ਦਿਲ ਦੀ ਬਿਮਾਰੀ, ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਅਤੇ ਦਮਾ ਕੁਝ ਅਜਿਹੀਆਂ ਤਕਲੀਫ਼ਾਂ ਨੇ ਜਿਨ੍ਹਾਂ ਦੇ ਮਰੀਜ਼ਾਂ ਨੂੰ ਕੋਰੋਨਾਵਾਇਰਸ ਸੰਕ੍ਰਮਣ ਹੋਣ ਦਾ ਜ਼ਿਆਦਾ ਖਤਰਾ ਰਹਿੰਦਾ ਹੈ। ਇਹ ਵਾਇਰਸ ਫੇਫੜਿਆਂ ਦੇ ਟਿਸ਼ੂ ਤੇ ਹਮਲਾ ਕਰਦਾ ਹੈ ਅਤੇ ਅੰਦਰੂਨੀ ਸੋਜ ਨੂੰ ਵਧਾਉਂਦਾ ਹੈ।
ਆਲਮੀ ਤੌਰ 'ਤੇ, ਕੋਰੋਨਾਵਾਇਰਸ ਦੇ 70 ਫੀਸਦ ਤੋਂ ਵੱਧ ਮਰੀਜ਼ਾਂ ਨੂੰ ਕੋਈ ਨਾ ਕੋਈ ਗੰਭੀਰ ਸਿਹਤ ਸਮੱਸਿਆ ਪਹਿਲੇ ਤੋਂ ਹੀ ਮੌਜੂਦ ਸੀ।
ਅਸੀਂ ਤੁਹਾਨੂੰ ਕੁਝ ਬਹੁਤ ਨਾਜ਼ੁਕ ਸਿਹਤ ਹਾਲਾਤ ਦਾ ਵੇਰਵਾ ਦੇਣਾ ਚਾਹੰਦੇ ਹਾਂ ਜਿਨ੍ਹਾਂ ਵਿੱਚ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਤਾਕ਼ਤ ਯਾਨੀ ਇਮਯੂਨਿਟੀ ਅਤੇ ਨਰਮ ਟਿਸ਼ੂ ਜਾਂ ਤੇ ਕਮਜ਼ੋਰ ਹੋ ਜਾਂਦੇ ਨੇ ਜਾਂ ਅਜਿਹੇ ਲੋਕ ਆਸਾਨੀ ਨਾਲ ਬਿਮਾਰੀ ਦੀ ਲਪੇਟ ਵਿਚ ਆ ਸਕਦੇ ਨੇ।
ਕੋਰੋਨਾਵਾਇਰਸ ਲਈ ਸੱਭ ਤੋਂ ਗੰਭੀਰ ਨਾਜ਼ੁਕ ਸਿਹਤ ਦੀਆਂ ਸਥਿਤੀਆਂ ਹਨ: ਫੇਫੜੇ ਦੇ ਗੰਭੀਰ ਰੋਗ, ਦਮਾ, ਦਿਲ ਦੀ ਬਿਮਾਰੀ, ਸ਼ੂਗਰ, ਜਿਗਰ ਅਤੇ ਗੁਰਦੇ ਦਿਆਂ ਤਕਲੀਫ਼ਾਂ, ਅਤੇ ਉਹ ਸਾਰੇ ਇਲਾਜ ਅਤੇ ਦਵਾਈਆਂ ਜੋ ਇਮਿਊਨ ਸਿਸਟਮ ਨੂੰ ਕਮਜ਼ੋਰ ਕਰਦੇ ਹਨ, ਜਿਵੇਂ ਕਿ ਕੈਂਸਰ ਜਾਂ ਟ੍ਰਾਂਸਪਲਾਂਟ ਦੇ ਬਾਅਦ ਦੇ ਇਲਾਜ |
ਦਮਾ
ਦਮਾ ਇੱਕ ਸਾਹ ਦੀ ਤਕਲੀਫ ਹੈ ਜੋ ਕਿ ਸਾਹ ਲੈਣ ਦੇ ਰਸਤਿਆਂ ਵਿੱਚ ਸੰਵੇਦਨਸ਼ੀਲਤਾ ਵੱਧਣ ਜਾਂ ਸੋਜ ਪੈਣ ਕਾਰਨ ਹੁੰਦੀ ਹੈ। ਇਸਦੇ ਲੱਛਣ ਖੰਘ, ਸਾਹ ਵਿੱਚ ਘਰਘਰਾਹਟ, ਛਾਤੀ ਦੀ ਜਕੜ ਅਤੇ ਸਾਹ ਲੈਣ ਵਿੱਚ ਦਿੱਕਤ ਵਰਗੇ ਹੁੰਦੇ ਹਨ।
ਮੌਜੂਦਾ ਅੰਦਾਜ਼ੇ ਮੁਤਾਬਿਕ ਲੱਗਭੱਗ ਆਸਟਰੇਲੀਆ ਦੇ 11 ਫੀਸਦ ਲੋਕਾਂ ਨੂੰ ਦਮਾ ਪ੍ਰਭਾਵਤ ਕਰਦਾ ਹੈ। ਆਦਿਵਾਸੀ ਆਸਟਰੇਲੀਆਈ ਸਮਾਜ ਵਿੱਚ ਦਮਾ ਹੋਣ ਦੇ ਇਮਕਾਨ ਬਾਕੀਆਂ ਨਾਲੋਂ ਵਧੇਰੇ ਹਨ। ਦਮੇ ਦਾ “ਅਟੈਕ” ਕਿਸੇ ਵੀ ਚੀਜ਼ ਨਾਲ ਸ਼ੁਰੂ ਹੋ ਸਕਦਾ ਹੈ ਜੋ ਸਾਹ ਦੇ ਰਸਤਿਆਂ ਨੂੰ ਤੰਗ ਕਰਦੀ ਹੋਵੇ।
ਜੋ ਲੋਕ ਦਮੇ ਨਾਲ ਪੀੜਤ ਹਨ ਉਹਨਾਂ ਨੂੰ ਵਧੇਰੇ ਸਾਵਧਾਨੀ ਵਰਤਣੀ ਚਾਹੀਦੀ ਹੈ ਕਿਉਂਕਿ ਕਰੋਨਾਵਾਇਰਸ ਵੀ ਸਾਹ ਲੈਣ ਦੇ ਰਸਤਿਆਂ ਤੇ ਹਮਲਾ ਕਰਦਾ ਹੈ।
ਫੇਫੜਿਆਂ ਦਿਆਂ ਹੋਰ ਤਕਲੀਫ਼ਾਂ
ਆਸਟਰੇਲੀਆ ਵਿੱਚ ਦਮੇ ਤੋਂ ਇਲਾਵਾ ਫੇਫੜਿਆਂ ਦਿਆਂ ਹੋਰ ਤਕਲੀਫ਼ਾਂ ਇਸ ਪ੍ਰਕਾਰ ਹਨ: ਬਰੋਂਕੀਏਕਟੈਸਿਸ, ਸਿਸਟਿਕ ਫਾਈਬ੍ਰੋਸਿਸ, ਐਮਫ਼ੀਸੇਮਾ, ਫੇਫੜਿਆਂ ਦਾ ਕੈਂਸਰ, ਪਲਿਊਰਲ ਐਫਯੂਜ਼ਨ, ਪਲਿਊਰਿਸੀ, ਰੈਪੀਰੇਟਰੀ ਸਿਲੀਕੋਸਿਸ ਅਤੇ ਟਿਯੂਬਰਕੁਲੋਸਿਸ।
ਦਿਲ ਦਾ ਰੋਗ
ਆਲਮੀ ਪੱਧਰ ਤੇ ਹੋਈ ਖੋਜ ਦਰਸਾਉਂਦੀ ਹੈ ਕਿ ਦਿਲ ਦੀ ਬਿਮਾਰੀ ਵਾਲੇ ਲੋਕਾਂ ਦਾ ਔਸਤ ਅਬਾਦੀ ਦੇ ਮੁਕਾਬਲੇ ਕੋਰੋਨਾਵਾਇਰਸ ਤੋਂ ਮਰਨ ਦਾ ਵਧੇਰੇ ਖਤਰਾ ਹੁੰਦਾ ਹੈ। ਇਸਦਾ ਕਾਰਨ ਇਹ ਨਹੀਂ ਕਿ ਉਨ੍ਹਾਂ ਨੂੰ ਇਹ ਸੰਕ੍ਰਮਣ ਹੋਣ ਦਾ ਖਤਰਾ ਜ਼ਿਆਦਾ ਹੁੰਦਾ ਹੈ, ਪਰ ਉਨ੍ਹਾਂ ਨੂੰ ਹੋਇਆ ਸੰਕ੍ਰਮਣ ਗੰਭੀਰ ਰੂਪ ਧਾਰ ਸਕਦਾ ਹੈ। ਕੋਰੋਨਾਵਾਇਰਸ ਕਾਰਨ ਦਿਲ ਦੀ ਮਾਸਪੇਸ਼ੀ ਵਿਚ ਖਤਰਨਾਕ ਸੋਜ ਪੈ ਸਕਦੀ ਹੈ ਜਿਸ ਨਾਲ ਦਿਲ ਦਾ ਦੌਰਾ ਵੀ ਪੈ ਸਕਦਾ ਹੈ।
ਇਸ ਲਈ ਇੱਕ ਸਿਹਤਮੰਦ ਜੀਵਨ ਸ਼ੈਲੀ ਬਹੁਤ ਜ਼ਰੂਰੀ ਹੈ ਜਿਸ ਵਿੱਚ ਕਸਰਤ ਕਰਨਾ, ਸੰਤੁਲਿਤ ਖੁਰਾਕ ਖਾਣਾ, ਪਾਣੀ ਪੀਂਦੇ ਰਹਿਣਾ ਤੇ ਲੋੜਵੰਦ ਨੀਂਦ ਲੈਣਾ ਸ਼ਾਮਿਲ ਨੇ। ਵਿਸ਼ਵ ਸਿਹਤ ਸੰਸਥਾਨ ਹਫਤੇ ਵਿਚ 150 ਮਿੰਟ ਲਈ ਦਰਮਿਆਨੀ ਜਾਂ 75 ਮਿੰਟ ਲਈ ਜ਼ੋਰਦਾਰ ਕਸਰਤ ਕਰਨ ਦੀ ਹਿਦਾਇਤ ਦੇਂਦਾ ਹੈ, ਜਿਸ ਨੂੰ ਘਰ ਰਹਿ ਕੇ ਵੀ ਕੀਤਾ ਜਾ ਸਕਦਾ ਹੈ।
ਡਾਇਬਟੀਜ਼ ਯਾਨੀ ਸ਼ੂਗਰ
ਸ਼ੂਗਰ ਦੇ ਮਰੀਜ਼ ਸਿਹਤ ਦਿਆਂ ਵਧੇਰੇ ਚੁਣੌਤੀਆਂ ਦਾ ਸਾਹਮਣਾ ਕਰ ਸਕਦੇ ਹਨ। ਡਾਇਬਟੀਜ਼ ਆਸਟਰੇਲੀਆ ਹਿਦਾਇਤ ਕਰਦਾ ਹੈ ਕਿ ਫਲੂ ਦਾ ਟੀਕਾ ਲਵਾਓ, ਬਿਮਾਰ ਹੋਣ ਦੀ ਸਥਿਤੀ ਵਿੱਚ ਪ੍ਰਬੰਧਨ ਯੋਜਨਾ ਬਣਾਓ ਅਤੇ ਖੂਨ ਵਿੱਚ ਗਲੂਕੋਜ਼ ਦੀ ਮਿਕਦਾਰ ਨੂੰ ਕਾਬੂ ਵਿਚ ਰੱਖੋ। ਸ਼ੂਗਰ ਦੇ ਮਰੀਜ਼ ਨੂੰ ਬਾਕੀ ਲੋਕਾਂ ਨਾਲੋਂ ਫਲੂ ਤੋਂ ਵਧੇਰੇ ਖਤਰਾ ਹੁੰਦਾ ਹੈ ਅਤੇ ਸਾਹ ਦਿਆਂ ਗੰਭੀਰ ਬਿਮਾਰੀਆਂ ਹੋਣ ਦੀ ਸੰਭਾਵਨਾ ਵੀ ਜ਼ਿਆਦਾ ਹੁੰਦੀ ਹੈ। ਡਾਇਬੀਟੀਜ਼ ਦੇ ਮਰੀਜ਼ ਵਾਇਰਸ ਅਤੇ ਫੇਫੜਿਆਂ ਵਿੱਚ ਸੰਭਾਵਿਤ ਬੈਕਟਰੀਆ ਦੇ ਸੰਕ੍ਰਮਣ ਪ੍ਰਤੀ ਕਮਜ਼ੋਰ ਇਮਯੂਨਿਟੀ ਦਰਸਾਉਂਦੇ ਨੇ। ਟਾਈਪ 2 ਡਾਇਬਟੀਜ਼ ਦੇ ਬਹੁਤ ਸਾਰੇ ਮਰੀਜ਼ ਮੋਟੇ ਹੁੰਦੇ ਹਨ ਅਤੇ ਮੋਟਾਪਾ ਵੀ ਗੰਭੀਰ ਸੰਕਰਮਣ ਦੇ ਖਤਰੇ ਦਾ ਕਾਰਨ ਬਣ ਸਕਦਾ ਹੈ।
ਜਿਗਰ ਦਿਆਂ ਬਿਮਾਰੀਆਂ
ਹੈਪੇਟਾਈਟਸ-ਬੀ ਜਾਂ ਸੀ, ਜਾਂ ਕਿਸੇ ਹੋਰ ਜਿਗਰ ਦੀ ਬਿਮਾਰੀ ਨਾਲ ਜੀ ਰਹੇ ਲੋਕਾਂ ਨੂੰ ਆਮ ਲੋਕਾਂ ਲਈ ਸੁਝਾਏ ਗਏ ਸਿਹਤ ਸੁਰੱਖਿਆ ਉਪਾਅ ਵਰਤਣੇ ਚਾਹੀਦੇ ਹਨ। ਚੌਕਸ ਰਹੋ ਅਤੇ ਕੋਰੋਨਾਵਾਇਰਸ ਤੋਂ ਆਪਣੇ ਆਪ ਨੂੰ ਬਚਾਉਣ ਲਈ ਸੁਝਾਏ ਗਏ ਉਪਾਵਾਂ ਦੀ ਪਾਲਣਾ ਕਰੋ। ਜਿਗਰ ਦੀ ਗੰਭੀਰ ਬਿਮਾਰੀ ਵਾਲੇ ਲੋਕਾਂ ਨੂੰ ਇਨਫਲੂਐਨਜ਼ਾ ਅਤੇ ਨਿਓਮੋਮੂਕੋਕਲ ਬਿਮਾਰੀ ਦੇ ਵਿਰੁੱਧ ਟੀਕੇ ਲਵਾਉਣ ਦੀ ਹਿਦਾਇਤ ਕੀਤੀ ਜਾਂਦੀ ਹੈ।
ਗੁਰਦੇ ਦਿਆਂ ਬਿਮਾਰੀਆਂ
ਗੁਰਦੇ ਦਿਆਂ ਬਿਮਾਰੀਆਂ ਵਾਲੇ ਲੋਕਾਂ ਨੂੰ ਮਾਲੂਮ ਹੋਣਾ ਚਾਹੀਦਾ ਹੈ ਕਿ ਫਲੂ ਦੀ ਤਰ੍ਹਾਂ, ਉਨ੍ਹਾਂ ਨੂੰ ਕੋਰੋਨਵਾਇਰਸ ਤੋਂ ਵਧੇਰੇ ਖ਼ਤਰਾ ਹੁੰਦਾ ਹੈ। ਜੇ ਮਰੀਜ਼ ਬਿਮਾਰ ਹੈ, ਜਾਂ ਡੀਹਾਈਡਰੇਟਡ ਯਾਨੀ ਸਰੀਰ ਵਿੱਚ ਪਾਣੀ ਦੀ ਕਮੀ ਆ ਗਈ ਹੈ, ਜਾਂ ਫੇਰ ਉਸਨੂੰ ਕੋਈ ਹੋਰ ਸੰਕ੍ਰਮਣ ਹੈ, ਤੇ ਕੋਰੋਨਾਵਾਇਰਸ ਗੁਰਦੇ ਦੇ ਕੰਮ-ਕਾਜ ਨੂੰ ਪ੍ਰਭਾਵਤ ਕਰ ਸਕਦਾ ਹੈ।
ਕੈਂਸਰ ਦਾ ਇਲਾਜ
ਇਸ ਬਿਮਾਰੀ ਦੇ ਮਰੀਜ਼ਾਂ ਦੀ ਇਮਯੂਨਿਟੀ ਕਮਜ਼ੋਰ ਹੁੰਦੀ ਹੈ ਅਤੇ ਉਨ੍ਹਾਂ ਨੂੰ ਇਲਾਜ ਦੇ ਦੌਰਾਨ ਅਤੇ ਬਾਅਦ ਵਿਚ, ਸੰਕ੍ਰਮਣ ਦੇ ਖਤਰੇ ਨੂੰ ਘਟਾਉਣ ਲਈ ਦਿੱਤੀ ਗਯੀ ਖ਼ਾਸ ਸਲਾਹ ਜਾਂ ਸਾਵਧਾਨੀਆਂ ਦੀ ਪਾਲਣਾ ਕਰਦੇ ਰਹਿਣਾ ਚਾਹੀਦਾ ਹੈ। ਜਿੰਨਾ ਸੰਭਵ ਹੋ ਸਕੇ ਘਰ ਰਹਿਣਾ ਅਤੇ ਗੈਰਜ਼ਰੂਰੀ ਯਾਤਰਾ ਅਤੇ ਜਨਤਕ ਆਵਾਜਾਈ ਤੋਂ ਬਚਣਾ ਬਹੁਤ ਮਹੱਤਵਪੂਰਨ ਹੈ। ਕੈਂਸਰ ਦੇ ਮਰੀਜ਼ਾਂ ਦੀ ਬਿਮਾਰੀ-ਪ੍ਰਤੀਰੋਧਕ ਪ੍ਰਣਾਲੀ ਅੰਗ ਟ੍ਰਾਂਸਪਲਾਂਟ ਦੇ ਇਲਾਜ ਅਧੀਨ ਮਰੀਜ਼ਾਂ ਵਰਗੀ ਹੀ ਹੁੰਦੀ ਹੈ।
ਇਸ ਜਾਣਕਾਰੀ ਨੂੰ ਪੰਜਾਬੀ ਵਿੱਚ ਸੁਣਨ ਲਈ ਪੇਜ ਦੇ ਉੱਪਰ ਤਸਵੀਰ ਵਿੱਚ ਬਣੇ ਪਲੇਅਰ ਤੇ ਕਲਿੱਕ ਕਰੋ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਰਾਜ ਜਾਂ ਪ੍ਰਦੇਸ਼ ਦੀ ਵੈਬਸਾਈਟ ਤੋਂ ਲੈ ਸਕਦੇ ਹੋ।
ਕਰੋਨਾਵਾਇਰਸ ਦੀ ਟੈਸਟਿੰਗ ਹੁਣ ਆਸਟ੍ਰੇਲੀਆ ਭਰ ਵਿੱਚ ਉਪਲਬਧ ਹੈ। ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।
ਫੈਡਰਲ ਸਰਕਾਰ ਵਲੋਂ ਕਰੋਨਾਵਾਇਰਸ ਪੀੜਤਾਂ ਦੀ ਨਿਸ਼ਾਨਦੇਹੀ ਕਰਨ ਵਾਸਤੇ ਜਾਰੀ ਕੀਤੀ ਕੋਵਿਡਸੇਫ ਨਾਮੀ ਐਪ ਨੂੰ ਤੁਸੀਂ ਆਪਣੇ ਫੋਨ ਦੇ ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ।
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ SBS.com.au/coronavirus ਉੱਤੇ ਉਪਲਬਧ ਹਨ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ