ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ ਦੁਆਰਾ ਵਿਆਜ ਦਰਾਂ ਵਿੱਚ ਰਿਕਾਰਡ ਕਟੌਤੀ ਤੋਂ ਬਾਅਦ ਬਹੁਤ ਸਾਰੇ 'ਹੋਮਲੋਨ ਪ੍ਰਦਾਤਾ' ਕੈਸ਼ਬੈਕ ਸਕੀਮਾਂ ਅਤੇ ਘੱਟ ਵਿਆਜ ਦਰਾਂ ਦੀ ਪੇਸ਼ਕਸ਼ ਕਰਦੇ ਹੋਏ ਗ੍ਰਾਹਕਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਮੌਰਗੇਜ ਬ੍ਰੋਕਰ ਸਰਤਾਜ ਸਿੰਘ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਇਸ ਮੌਕੇ ਦਾ ਲਾਭ ਲੈਣ ਦੀ ਕੋਸ਼ਿਸ਼ ਕਰਦੇ ਬਹੁਤ ਸਾਰੇ ਲੋਕ ਪਿਛਲੇ ਕੁਝ ਮਹੀਨਿਆਂ ਤੋਂ ਆਪਣੇ ਘਰਾਂ ਦੇ ਕਰਜ਼ੇ 'ਰੀਫਾਈਨੈਨਸ' ਕਰਵਾਉਣ ਦੀ ਹੋੜ ਵਿੱਚ ਹਨ।

ਉਨ੍ਹਾਂ ਕਿਹਾ ਕਿ ਕੋਵਿਡ-19 ਨੇ ਬਹੁਤ ਸਾਰੇ ਪਰਿਵਾਰਾਂ ਨੂੰ ਆਪਣੇ ਵਿੱਤੀ ਹਾਲਾਤਾਂ ਬਾਰੇ ਮੁੜ ਵਿਚਾਰ ਕਰਨ ਲਈ ਵੀ ਪ੍ਰੇਰਿਆ ਹੈ।
“ਲੋਕ ਹੁਣ ਕੋਵਿਡ-19 ਪਿੱਛੋਂ ਪ੍ਰਾਪਰਟੀ ਦੀਆਂ ਕੀਮਤਾਂ ਵਿੱਚ ਹੋਏ ਭਾਰੀ ਵਾਧੇ ਤੋਂ ਬਾਅਦ ਇਸਦਾ ਵਿੱਤੀ ਲਾਭ ਲੈਣ ਬਾਰੇ ਵੀ ਸੋਚ ਰਹੇ ਹਨ,” ਉਨ੍ਹਾਂ ਕਿਹਾ।
“ਦੁਬਾਰਾ ਕਰਜ਼ਾ ਲੈਣ ਵੇਲ਼ੇ ਲੋਕ ਆਪਣੇ ਘਰ ਦੀ ਇਕੁਇਟੀ ਤੋਂ ਵੀ ਲਾਭ ਲੈ ਸਕਦੇ ਹਨ ਜੋ ਆਮ ਤੌਰ 'ਤੇ ਤੁਹਾਡੇ ਘਰ ਦੀ ਮੌਜੂਦਾ ਮਾਰਕੀਟ ਕੀਮਤ ਅਤੇ ਤੁਹਾਡੇ ਬਾਕੀ ਬਚੇ ਕਰਜ਼ੇ ਵਿਚਕਾਰ ਅੰਤਰ ਹੁੰਦਾ ਹੈ। ਇਸ ਇਕੁਇਟੀ ਦੀ ਵਰਤੋਂ ਕਿਸੇ ਹੋਰ ਸੰਪਤੀ ਨੂੰ ਖਰੀਦਣ ਜਾਂ ਆਪਣੇ ਘਰ ਨੂੰ ਲੋੜ੍ਹਾਂ ਮੁਤਾਬਿਕ ਹੋਰ ਬੇਹਤਰ ਕਰਨ ਜਾਂ ਕਿਸੇ ਹੋਰ ਲਾਭ ਲਈ ਵੀ ਕੀਤੀ ਜਾ ਸਕਦੀ ਹੈ।”
ਪਰ ਉਨ੍ਹਾਂ ਸੁਝਾਅ ਦਿੱਤਾ ਕਿ ਲੋਕਾਂ ਨੂੰ ਇਸ ਪ੍ਰਤੀ ਸਾਵਧਾਨ ਰਵੱਈਆ ਅਪਣਾਉਣਾ ਚਾਹੀਦਾ ਹੈ।
"ਘਰਾਂ ਦੇ ਲੋਨ ਅਕਸਰ 25-30 ਦੀ ਇੱਕ ਲੰਮੀ ਮਿਆਦ ਦੀ ਵਿੱਤੀ ਪ੍ਰਤੀਬੱਧਤਾ ਹੈ। ਤੁਹਾਨੂੰ ਆਪਣੀ ਵਿੱਤੀ ਸਥਿਤੀ ਅਤੇ ਭਵਿੱਖ ਦੀਆਂ ਜ਼ਰੂਰਤਾਂ ਬਾਰੇ ਜਾਣਦੇ ਹੀ ਇਹ ਫੈਸਲਾ ਲੈਣਾ ਚਾਹੀਦਾ ਹੈ ਨਾਕਿ ਸਿਰਫ ਇਸ ਲਈ ਕਿ ਬਾਕੀ ਲੋਕ ਵੀ ਰੀਫਾਈਨੈਨਸ ਕਰਵਾ ਰਹੇ ਹਨ ਤੇ ਸਾਨੂੰ ਵੀ ਕਰਵਾ ਹੀ ਲੈਣਾ ਚਾਹੀਦਾ ਹੈ,” ਉਨ੍ਹਾਂ ਕਿਹਾ।
ਸਰਤਾਜ ਸਿੰਘ ਨਾਲ ਇਸ ਸਬੰਧੀ ਪੂਰੀ ਗੱਲਬਾਤ ਸੁਣਨ ਲਈ ਆਡੀਓ ਬਟਨ 'ਤੇ ਕਲਿਕ ਕਰੋ।
ਕਰੋਨਾਵਾਇਰਸ ਬਾਰੇ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ 63 ਭਾਸ਼ਾਵਾਂ ਵਿੱਚ sbs.com.au/coronavirus ਉੱਤੇ ਉਪਲੱਬਧ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ





