ਆਮ ਤੌਰ ਉੱਤੇ ਗਰਭਵਤੀ ਔਰਤਾਂ ਨੂੰ ਆਪਣੀ ਸਿਹਤ ਦਾ ਖਾਸ ਧਿਆਨ ਰੱਖਣ ਲਈ ਕਿਹਾ ਜਾਂਦਾ ਹੈ ਪਰ ਸੰਸਾਰ ਭਰ ਵਿੱਚ ਫੈਲੇ ਕਰੋਨਾਵਾਇਰਸ ਕਾਰਨ ਮਾਹਰ ਉਨ੍ਹਾਂ ਨੂੰ ਜਰੂਰਤ ਤੋਂ ਵੀ ਜਿਆਦਾ ਸਾਵਧਾਨੀਆਂ ਵਰਤਣ ਦੀ ਅਪੀਲ ਕਰ ਰਹੇ ਹਨ।
ਡਾਕਟਰਾਂ ਦੇ ਇੱਕ ਸਮੂਹ ਦੇ ਪ੍ਰਧਾਨ ਡਾ ਵਿਜੇ ਰੋਸ਼ ਕਹਿੰਦੇ ਹਨ ਕਿ ਕੋਵਿਡ-19 ਦੀ ਵੈਕਸੀਨ ਲਗਵਾਉਣ ਨਾਲ ਮਾਂ ਅਤੇ ਜਨਮ ਲੈਣ ਵਾਲੇ ਬੱਚੇ ਦੋਹਾਂ ਨੂੰ ਹੀ ਕੁਝ ਸਿਹਤ ਮਸਲਿਆਂ ਤੋਂ ਛੁੱਟਕਾਰਾ ਮਿਲ ਸਕਦਾ ਹੈ।
ਯੂਨਿਵਰਸਿਟੀ ਆਫ ਮੈਲਬਰਨ ਦੇ ਖੋਜਕਰਤਾ ਡਾ ਕਲੇਅਰ ਵਾਈਟਹੈੱਡ ਅਨੁਸਾਰ ਪਿਛਲੇ ਸਾਲ ਕਰੋਨਾਵਾਇਰਸ ਦੇ ਫੈਲਾਅ ਤੋਂ ਹੀ ਸਿਹਤ ਮਾਹਰਾਂ ਨੇ ਗਰਭਵਤੀ ਔਰਤਾਂ ਉੱਤੇ ਆਪਣਾ ਧਿਆਨ ਕੁੱਝ ਜਿਆਦਾ ਹੀ ਕੇਂਦਰਤ ਕਰ ਦਿੱਤਾ ਸੀ।
ਡਾ ਵਾਈਟਹੈੱਡ ਕਹਿੰਦੇ ਹਨ ਕਿ ਜਿਹੜੇ ਲੋਕ ਕਿਸੇ ਇੱਕ ਖਾਸ ਕਾਰਨ ਕਰਕੇ ਹਸਪਤਾਲਾਂ ਵਿੱਚ ਦਾਖਲ ਹੁੰਦੇ ਹਨ, ਉਹਨਾਂ ਵਿੱਚ ਕਈ ਹੋਰ ਮਸਲੇ ਵੀ ਪੈਦਾ ਹੋ ਜਾਂਦੇ ਹਨ।
ਤਿੰਨਾਂ ਵਿੱਚੋਂ ਇੱਕ ਔਰਤ ਨੂੰ ਹਸਪਤਾਲ ਵਿੱਚ ਦਾਖਲ ਹੋਣ ਤੋਂ ਬਾਅਦ ਸਾਹ ਲੈਣ ਲਈ ਆਕਸੀਜਨ ਦੀ ਜਰੂਰਤ ਪੈਂਦੀ ਹੈ ਅਤੇ ਸੱਤਾਂ ਵਿੱਚੋਂ ਇੱਕ ਔਰਤ ਨੂੰ ਤਾਂ 'ਇੰਟੈਨਸਿਵ ਕੇਅਰ ਯੂਨਿਟ' ਵਿੱਚ ਵੀ ਜਾਣਾ ਪੈਂਦਾ ਹੈ।
ਡਾ ਰੋਸ਼ ਇਸ ਗੱਲ 'ਤੇ ਵੀ ਹੈਰਾਨ ਹਨ ਕਿ ਪ੍ਰਵਾਸੀ ਔਰਤਾਂ ਵਿੱਚ ਸਿਹਤ ਵਾਲੇ ਖਤਰੇ ਜਿਆਦਾ ਕਿਉਂ ਹੁੰਦੇ ਹਨ?
ਉਹ ਨਾਲ ਹੀ ਸੁਝਾਅ ਵਜੋਂ ਕਹਿੰਦੇ ਹਨ ਕਿ ਗੱਲਬਾਤ ਅਤੇ ਜਾਣਕਾਰੀ ਫੈਲਾਉਣ ਵਾਲੇ ਤਰੀਕਿਆਂ ਨੂੰ ਸੁਧਾਰਨ ਨਾਲ ਹਾਲਾਤ ਪਹਿਲਾਂ ਨਾਲੋਂ ਚੰਗੇ ਹੋ ਸਕਦੇ ਹਨ।
ਮੋਨਾਸ਼ ਯੂਨਿਵਰਸਿਟੀ ਦੀ ਲਾਗਾਂ ਵਾਲੇ ਰੋਗਾਂ ਦੀ ਮਾਹਰ ਪ੍ਰੋ ਮਿਸ਼ਲ ਗਾਈਲਸ ਕਹਿੰਦੀ ਹੈ ਕਿ ਹਸਤਪਾਲਾਂ ਵਿੱਚ ਦਾਖਲ ਹੋਣ ਵਾਲੀਆਂ ਜਿਆਦਾਤਰ ਔਰਤਾਂ ਨੇ ਲਾਗ ਰੋਕੂ ਟੀਕੇ ਨਹੀਂ ਲਗਵਾਏ ਹੁੰਦੇ।

Doctor preparing a pregnant woman for vaccination. Pregnant woman getting a covid-19 vaccine. Source: Getty Images
ਫੈਡਰਲ ਸਿਹਤ ਵਿਭਾਗ ਦੀ ਵੈਬਸਾਈਟ ਅਨੁਸਾਰ ਗਰਭਵਤੀ ਔਰਤਾਂ ਨੂੰ ਜਿਆਦਾਤਰ 'ਐਮ ਆਰ ਐਨ ਏ' ਵਾਲੇ ਟੀਕੇ ਹੀ ਲਗਾਏ ਜਾਣੇ ਚਾਹੀਦੇ ਹਨ ਜਿਹਨਾਂ ਵਿੱਚ ਫਾਈਜ਼ਰ ਦਾ ਟੀਕਾ ਸਭ ਤੋਂ ਉੱਪਰ ਰਿਹਾ ਹੈ।
ਇਸ ਸਮੇਂ ਜਦੋਂ ਮੋਡੈਰਨਾ ਟੀਕਾ ਵੀ ਉਪਲਬੱਧ ਹੋ ਚੁੱਕਾ ਹੈ, ਪ੍ਰੋ ਗਾਈਲਜ਼ ਕਹਿੰਦੀ ਹੈ ਕਿ ਗਰਭਵਤੀ ਔਰਤਾਂ ਨੂੰ ਇਸ ਟੀਕੇ ਦੇ ਵੀ 'ਸਾਈਡ-ਇਫੈਕਟਸ' ਬਾਰੇ ਜਿਆਦਾ ਫਿਕਰਮੰਦ ਨਹੀਂ ਹੋਣਾ ਚਾਹੀਦਾ।
ਪ੍ਰੋ ਗਾਈਲਜ਼ ਨੇ ਸਪਸ਼ਟ ਕੀਤੀ ਕਿ 'ਐਮ ਆਰ ਐਨ ਏ' ਟੀਕੇ ਆਪਣੇ ਆਪ ਵਿੱਚ ਲਾਗ ਫੈਲਾਉਣ ਵਾਲੇ ਨਹੀਂ ਹੁੰਦੇ। ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਬੇਸ਼ਕ ਕੋਵਿਡ-19 ਦੀਆਂ ਦਵਾਈਆਂ ਅਜੇ ਨਵੀਆਂ ਹਨ ਪਰ ਇਹਨਾਂ ਦੀ ਕਾਰਜਸ਼ੈਲੀ ਬਾਰੇ ਮਾਹਰਾਂ ਨੂੰ ਕਾਫੀ ਹੱਦ ਤੱਕ ਗਿਆਨ ਹੋ ਚੁੱਕਾ ਹੈ।
ਉਹ ਇਹ ਵੀ ਸਾਫ ਤੌਰ 'ਤੇ ਦਸਣਾ ਚਾਹੁੰਦੇ ਹਨ ਕਿ ਮਾਂ ਦੇ ਗਰਭ ਵਿਚਲੇ ਬੱਚੇ ਵਿੱਚ ਸਿਰਫ ਮਾਂ ਦੇ ਸ਼ਰੀਰ ਤੋਂ ਹੀ 'ਐਂਟੀ-ਬੋਡੀਜ਼' ਤਬਦੀਲ ਹੁੰਦੀਆਂ ਹਨ।
ਵਿਦੇਸ਼ਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੋਵਿਡ-19 ਨਾਲ ਪੀੜਤ ਗਰਭਵਤੀ ਔਰਤਾਂ ਵਿੱਚ 'ਪ੍ਰੀ-ਮਿਚਿਓਰ ਡਲਿਵਰੀ ਅਤੇ ਸਟਿੱਲਬਰਥ' ਵਰਗੀਆਂ ਸਮੱਸਿਆਵਾਂ ਜਿਆਦਾ ਪਾਈਆਂ ਜਾਂਦੀਆਂ ਹਨ। ਜਣੇਪੇ ਸਮੇਂ ਵੀ ਬੱਚਿਆਂ ਵਿੱਚ ਜਿਆਦਾ ਪ੍ਰੇਸ਼ਾਨੀ ਪੈਦਾ ਹੋ ਜਾਂਦੀ ਹੈ ਜਾਂ ਉਹਨਾਂ ਨੂੰ ਜਨਮ ਤੋਂ ਬਾਅਦ 'ਇੰਟੈਨਸਿਵ ਕੇਅਰ' ਵਿੱਚ ਰੱਖਣਾ ਪੈਂਦਾ ਹੈ।

How does COVID-19 impact pregnant women? Source: Photo by freestocks on Unsplash
ਇੱਕ ਮਾਹਰ ਡਾ ਨਿਸ਼ਾ ਖੋਟ ਕਹਿੰਦੀ ਹੈ ਕਿ ਆਸਟ੍ਰੇਲੀਅਨ ਮਾਵਾਂ ਬਹੁਤ ਕਿਸਮਤ ਵਾਲੀਆਂ ਹਨ ਕਿਉਂਕਿ ਉਹਨਾਂ ਨੇ ਸੰਸਾਰ ਦੇ ਬਾਕੀ ਹਿੱਸਿਆਂ ਵਾਂਗ ਫੈਲੀ ਭਿਆਨਕ ਮਹਾਂਮਾਰੀ ਦਾ ਸਾਹਮਣਾ ਨਹੀਂ ਕੀਤਾ ਹੈ।
ਉਹ ਇਹ ਵੀ ਕਹਿੰਦੀ ਹੈ ਕਿ ਲੱਗਭੱਗ ਸਾਰੇ ਹੀ ਟੀਕਿਆਂ ਤੋਂ ਬਾਅਦ ਕੁੱਝ ਨਾ ਕੁੱਝ ਪ੍ਰੇਸ਼ਾਨੀਆਂ ਜਿਵੇਂ, ਬਾਂਹ ਵਿੱਚ ਦਰਦ, ਬੁਖਾਰ, ਸਿਰ ਦਰਦ, ਮਾਂਸਪੇਸ਼ੀਆਂ ਅਤੇ ਜੋੜਾਂ ਵਿੱਚ ਦਰਦ ਆਦਿ ਤਾਂ ਹੁੰਦੀਆਂ ਹੀ ਹਨ ਪਰ ਇਹ ਮਰਜ਼ਾਂ ਟੀਕੇ ਲਗਵਾਉਣ ਤੋਂ 48 ਘੰਟਿਆਂ ਬਾਅਦ ਠੀਕ ਵੀ ਹੋ ਜਾਂਦੀਆਂ ਹਨ।
ਇਹ ਵੀ ਗੌਰ ਕਰਨ ਵਾਲ਼ੀ ਗੱਲ ਹੈ ਕਿ ਸਿਰਫ ਗਰਭਵਤੀ ਔਰਤਾਂ ਨੂੰ ਹੀ ਟੀਕੇ ਲਗਵਾਉਣੇ ਜਰੂਰੀ ਨਹੀਂ ਹੁੰਦੇ ਬਲਿਕ ‘ਮਰਸੀ ਹਸਪਤਾਲ ਫੋਰ ਵਿਮੈਨ’ ਦੀ ਡਾ ਐਲੀਸਨ ਫੂੰਗ ਕਹਿੰਦੀ ਹੈ ਕਿ ਉਹਨਾਂ ਸਾਰੇ ਜੋੜਿਆਂ ਨੂੰ ਵੀ ਟੀਕੇ ਲਗਵਾਉਣੇ ਚਾਹੀਦੇ ਹਨ ਜੋ ਭਵਿੱਖ ਵਿੱਚ ਗਰਭਧਾਰਨ ਕਰਨ ਦੇ ਇਛੁੱਕ ਹਨ।
ਅਜਿਹਾ ਉਹਨਾਂ ਨਵੀਆਂ ਬਣੀਆਂ ਮਾਵਾਂ ਲਈ ਵੀ ਜ਼ਰੂਰੀ ਹੁੰਦਾ ਹੈ ਜੋ ਆਪਣੇ ਬਾਲਾਂ ਨੂੰ ਦੁੱਧ ਚੁੰਘਾ ਰਹੀਆਂ ਹਨ ਜਿਸ ਨਾਲ ਉਹਨਾਂ ਦੇ ਸ਼ਰੀਰ ਵਿੱਚੋਂ ਦੀ ਹੋਕੇ 'ਐਂਟੀਬੋਡੀਜ਼' ਨਵੇਂ ਘਰ ਆਏ ਮਹਿਮਾਨ ਤੱਕ ਵੀ ਪਹੁੰਚ ਜਾਂਦੀਆਂ ਹਨ।
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ SBS.com.au/coronavirus ਉੱਤੇ ਉਪਲਬਧ ਹੈ।