ਆਸਟ੍ਰੇਲੀਆ ਦੇ ਕਿਸੇ ਇੱਕ ਕਾਮੇਂ, ਜਿਸ ਦੀ ਸਲਾਨਾਂ ਤਨਖਾਹ ਔਸਤਨ 50,000 ਡਾਲਰ ਹੈ, ਨੂੰ ਇੱਕ ਕੰਪਨੀ ਦੇ ਮੁਖੀ ਨੂੰ ਮਿਲਣ ਵਾਲੀ ਸਲਾਨਾਂ ਤਨਖਾਹ ਦੀ ਬਰਾਬਰੀ ਕਰਨ ਵਾਸਤੇ, 669 ਸਾਲਾਂ ਦਾ ਸਮਾਂ ਲੱਗ ਸਕਦਾ ਹੈ।
ਡੋਮੀਨੋ ਪੀਜ਼ਾ ਗਰੁੱਪ ਦੇ ਮੁਖੀ ਹਨ ਡੋਨ ਮੇਅ ਅਤੇ ਇਹਨਾਂ ਨੂੰ ਮਿਲਦੀ ਹੈ ਆਸਟ੍ਰੇੁਲੀਆ ਦੀਆਂ ਕੰਪਨੀਆਂ ਦੇ ਸਾਰੇ ਮੁਖੀਆਂ ਵਿੱਚੋਂ ਸਭ ਤੋਂ ਵੱਧ ਤਨਖਾਹ।
ਇਹਨਾਂ ਨੇ ਪਿਛਲੇ ਸਾਲ 36.8 ਮਿਲੀਅਨ ਡਾਲਰ ਯਾਨਿ ਕਿ ਇੱਕ ਦਿੰਨ ਦੀ 142,000 ਡਾਲਰਾਂ ਦੀ ਤਨਖਾਹ ਮਿਲੀ ਸੀ।
ਇਹ ਜਾਹਰ ਕੀਤੇ ਜਾਣ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੇ ਵੀ ਤਿੱਖਾ ਪ੍ਰਤੀਕਰਮ ਦਿੱਤਾ ਹੈ।
ਆਸਟ੍ਰੇਲੀਅਨ ਕਾਂਉਂਸਲ ਆਫ ਸੁਪਰਐਨੂਏਸ਼ਨ ਫੰਡਸ ਨਾਮੀ ਸੰਸਥਾ ਨੂੰ ਕੰਪਨੀਆਂ ਦੇ ਮੁਖੀਆਂ ਵਲੋਂ ਸੁਪਰ ਫੰਡਸ ਵਿੱਚ ਨਿਵੇਸ਼ ਕੀਤੇ ਜਾਣ ਅਤੇ ਉਹਨਾਂ ਦੀਆਂ ਤਨਖਾਹਾਂ, ਭੱਤਿਆਂ ਉੱਤੇ ਵੀ ਨਜ਼ਰ ਰੱਖਣ ਲਈ ਸਥਾਪਤ ਕੀਤਾ ਗਿਆ ਸੀ।
ਇਸ ਸੰਸਥਾ ਦੀ ਮੁਖੀ ਲੂਈਜ਼ ਡੇਵਿਡਸਨ ਨੇ ਕਿਹਾ ਹੈ ਕਿ ਪਿਛਲੇ ਸਾਲ ਦੌਰਾਨ ਕੰਪਨੀਆਂ ਦੇ ਮੁਖੀਆਂ ਦੀਆਂ ਤਨਖਾਹਾਂ ਵਿੱਚ 12.4% ਦਾ ਵਾਧਾ ਕੀਤਾ ਗਿਆ ਸੀ ਜੋ ਕਿ ਪਿਛਲੇ 17 ਸਾਲਾਂ ਵਿੱਚ ਤਨਖਾਹਾਂ ਵਾਲੇ ਕਿਸੇ ਵੀ ਕੀਤੇ ਗਏ ਵਾਧੇ ਵਿੱਚੋਂ ਸਭ ਤੋਂ ਜਿਆਦਾ ਸੀ। ਇਸ ਦੇ ਨਾਲ ਹੀ ਇਹਨਾਂ ਮੁਖੀਆਂ ਨੂੰ ਮਿਲਣ ਵਾਲੇ ਭੱਤਿਆਂ ਵਿੱਚ ਵੀ 18% ਤੱਕ ਦਾ ਹੋਰ ਵਾਧਾ ਕੀਤਾ ਗਿਆ ਸੀ।
ਆਸਟ੍ਰੇਲੀਆ ਵਿੱਚ ਕਾਮਿਆਂ ਨੂੰ ਇਹ ਅਧਿਕਾਰ ਪ੍ਰਾਪਤ ਹੈ ਕਿ ਉਹ ਅਗਰ ਦੋ ਸਲਾਨਾਂ ਮੀਟਿੰਗਾਂ ਦੌਰਾਨ, 25% ਵੋਟਾਂ ਕਿਸੇ ਨਿਯਮ ਦੇ ਵਿਰੋਧ ਵਿੱਚ ਦਰਜ ਕਰਦੇ ਹਨ ਤਾਂ, ਉਹ ਉਸ ਕੰਪਨੀ ਨੂੰ ਭਾਰੀ ਫੇਰ ਬਦਲਾਅ ਕਰਨ ਉੱਤੇ ਮਜਬੂਰ ਕਰ ਸਕਦੇ ਹਨ।
ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੇ ਵੀ ਸਹਿਮਤੀ ਦਰਜ ਕਰਦੇ ਹੋਏ ਕਿਹਾ ਹੈ ਕਿ ਕੰਪਨੀਆਂ ਦੇ ਮੁਖੀਆਂ ਦੀਆਂ ਤਨਖਾਹਾਂ ਉੱਤੇ ਹੱਦਬੰਦੀ ਕਰਨ ਵਾਸਤੇ ਕੰਪਨੀ ਦੇ ਕਾਮਿਆਂ ਨੂੰ ਆਪਣੇ ਇਹ ਵਾਲੇ ਅਧਿਕਾਰ ਵਰਤਣ ਲਈ ਮੂਹਰੇ ਆਉਣਾ ਚਾਹੀਦਾ ਹੈ।
ਇੱਕ ਹੋਰ ਤਾਜ਼ਾ ਸਰਵੇਖਣ ਵਿੱਚ ਪਤਾ ਚੱਲਿਆ ਹੈ ਕਿ ਦੇਸ਼ ਦੀਆਂ ਵੱਡੀਆਂ ਕੰਪਨੀਆਂ ਦੇ ਮੁਖੀਆਂ ਵਿੱਚ ਬਹੁਤਾਤ ਮਰਦਾਂ ਦੀ ਹੀ ਹੈ, ਯਾਨਿ ਕਿ 200 ਵੱਡੀਆਂ ਕੰਪਨੀਆਂ ਦੇ ਮੁਖੀਆਂ ਵਿੱਚੋਂ ਸਿਰਫ 9 ਹੀ ਔਰਤਾਂ ਹਨ।