਲੂ ਹਿੰਸਾ ਅਤੇ ਜਿਣਸੀ ਸ਼ੋਸ਼ਣ ਦੇ ਪੀੜਤਾਂ ਲਈ ਫੈਡਰਲ ਸਰਕਾਰ ਨੇ 150 ਮਿਲੀਅਨ ਡਾਲਰਾਂ ਦੀ ਰਾਸ਼ੀ ਰਾਖਵੀਂ ਰੱਖੀ ਹੈ। ਮੋਰਿਸ ਅਨੁਸਾਰ ਬਹੁਤ ਸਾਰੀਆਂ ਅਜਿਹੀਆਂ ਔਰਤਾਂ ਜਿਹਨਾਂ ਕੋਲ ਆਰਜ਼ੀ ਵੀਜ਼ਾ ਕਾਰਨ ਕੰਮ ਕਰਨ ਦੇ ਹੱਕ ਸੀਮਤ ਹੁੰਦੇ ਹਨ, ਮੁੱਢਲੀਆਂ ਸਿਹਤ ਸੇਵਾਵਾਂ ਵੀ ਨਹੀਂ ਹਾਸਲ ਕਰ ਪਾਉਂਦੀਆਂ ਹਨ। ਇਨ-ਟੱਚ ਨੇ ਹੁਣ ਮੈਲਬਰਨ ਦੀ ਹੀ ਇੱਕ ਹੋਰ ਸੰਸਥਾ ‘ਸਿਬਲਿੰਗ ਬਾਇ ਕਿਨਫੋਲਕ’ ਨਾਲ ਜੁੜਦੇ ਹੋਏ ਪੀੜਤਾਂ ਲਈ ਖਾਣਾ ਪ੍ਰਦਾਨ ਕਰਨ ਦਾ ਉਪਰਾਲਾ ਵੀ ਸ਼ੁਰੂ ਕਰ ਲਿਆ ਹੈ।
ਟਰੇਸੀ (ਜਿਸ ਦਾ ਅਸਲ ਨਾਮ ਕੁੱਝ ਹੋਰ ਹੈ) ਆਪਣੇ ਮੂਲ ਦੇਸ਼ ਤੋਂ ਇੱਕ ਪਿੱਛਾ ਕਰਨ ਵਾਲੇ ਵਿਅਕਤੀ ਤੋਂ ਬੱਚ ਕੇ ਆਸਟ੍ਰੇਲੀਆ ਆਈ ਸੀ ਅਤੇ ਇੱਥੇ ਇਸ ਨੂੰ ਇੱਕ ਅਜਿਹੇ ਵਿਅਕਤੀ ਨਾਲ ਪਿਆਰ ਹੋ ਗਿਆ ਜੋ ਕਿ ਆਰਜ਼ੀ ਵੀਜ਼ੇ ਉੱਤੇ ਸੀ। ਟਰੇਸੀ ਨੂੰ ਇਸ ਵਿਅਕਤੀ ਉੱਤੇ ਨਿਰਭਰ ਹੋਣਾ ਪਿਆ। ਦੋ ਸਾਲ ਪਹਿਲਾਂ ਇਹਨਾਂ ਦਾ ਇਹ ਰਿਸ਼ਤਾ ਵੀ ਇਸ ਕਰਕੇ ਟੁੱਟ ਗਿਆ ਕਿਉਂਕਿ ਟਰੇਸੀ ਦਾ ਪਹਿਲਾ ਸਾਥੀ ਨਸ਼ਿਆਂ ਦੀ ਤਸਕਰੀ ਕਰਨ ਲੱਗ ਪਿਆ ਸੀ।
ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੀ ਰਿਪੋਰਟ ਅਨੁਸਾਰ ਪੰਦਰਾਂ ਸਾਲਾਂ ਤੋਂ ਜਿਆਦਾ ਉਮਰ ਦੀਆਂ ਚਾਰਾਂ ਵਿੱਚੋਂ ਇੱਕ ਔਰਤ ਨਾਲ ਉਸ ਦੇ ਸਾਥੀ ਵਲੋਂ ਮਾਨਸਿਕ ਦੁਰਵਿਵਹਾਰ ਕੀਤਾ ਜਾਂਦਾ ਹੈ। ਟਰੇਸੀ ਉੱਤੇ ਪਏ ਤਣਾਵਾਂ ਕਾਰਨ ਉਹ ਬੇਹੱਦ ਡਰ ਅਤੇ ਸਹਿਮ ਵਿੱਚ ਰਹਿੰਦੀ ਹੈ। ਇਸ ਸਮੇਂ ਉਹ ਨਾਰਦਰਨ ਟੈਰੀਟੋਰੀ ਵਿੱਚ ਅਪੰਗ ਅਤੇ ਕਮਜ਼ੋਰ ਬੱਚਿਆਂ ਲਈ ਕੰਮ ਕਰ ਰਹੀ ਹੈ। ਬੇਸ਼ਕ ਉਹ ਪਿਛਲੇ ਪੰਜ ਸਾਲਾਂ ਤੋਂ ਇਸ ਕੰਮ ਨਾਲ ਜੁੜੀ ਹੋਈ ਹੈ ਪਰ ਫੇਰ ਵੀ ਉਸ ਦਾ ਰੁਜ਼ਗਾਰਦਾਤਾ ਉਸ ਲਈ ਵਰਕ ਵੀਜ਼ੇ ਦਾ ਬੰਦੋਬਸਤ ਨਹੀਂ ਕਰ ਪਾਇਆ ਹੈ।
ਨੰਦਨ ਅਨੁਸਾਰ ਟਰੇਸੀ ਆਪਣੇ ਵਿਦੇਸ਼ੀ ਸਾਥੀ ਦੇ ਵੀਜ਼ੇ ਉੱਤੇ ਆਈ ਸੀ ਇਸ ਲਈ ਟਰੇਸੀ ਕੋਲ ਆਪਣੇ ਲਈ ਵੀਜ਼ਾ ਪ੍ਰਾਪਤ ਕਰਨ ਤੋਂ ਅਲਾਵਾ ਹੋਰ ਕੋਈ ਚਾਰਾ ਨਹੀਂ ਹੈ। ਨੰਦਨ ਕੋਲ ਅਜਿਹੇ ਕੇਸਾਂ ਦੀ ਇੱਕ ਲੰਬੀ ਲਿਸਟ ਹੈ।
ਸਾਲ 2015-16 ਦੌਰਾਨ ਘਰੇਲੂ ਹਿੰਸਾ ਤੋਂ ਪੀੜਤ 529 ਅਜਿਹੀਆਂ ਔਰਤਾਂ ਜੋ ਕਿ ਟੈਂਪਰੇਰੀ ਪਾਰਟਨਰ ਵੀਜ਼ਾ ਉੱਤੇ ਸਨ, ਵਲੋਂ ਸਥਾਈ ਵੀਜ਼ੇ ਲਈ ਅਰਜ਼ੀ ਪਾਈ ਗਈ ਸੀ ਅਤੇ ਉਹਨਾਂ ਵਿੱਚੋਂ 70% ਸਫਲ ਵੀ ਹੋ ਗਈਆਂ ਸਨ। ਪਰ ਨੰਦਨ ਅਨੁਸਾਰ ਇਹਨਾਂ ਅਰਜ਼ੀਆਂ ਨੂੰ ਪਹਿਲ ਦੇ ਅਧਾਰ ਤੇ ਨਿਬਟਾਉਣ ਲਈ ਕੋਈ ਵੀ ਵਿਵਸਥਾ ਨਹੀਂ ਹੈ।
ਆਰਜ਼ੀ ਵੀਜ਼ੇ ਵਾਲੀਆਂ ਔਰਤਾਂ ਨੂੰ ਵੀਜ਼ਾ ਤਬਦੀਲ ਕਰਵਾਉਣ ਸਮੇਂ ਕਈ ਮੁਸ਼ਕਲਾਂ ਆਉਂਦੀਆਂ ਹਨ।
ਨੰਦਨ ਅਨੁਸਾਰ ਕਈ ਔਰਤਾਂ ਨੂੰ ਮਾਨਸਿਕ ਦਬਾਵਾਂ ਕਾਰਨ ਵੀ ਸਫਲਤਾ ਨਹੀਂ ਮਿਲ ਪਾਉਂਦੀ।
ਮੋਰਿਸ ਦੀ ਸੰਸਥਾ ਇਨ-ਟੱਚ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਘਰੇਲੂ ਹਿੰਸਾ ਨਾਲ ਨਜਿੱਠਣ ਸਮੇਂ ਵੀਜ਼ਾ ਸਥਿਤੀਆਂ ਉੱਤੇ ਗੌਰ ਨਾ ਕੀਤਾ ਜਾਵੇ। ਉਹ ਸਾਰੇ ਪੀੜਤਾਂ ਨੂੰ ਮਦਦ ਪ੍ਰਾਪਤ ਕਰਨ ਲਈ ਅੱਗੇ ਆਉਣ ਦੀ ਸਲਾਹ ਦਿੰਦੀ ਹੈ।
ਜਿਆਦਾ ਜਾਣਕਾਰੀ ਅਤੇ ਮਦਦ ਲਈ ਹੇਠ ਲਿਖੇ ਨੰਬਰਾਂ ਉੱਤੇ ਫੋਨ ਕਰ ਸਕਦੇ ਹੋ।
ਇਨ-ਟੱਚ – 1800 755 988 ਜਾਂ ਇਨਟੱਚ.ਔਰਗ.ਏਯੂ
ਦੇਸ਼ ਵਿਆਪੀ ਫੋਨ ਸੇਵਾ – 1800 737 732
ਬਿਓਂਡਬਲੂ – 1800 512 348
ਲਾਈਫਲਾਈਨ – 13 11 14
ਔਰਤਾਂ ਦੀ ਸਿਹਤ ਲਈ ਉਹਨਾਂ ਦੀ ਆਪਣੀ ਭਾਸ਼ਾ ਵਿੱਚ ਸੇਵਾ ਲਈ – 1800 656 421
ਆਪਣੀ ਭਾਸ਼ਾ ਵਿੱਚ ਮਦਦ ਲੈਣ ਲਈ 13 14 50 ਤੇ ਦੁਭਾਸ਼ੀਏ ਦੀ ਸੇਵਾ ਲਈ ਫੋਨ ਕੀਤਾ ਜਾ ਸਕਦਾ ਹੈ।
ਤੁਰੰਤ ਮਦਦ ਲਈ 000 ਤੇ ਫੋਨ ਕਰੋ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ
ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਦੀਆਂ ਪਾਬੰਦੀਆਂ ਜਾਂਚੋ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ ਤੇ ਉਪਲੱਬਧ ਹੈ।
ਜੇ ਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨ ਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇ ਸੰਪਰਕ ਕਰੋ।
ਫੈਡਰਲ ਸਰਕਾਰ ਦੀ ਕਰੋਨਾਵਾਇਰਸ ਟਰੇਸਿੰਗ ਐਪ ‘ਕੋਵਿਡਸੇਫ’ ਤੁਹਾਡੇ ਫੋਨ ਦੇ ਐਪ ਸਟੋਰ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ।
ਐਸ ਬੀ ਐਸ ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।