21 ਮਈ ਨੂੰ ਹੋਈਆਂ ਫੈਡਰਲ ਚੋਣਾਂ ਦੌਰਾਨ ਵੋਟਾਂ ਦੀ ਗਿਣਤੀ ਉਸੇ ਦਿਨ ਅੱਧੀ ਰਾਤ ਤੱਕ ਲਗਾਤਾਰ ਜਾਰੀ ਰਹੀ ਸੀ। ਭਾਵੇਂ ਕਈ ਸੀਟਾਂ 'ਤੇ ਨਤੀਜਾ ਬਿਲਕੁਲ ਸਪਸ਼ਟ ਸੀ ਜਦਕਿ ਕੁੱਝ ਹੋਰਨਾਂ ‘ਤੇ ਕਾਫੀ ਭੰਬਲਭੂਸਾ ਬਣਿਆ ਹੋਇਆ ਸੀ।
ਪਰ ਇੱਕ ਗੱਲ ਕਾਫੀ ਹੱਦ ਤੱਕ ਸਾਫ ਹੁੰਦੀ ਦਿਸ ਰਹੀ ਸੀ ਕਿ ਇਸ ਵਾਰ ਵੋਟਰਾਂ ਨੇ ਸੱਤਾ ਵਿੱਚ ਬਦਲਾਅ ਮੰਗਿਆ ਹੈ। ਪਿਛਲੇ ਤਰਕੀਬਨ 9 ਸਾਲਾਂ ਤੋਂ ਆਸਟ੍ਰੇਲੀਆ ਦੀ ਫੈਡਰਲ ਸਰਕਾਰ ਚਲਾਉਣ ਵਾਲੇ ਕੋਇਲੀਸ਼ਨ ਗੱਠਜੋੜ ਨਾਲ਼ੋਂ ਲੇਬਰ ਨਵੀਂ ਸਰਕਾਰ ਬਨਾਉਣ ਲਈ ਮੂਹਰੇ ਹੁੰਦੀ ਨਜ਼ਰੀਂ ਪੈ ਰਹੀ ਸੀ।
ਆਸਟ੍ਰੇਲੀਆ ਦੀ ਸੰਸਦ ਵਿੱਚ ਤਕਰੀਬਨ ਤਿੰਨ ਦਹਾਕੇ ਬਿਤਾਉਣ ਤੋਂ ਬਾਅਦ ਐਂਥਨੀ ਐਲ਼ਬਨੀਜ਼ ਹੁਣ ਦੇਸ਼ ਦੇ 31ਵੇਂ ਪ੍ਰਧਾਨ ਮੰਤਰੀ ਬਣ ਗਏ ਹਨ।
ਐਂਥਨੀ ਐਲਬਨੀਜ਼, ਜਿਹਨਾਂ ਨੇ ਇਹਨਾਂ ਚੋਣਾਂ ਦੌਰਾਨ ਲੇਬਰ ਪਾਰਟੀ ਦੀ ਅੱਗੇ ਹੋਕੇ ਅਗਵਾਈ ਕੀਤੀ ਸੀ, ਦਾ ਪ੍ਰਧਾਨ ਮੰਤਰੀ ਵਜੋਂ ਚੁਣੇ ਜਾਣ ‘ਤੇ ਲੋਕਾਂ ਨੇ ਸਿਡਨੀ ਦੇ ਮੈਰਿਕਵਿੱਲ ਇਲਾਕੇ ਵਿੱਚ ਭਰਵਾਂ ਸਵਾਗਤ ਕੀਤਾ ਗਿਆ।
ਦੂਜੇ ਸੰਸਾਰ ਯੁੱਧ ਦੀ ਸਮਾਪਤੀ ਤੋਂ ਬਾਅਦ, ਚੌਥੀ ਵਾਰ ਲੇਬਰ ਪਾਰਟੀ ਦੀ ਸਰਕਾਰ ਬਣੀ ਹੈ।

Anthony Albanese sworn in as Australia's 31st prime minister Source: AAP / LUKAS COCH/AAPIMAGE
ਇਹ ਵੀ ਦਸਣਯੋਗ ਹੈ ਕਿ ਸ਼੍ਰੀ ਐਲਬਨੀਜ਼ ਨਾਨ-ਐਂਗਲੋ-ਸੈਲਟਿਕ ਪਿਛੋਕੜ ਵਾਲੇ ਆਸਟ੍ਰੇਲੀਆ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ ਹਨ।
ਜਨਮ ਤੋਂ ਬਾਅਦ ਹੀ ਸ਼੍ਰੀ ਐਲਬਨੀਜ਼ ਨੂੰ ਇਹ ਦਸਿਆ ਗਿਆ ਸੀ ਕਿ ਉਹਨਾਂ ਦੇ ਇਤਾਲਵੀ ਪਿਛੋਕੜ ਵਾਲੇ ਪਿਤਾ ਕਾਰਲੋ ਐਲਬਨੀਜ਼ ਦੀ ਮੌਤ ਹੋ ਚੁੱਕੀ ਹੈ। ਪਰ ਆਪਣੇ ਪਿਤਾ ਦੇ ਜ਼ਿੰਦਾ ਹੋਣ ਬਾਰੇ ਉਹਨਾਂ ਨੂੰ ਜਵਾਨੀ ਵਿੱਚ ਆ ਕੇ ਹੀ ਪਤਾ ਚਲਿਆ ਅਤੇ ਆਖਰ ਨੂੰ ਸਾਲ 2014 ਵਿੱਚ ਆਪਣੇ ਪਿਤਾ ਦੀ ਮੌਤ ਤੋਂ ਕੁੱਝ ਸਮਾਂ ਪਹਿਲਾਂ ਹੀ ਸ਼੍ਰੀ ਐਲਬਨੀਜ਼ ਨੇ ਉਹਨਾਂ ਨਾਲ ਮੁਲਾਕਾਤ ਵੀ ਕੀਤੀ ਸੀ।
ਸ਼੍ਰੀ ਐਲਬਨੀਜ਼ ਨੇ ਪਹਿਲੀ ਵਾਰ 1996 ਵਿੱਚ ਗਰੈਂਡਲਰ ਦੀ ਸੀਟ ਤੇ ਜਿੱਤ ਹਾਸਲ ਕਰਕੇ ਸੰਸਦ ਵਿੱਚ ਪੈਰ ਪਾਇਆ ਸੀ।
ਉਨ੍ਹਾਂ ਨੇ ਯੂਨਿਵਰਸਿਟੀ ਤੋਂ ਅਰਥ ਸ਼ਾਸਤਰ ਦੀ ਪੜਾਈ ਕੀਤੀ ਹੋਈ ਹੈ।
ਸ਼੍ਰੀ ਐਲਬਨੀਜ਼ ਦੇ ਜੀਵਨ ਦੀ ਸ਼ੁਰੂਆਤ ਕਾਫੀ ਔਕੜਾਂ ਭਰੀ ਸੀ - ਪਬਲਿਕ ਹਾਊਸਿੰਗ (ਜਨਤਕ ਰਿਹਾਇਸ਼) ਵਿੱਚ ਰਹਿਣ ਵਾਲੀ, ਸਰਕਾਰੀ ਭੱਤੇ ਉੱਤੇ ਗੁਜ਼ਾਰਾ ਕਰਨ ਵਾਲੀ, ਉਨ੍ਹਾਂ ਦੀ ਇਕੱਲੀ ਮਾਂ ਨੇ ਹੀ ਉਨ੍ਹਾਂ ਦੀ ਪ੍ਰਵਰਿਸ਼ ਕੀਤੀ ਸੀ। ਇਹਨਾਂ ਸਾਰੀਆਂ ਮੁਸ਼ਕਲਾਂ ਅਤੇ ਔਕੜਾਂ ਦੇ ਬਾਵਜੂਦ, ਅੱਜ ਉਹ ਆਪਣੀ ਕਾਬਲੀਅਤ ਦੇ ਨਾਲ, ਦੇਸ਼ ਦੇ ਪ੍ਰਧਾਨ ਮੰਤਰੀ ਵਾਲੇ ਸਰਵਉੱਚ ਅਹੁਦੇ ਉੱਤੇ ਪਹੁੰਚਣ ਵਿੱਚ ਕਾਮਯਾਬ ਹੋ ਸਕੇ ਹਨ।
ਆਪਣੀ ਜਿੱਤ ਵਾਲੇ ਭਾਸ਼ਣ ਦੌਰਾਨ ਸ਼੍ਰੀ ਐਲਬਨੀਜ਼ ਨੇ ਆਪਣੀ ਮਾਂ ਨੂੰ ਸ਼ਰਧਾਂਜਲੀ ਦਿੱਤੀ ਹੈ।
ਪ੍ਰਧਾਨ ਮੰਤਰੀ ਚੁਣੇ ਜਾਣ ਤੋਂ ਬਾਅਦ ਸ਼੍ਰੀ ਐਲਬਨੀਜ਼ ਦਾ ਪਹਿਲਾ ਕਦਮ ਆਪਣੇ ਆਪ ਨੂੰ ਵਿਸ਼ਵ ਮੰਚ ਉੱਤੇ ਸਥਾਪਤ ਕਰਨਾ ਹੋਵੇਗਾ।
ਸਹੁੰ ਚੁੱਕਣ ਤੋਂ ਤੁਰੰਤ ਬਾਅਦ ਸ਼੍ਰੀ ਐਲਬਨੀਜ਼ ਟੋਕੀਓ ਜਾਕੇ ਕੂਆਡ ਨੇਤਾਵਾਂ ਨਾਲ ਮਿਲਣੀ ਕਰਨ ਜਾ ਰਹੇ ਹਨ ਜਿੱਥੇ ਉਹ ਯੂਨਾਇਟੇਡ ਸਟੇਟਸ, ਜਪਾਨ ਅਤੇ ਭਾਰਤ ਦੇ ਨੇਤਾਵਾਂ ਦੇ ਨਾਲ ਭਵਿੱਖ ਬਾਰੇ ਵਿਚਾਰ ਚਰਚਾਵਾਂ ਕਰਨਗੇ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
Other related podcasts

Anthony Albanese to be first Australian prime minister with non-Anglo-Celtic heritage