ਇਹ ਦਬਾਅ ਉਦੋਂ ਬਣਾਇਆ ਜਾ ਰਿਹਾ ਹੈ ਜਦੋਂ ਵਿਕਟੋਰੀਆ ਦੀ ਸਰਕਾਰ ਉਹਨਾਂ ਭਾਈਚਾਰਿਆਂ ਤੱਕ ਸਿਹਤ ਅਤੇ ਸੁਰੱਖਿਆ ਦੇ ਸੰਦੇਸ਼ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਜਿਹਨਾਂ ਵਿੱਚ ਇਸ ਵਾਇਰਸ ਦਾ ਸੰਚਾਰ ਸਭ ਤੋਂ ਜਿਆਦਾ ਫੈਲਦਾ ਹੋਇਆ ਦਿੱਸ ਰਿਹਾ ਹੈ।
ਫੈਡਰਲ ਸਿਹਤ ਮੰਤਰੀ ਗ੍ਰੇਗ ਹੰਟ ਨੇ ਐਸ ਬੀ ਐਸ ਨੂੰ ਦੱਸਿਆ ਹੈ ਕਿ ਉਹ, ਜਨਤਕ ਸਿਹਤ ਵਾਲੀ ਮੁਹਿੰਮ ਨੂੰ ਬਹੁ-ਸਭਿਆਚਾਰਕ ਆਸਟ੍ਰੇਲੀਅਨ ਲੋਕਾਂ ਤੱਕ ਪਹੁੰਚਾਉਣ ਦੇ ਚਾਹਵਾਨ ਹਨ।ਵਿਕਟੋਰੀਆ ਇਸ ਸਮੇਂ, ਇਸ ਮਹਾਂਮਾਰੀ ਨੂੰ ਭਾਈਚਾਰਕ ਸਮੂਹਾਂ ਵਿੱਚ ਫੈਲਣ ਤੋਂ ਰੋਕਣ ਲਈ ਹਰ ਹੀਲਾ ਵਰਤ ਰਿਹਾ ਹੈ।
ਸ਼੍ਰੀ ਹੰਟ ਨੇ ਇਹ ਵੀ ਕਿਹਾ ਹੈ ਕਿ ਸਮੂਹਾਂ ਵਿੱਚ ਹੋਣ ਵਾਲਾ ਇਹ ਤਾਜ਼ਾ ਵਾਧਾ ਕਰੋਨਾਵਾਇਰਸ ਦੀ ਦੂਜੀ ਲਹਿਰ ਨਹੀਂ ਹੈ, ਪਰ ਜੇ ਕਰ ਇਹ ਹੱਥੋਂ ਬਾਹਰ ਹੋ ਗਿਆ ਤਾਂ ਅਜਿਹਾ ਹੋ ਜਾਣ ਦੀ ਸੰਭਾਵਨਾ ਵੀ ਹੈ। ਵਿਕਟੋਰੀਆ ਵਿੱਚ 19 ਦੇ ਕਰੀਬ ਅਜਿਹੇ ਇਲਾਕੇ ਹਨ ਜਿਹਨਾਂ ਵਿੱਚ ਕਰੋਵਾਇਰਸ ਤੇਜ਼ੀ ਨਾਲ ਫੈਲਦਾ ਨਜ਼ਰ ਆ ਰਿਹਾ ਹੈ। ਰਾਜ ਸਰਕਾਰ ਨੂੰ ਡਰ ਹੈ ਕਿ ਸਿਹਤ ਅਤੇ ਸੁਰੱਖਿਆ ਦੇ ਸੁਨੇਹੇ ਸਾਰੇ ਲੋਕਾਂ ਤੱਕ ਨਹੀਂ ਪਹੁੰਚ ਰਹੇ। ਇਸ ਲਈ ਅਧਿਕਾਰੀ ਨਿਜੀ ਤੌਰ ਤੇ ਵੀ ਪੂਰਾ ਜੋਰ ਲਗਾ ਰਹੇ ਹਨ।
ਪ੍ਰੀਮੀਅਰ ਡੇਨੀਅਲ ਐਂਡਰਿਊਜ਼ ਦਾ ਕਹਿਣਾ ਹੈ ਕਿ ਰਾਜ ਦੀਆਂ ਟੀਮਾਂ ਕਿਸੇ ਵੀ ਭਾਸ਼ਾ ਦੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਸਖਤ ਮਿਹਨਤ ਕਰ ਰਹੀਆਂ ਹਨ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਜਨਤਾ ਇਸ ਦੇ ਖਤਰਿਆਂ ਤੋਂ ਸਹੀ ਤਰੀਕੇ ਨਾਲ ਜਾਗਰੂਕ ਹੋ ਸਕੇ।
ਮੈਲਬਰਨ ਵਿੱਚ ਛੇ ਇਲਾਕੇ ਅਜਿਹੇ ਹਨ ਜੋ ਯਾਤਰਾ ਚਿਤਾਵਨੀਆਂ ਦੇ ਅਧੀਨ ਹਨ। ਇਹਨਾਂ ਇਲਾਕਿਆਂ ਵਿੱਚ ਵਿਭਿੰਨਤਾ ਦਾ ਪੱਧਰ ਰਾਜ ਦੇ ਬਾਕੀ ਇਲਾਕਿਆਂ ਤੋਂ ਔਸਤਨ ਜਿਆਦਾ ਹੈ। ਬਹੁਤੇ ਘਰ ਅਜਿਹੇ ਹਨ ਜਿੱਥੇ ਅੰਗਰੇਜੀ ਤੋਂ ਅਲਾਵਾ ਕੋਈ ਹੋਰ ਭਾਸ਼ਾ ਬੋਲੀ ਜਾਂਦੀ ਹੈ। ਇਹਨਾਂ ਦੇ ਨਾਮ ਡਾਰਾਹਬਨ, ਮੌਰਲੈਂਡ, ਬਰਿਮਬੈਂਕ, ਹਿਊਮ, ਕਾਰਡੀਨਾ, ਅਤੇ ਕੈਸੀ ਹਨ।
ਬਹੁ-ਸਭਿਆਚਾਰਕ ਸਮੂਹਾਂ ਨੇ ਇਹਨਾਂ ਭਾਈਚਾਰਿਆਂ ਨੂੰ ਜਾਗਰੂਕ ਕਰਨ ਵਾਲੇ ਯਤਨਾਂ ਦਾ ਸਵਾਗਤ ਕੀਤਾ ਹੈ। ਪਰ ਐਥਨਿੱਕ ਕਮਿਊਨਿਟੀਜ਼ ਕਾਂਊਂਸਲ ਦੇ ਐਡੀ ਮਿਕਾਲੇਫ ਦਾ ਕਹਿਣਾ ਹੈ ਕਿ ਭਾਸ਼ਾ ਦੀ ਰੁਕਾਵਟ ਕਾਰਨ ਬਹੁਤ ਸਾਰੇ ਭਾਈਚਾਰੇ ਕੋਵਿਡ-19 ਦੀ ਜਾਣਕਾਰੀ ਤੋਂ ਅਜੇ ਵੀ ਵਾਂਝਿਆਂ ਰਹਿ ਰਹੇ ਹਨ ਅਤੇ ਸਰਕਾਰੀ ਮਦਦ ਲੈਣ ਲਈ ਕਿੱਥੇ ਜਾਣਾ ਚਾਹੀਦਾ ਹੈ, ਵੀ ਇਸ ਵਿੱਚ ਸ਼ਾਮਲ ਹੈ।
ਨਾਲ ਹੀ ਵਿਕਟੋਰੀਆ ਦੀ ਡਿੱਪਟੀ ਹੈਲਥ ਅਫਸਰ ਐਨਾਲੀਜ਼ ਵਾਨ ਡਾਈਮਨ ਦਾ ਕਹਿਣਾ ਹੈ ਕਿ ਭਾਈਚਾਰਿਆਂ ਨੂੰ ਇਸ ਤਰਾਂ ਨਾਲ ਨਿਸ਼ਾਨੇ ਤੇ ਲਿਆਉਣ ਨਾਲ ਨਸਲਵਾਦ ਵਿੱਚ ਵੀ ਵਾਧਾ ਹੋ ਸਕਦਾ ਹੈ।
ਵਿਕਟੋਰੀਆ ਦੀ ਸਿਹਤ ਮੰਤਰੀ ਜੈਨੀ ਮਿਕਕੋਸ ਨੇ ਕਿਹਾ ਹੈ ਕਿ ਰਾਜ ਵਿੱਚ ਕਰੋਨਾਵਾਇਰਸ ਦੇ ਟੈਸਟਾਂ ਨੂੰ ਹੋਰ ਵੀ ਜਿਆਦਾ ਵਧਾ ਦਿੱਤਾ ਗਿਆ ਹੈ ਜਿਹਨਾਂ ਵਿੱਚ ਸਰਗਰਮੀ ਵਾਲੇ ਇਲਾਕੇ ਵੀ ਖਾਸ ਤੌਰ ਤੇ ਸ਼ਾਮਲ ਕੀਤੇ ਗਏ ਹਨ। ਇਸ ਦੇ ਨਾਲ ਹੀ ਬਹੁ-ਸਭਿਅਕ ਭਾਈਚਾਰਿਆਂ ਨੂੰ ਵੀ ਵਧੇਰੇ ਜਾਗਰੂਕ ਕਰਨ ਦੇ ਯਤਮ ਅਰੰਭੇ ਹੋਏ ਹਨ।
ਇਹਨਾਂ ਸਾਰੇ ਕਾਰਜਾਂ ਦੇ ਨਾਲ ਹੀ ਭਾਈਚਾਰਕ ਸਮੂਹਾਂ ਤੱਕ ‘ਡੋਰ ਟੂ ਡੋਰ’ ਸੰਪਰਕਾਂ ਨੂੰ ਸੋਮਵਾਰ 22 ਜੂਨ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ। ਆਸਟ੍ਰੇਲੀਅਨ ਵਿਅਤਨਾਮੀਜ਼ ਵਿਮੈੱਨਸ ਐਸੋਸ਼ੀਏਸ਼ਨ ਦੀ ਕੈਮ ਨਿਯੂਅਨ ਨੇ ਕਿਹਾ ਹੈ ਕਿ ਸਭਿਆਚਰਕ ਭਾਸ਼ਾਵਾਂ ਵਿੱਚ ਦਿੱਤੀ ਜਾਣ ਵਾਲੀ ਜਾਣਕਾਰੀ ਦਾ ਬਹੁ-ਸਭਿਅਕ ਭਾਈਚਾਰਿਆਂ ਨੂੰ ਭਰਪੂਰ ਲਾਭ ਹੋਵੇਗਾ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਦੀਆਂ ਪਾਬੰਦੀਆਂ ਜਾਂਚੋ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ ਤੇ ਉਪਲੱਬਧ ਹੈ। ਜੇ ਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨ ਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇ ਸੰਪਰਕ ਕਰੋ।
ਫੈਡਰਲ ਸਰਕਾਰ ਦੀ ਕਰੋਨਾਵਾਇਰਸ ਟਰੇਸਿੰਗ ਐਪ ‘ਕੋਵਿਡਸੇਫ’ ਤੁਹਾਡੇ ਫੋਨ ਦੇ ਐਪ ਸਟੋਰ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ।
ਐਸ ਬੀ ਐਸ ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।