Watch FIFA World Cup 2026™

LIVE, FREE and EXCLUSIVE

ਆਸਟ੍ਰੇਲੀਅਨ ਸਿੱਖ ਗੇਮਜ਼: 1988 ਵਿੱਚ ਆਰੰਭਤਾ ਤੋਂ ਲੈ ਕੇ ਅੱਜ ਤੱਕ, 38 ਸਾਲਾਂ ਦਾ ਸ਼ਾਨਦਾਰ ਇਤਿਹਾਸ

ASG2026_banner.jpg

38ਵੀਂ ਆਸਟ੍ਰੇਲੀਅਨ ਸਿੱਖ ਗੇਮਜ਼ 3 ਅਪ੍ਰੈਲ ਤੋਂ 5 ਅਪ੍ਰੈਲ ਤੱਕ ਮੈਲਬਰਨ ਦੇ ਪਾਰਕਵਿਲ ਸਪੋਰਟਸ ਸੈਂਟਰ ਵਿਖੇ ਹੋ ਰਹੀਆਂ ਹਨ। Credit: anssacc

ਪੂਰੀ ਦੁਨੀਆਂ ਵਿੱਚ ਪ੍ਰਸਿੱਧੀ ਪ੍ਰਾਪਤ ਕਰਨ ਦੇ ਨਾਲ-ਨਾਲ ਵਿਲੱਖਣ ਪਹਿਚਾਣ ਬਣਾ ਚੁੱਕੀਆਂ ਆਸਟ੍ਰੇਲੀਅਨ ਸਿੱਖ ਗੇਮਜ਼ ਦੀ ਸ਼ੁਰੂਆਤ 1988 ਵਿੱਚ ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਵਿਖੇ ਹਾਕੀ ਦੇ ਇੱਕ ਦੋਸਤਾਨਾ ਟੂਰਨਾਮੈਂਟ ਰਾਹੀਂ ਹੋਈ ਸੀ। ਦਰਅਸਲ ਇਹ ਮੌਕਾ ਸੀ, ਸ਼ਹਿਰ ਦੇ ਪਹਿਲੇ ਗੁਰੂਘਰ ਦੀ ਆਰੰਭਤਾ ਦੀਆਂ ਖੁਸ਼ੀਆਂ ਮਨਾਉਣ ਦਾ। ਈਸਟਰ ਵੀਕਐਂਡ ਮੌਕੇ ਇਸ ਸਾਲ ਮੈਲਬਰਨ ਵਿੱਚ ਆਯੋਜਿਤ ਹੋਣ ਜਾ ਰਹੀਆਂ ਇਨ੍ਹਾਂ ਸਿੱਖ ਖੇਡਾਂ ਦਾ ਪਿਛਲੇ 38 ਸਾਲਾਂ ਦਾ ਸੁਨਹਿਰਾ ਸਫ਼ਰ ਕਿਸ ਤਰ੍ਹਾਂ ਦਾ ਰਿਹਾ, ਇਸੇ ਨੂੰ ਬਿਆਨ ਕਰਦੀ ਪੇਸ਼ ਹੈ ਇਹ ਖਾਸ ਰਿਪੋਰਟ...


Published

By Patras Masih

Presented by Patras Masih

Source: SBS



Share this with family and friends


ਪੂਰੀ ਦੁਨੀਆਂ ਵਿੱਚ ਪ੍ਰਸਿੱਧੀ ਪ੍ਰਾਪਤ ਕਰਨ ਦੇ ਨਾਲ-ਨਾਲ ਵਿਲੱਖਣ ਪਹਿਚਾਣ ਬਣਾ ਚੁੱਕੀਆਂ ਆਸਟ੍ਰੇਲੀਅਨ ਸਿੱਖ ਗੇਮਜ਼ ਦੀ ਸ਼ੁਰੂਆਤ 1988 ਵਿੱਚ ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਵਿਖੇ ਹਾਕੀ ਦੇ ਇੱਕ ਦੋਸਤਾਨਾ ਟੂਰਨਾਮੈਂਟ ਰਾਹੀਂ ਹੋਈ ਸੀ। ਦਰਅਸਲ ਇਹ ਮੌਕਾ ਸੀ, ਸ਼ਹਿਰ ਦੇ ਪਹਿਲੇ ਗੁਰੂਘਰ ਦੀ ਆਰੰਭਤਾ ਦੀਆਂ ਖੁਸ਼ੀਆਂ ਮਨਾਉਣ ਦਾ। ਈਸਟਰ ਵੀਕਐਂਡ ਮੌਕੇ ਇਸ ਸਾਲ ਮੈਲਬਰਨ ਵਿੱਚ ਆਯੋਜਿਤ ਹੋਣ ਜਾ ਰਹੀਆਂ ਇਨ੍ਹਾਂ ਸਿੱਖ ਖੇਡਾਂ ਦਾ ਪਿਛਲੇ 38 ਸਾਲਾਂ ਦਾ ਸੁਨਹਿਰਾ ਸਫ਼ਰ ਕਿਸ ਤਰ੍ਹਾਂ ਦਾ ਰਿਹਾ, ਇਸੇ ਨੂੰ ਬਿਆਨ ਕਰਦੀ ਪੇਸ਼ ਹੈ ਇਹ ਖਾਸ ਰਿਪੋਰਟ...


ਆਸਟ੍ਰੇਲੀਅਨ ਸਿੱਖ ਖੇਡਾਂ ਆਸਟ੍ਰੇਲੀਅਨ ਸਿੱਖ ਭਾਈਚਾਰੇ ਲਈ ਪ੍ਰਮੁੱਖ ਖੇਡ ਅਤੇ ਸੱਭਿਆਚਾਰਕ ਸਮਾਗਮ ਹਨ।

ਇਹ ਖੇਡਾਂ ਹਰ ਸਾਲ ਰਾਜਧਾਨੀ ਸ਼ਹਿਰਾਂ ਅਤੇ ਆਸਟ੍ਰੇਲੀਆ ਦੇ ਆਲੇ-ਦੁਆਲੇ ਦੇ ਪ੍ਰਮੁੱਖ ਖੇਤਰੀ ਖੇਤਰਾਂ ਵਿੱਚ ਆਯੋਜਿਤ ਕੀਤੀਆਂ ਜਾਂਦੀਆਂ ਹਨ।

ਸਾਲ 2026 ਦੀਆਂ ਸਿੱਖ ਖੇਡਾਂ ਦੀ ਗੱਲ ਕਰੀਏ ਤਾਂ, ਇਸ ਸਾਲ 38ਵੇਂ ਵਰ੍ਹੇ ਵਿੱਚ ਦਾਖਿਲ ਹੋਣ ਜਾ ਰਹੀਆਂ ਇਨ੍ਹਾਂ ਖੇਡਾਂ ਦੀ ਮੇਜਬਾਨੀ ਵਿਕਟੋਰੀਆ ਸੂਬੇ ਦੇ ਰਾਜਧਾਨੀ ਸ਼ਹਿਰ ਮੈਲਬਰਨ ਵਲੋਂ ਕੀਤੀ ਜਾਵੇਗੀ।

ਹਰ ਸਾਲ ਦੇ ਵਾਂਗ ਇਸ ਵਾਰ ਵੀ ਇਹ ਖੇਡਾਂ ਈਸਟਰ ਵੀਕ ਐਂਡ ਮੌਕੇ ਹੋਣਗੀਆਂ ਅਤੇ 3 ਅਪ੍ਰੈਲ ਤੋਂ ਸ਼ੁਰੂ ਹੋ ਕੇ 5 ਅਪ੍ਰੈਲ ਨੂੰ ਸੰਪੰਨ ਹੋਣਗੀਆਂ।

ਮੈਲਬਰਨ ਦੇ ਪਾਰਕਵਿਲ ਸਪੋਰਟਸ ਸੈਂਟਰ ਵਿਖੇ ਹੋਣ ਜਾ ਰਹੀਆਂ ਇਨ੍ਹਾਂ ਖੇਡਾਂ ਲਈ ਪ੍ਰਬੰਧਕੀ ਟੀਮ ਵਲੋਂ ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਪੂਰੀ ਦੁਨੀਆਂ ਵਿੱਚ ਪ੍ਰਸਿੱਧੀ ਪ੍ਰਾਪਤ ਕਰਨ ਦੇ ਨਾਲ- ਨਾਲ ਵੱਖਰੀ ਪਹਿਚਾਣ ਬਣਾ ਚੁੱਕੀਆਂ ਆਸਟੇ੍ਰਲੀਅਨ ਸਿੱਖ ਗੇਮਜ਼ ਦੇ ਇਤਿਹਾਸ ਦਾ ਜ਼ਿਕਰ ਕਰਦਿਆਂ 1988 ਤੋਂ ਇਨ੍ਹਾਂ ਖੇਡਾਂ ਨਾਲ ਜੁੜੇ ਮੈਲਬਰਨ ਵਾਸੀ ਦਯਾ ਸਿੰਘ ਦੱਸਦੇ ਹਨ ਕਿ ਇਸ ਦੀ ਸ਼ੁਰੂਆਤ 1988 ਵਿੱਚ ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਵਿਖੇ ਹਾਕੀ ਦੇ ਇੱਕ ਦੋਸਤਾਨਾ ਟੂਰਨਾਮੈਂਟ ਰਾਹੀਂ ਹੋਈ ਸੀ।

Daya SINGH .png
ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦੇ ਹੋਏ ਸ. ਦਯਾ ਸਿੰਘ । Credit: SBS PUNJABI

ਦਰਅਸਲ ਇਹ ਮੌਕਾ ਸੀ, ਸ਼ਹਿਰ ਦੇ ਪਹਿਲੇ ਗੁਰੂਘਰ ਦੀ ਆਰੰਭਤਾ ਦੀਆਂ ਖੁਸ਼ੀਆਂ ਮਨਾਉਣ ਦਾ। ਉਸ ਵੇਲੇ ਹਾਕੀ ਦੀਆਂ 5 ਟੀਮਾਂ ਵਲੋਂ ਇੰਟਰਸਟੇਟ ਕੰਪੀਟੀਸ਼ਨ ਖੇਡਿਆ ਗਿਆ ਸੀ। ਇਸ ਵਿੱਚ 4 ਟੀਮਾਂ ਐਡੀਲੇਡ ਤੋਂ ਸਨ ਅਤੇ ਇੱਕ ਟੀਮ ਮੈਲਬਰਨ ਤੋਂ ਸੀ। ਇਸ ਟੂਰਨਾਮੈਨਟ ਦੇ ਨਾਲ ਹੀ, ਇੱਕ ਸਿੱਖ ਮੰਚ ਦੇ ਆਯੋਜਨ ਤੋਂ ਇਲਾਵਾ ਸੰਗੀਤਮਈ ਸ਼ਾਮ ਅਤੇ ਰਾਤ ਦੇ ਖਾਣੇ ਦਾ ਵੀ ਪ੍ਰਬੰਧ ਕੀਤਾ ਗਿਆ ਸੀ।

ਇਸ ਖੇਡ ਮੇਲੇ ਨੂੰ ਭਾਈਚਾਰੇ ਵਲੋਂ ਮਿਲੇ ਭਰਵੇਂ ਹੁੰਗਾਰੇ ਦੇ ਚੱਲਦਿਆਂ ਅਗਲੇ ਸਾਲਾਂ ਵਿੱਚ ਕਬੱਡੀ ਅਤੇ ਫੁੱਟਬਾਲ ਦੇ ਮੁਕਾਬਲਿਆਂ ਨੂੰ ਵੀ ਸ਼ਾਮਿਲ ਕੀਤਾ ਗਿਆ।ਸਮੇਂ ਦੇ ਨਾਲ, ਇਨ੍ਹਾਂ ਸਮਾਗਮਾਂ ਦੀ ਵੱਧਦੀ ਪ੍ਰਸਿੱਧੀ ਨੇ ਆਸਟ੍ਰੇਲੀਅਨ ਸਿੱਖ ਖੇਡਾਂ ਦੀ ਸਥਾਪਨਾ ਕੀਤੀ, ਜੋ ਹਰ ਸਾਲ ਈਸਟਰ ਲੰਬੇ ਵੀਕਐਂਡ 'ਤੇ ਆਯੋਜਿਤ ਹੋਣੀਆਂ ਸ਼ੁਰੂ ਹੋਈਆਂ।

ਸਿੱਖ ਖੇਡਾਂ ਨੂੰ ਹਰ ਸਾਲ ਮਿਲ ਰਹੇ ਲੋਕਾਂ ਦੇ ਪਿਆਰ ਅਤੇ ਸਮਰਥਨ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸਾਲ 1988 ਵਿੱਚ 200-300 ਲੋਕਾਂ ਦੇ ਇਕੱਠ ਨਾਲ ਸ਼ੁਰੂ ਹੋਈਆਂ ਇਨ੍ਹਾਂ ਖੇਡਾਂ ਦਾ ਆਨੰਦ ਮਾਨਣ ਵਾਲਿਆਂ ਦੀ ਗਿਣਤੀ ਹੁਣ ਲੱਖਾਂ ਵਿੱਚ ਹੋ ਗਈ ਹੈ।

ਲਗਭਗ 1989 ਤੋਂ ਇਨ੍ਹਾਂ ਖੇਡਾਂ ਨਾਲ ਰਾਬਤਾ ਰੱਖਣ ਵਾਲੇ ਮੈਲਬਰਨ ਵਾਸੀ ਚਰਨਾਮਤ ਸਿੰਘ ਵੀ ਦੱਸਦੇ ਹਨ ਕਿ ਸਮਾਂ ਬਦਲਣ ਦੇ ਨਾਲ ਇਨ੍ਹਾਂ ਖੇਡਾਂ ਵਿੱਚ ਇਥੋਂ ਦੇ ਜੰਮ-ਪਲ ਬੱਚਿਆਂ ਦੀ ਸ਼ਾਮੂਲੀਅਤ ਨੂੰ ਯਕੀਨੀ ਬਣਾਉਣ ਲਈ ਹਾਕੀ, ਫੁੱਟਬਾਲ ਅਤੇ ਕਬੱਡੀ ਤੋਂ ਇਲਾਵਾ ਨੈੱਟਬਾਲ, ਕ੍ਰਿਕਟ, ਰੱਸਾਕਸ਼ੀ, ਬਾਸਕਟਬਾਲ, ਵਾਲੀਬਾਲ, ਐਥਲੈਟਿਕਸ, ਟੈਨਿਸ, ਟੱੱਚ ਫੁੱਟਬਾਲ, ਬੈਡਮਿੰਟਨ ਵਰਗੀਆਂ ਖੇਡਾਂ ਵੀ ਸ਼ਾਮਿਲ ਕੀਤੀਆਂ ਗਈਆਂ।

Charnamat Singh Punjabi Community
ਚਰਨਾਮਤ ਸਿੰਘ ਦੀ ਫਾਈਲ ਫੋਟੋ Credit: CharnamatSingh

ਜਿਥੋਂ ਤੱਕ ਖੇਡ ਸਥਾਨਾਂ ਦੀ ਗੱਲ ਹੈ, ਹੁਣ ਤੱਕ ਆਸਟ੍ਰੇਲੀਅਨ ਸਿੱਖ ਖੇਡਾਂ ਆਸਟ੍ਰੇਲੀਆ ਭਰ ਵਿੱਚ ਰਾਜਧਾਨੀ ਸ਼ਹਿਰਾਂ ਅਤੇ ਵੱਡੀ ਸਿੱਖ ਆਬਾਦੀ ਵਾਲੇ ਪ੍ਰਮੁੱਖ ਖੇਤਰੀ ਕੇਂਦਰਾਂ ਵਿੱਚ ਆਯੋਜਿਤ ਕੀਤੀਆਂ ਗਈਆਂ ਹਨ। ਜਿਨ੍ਹਾਂ ਸਥਾਨਾਂ ਦੀ ਵਰਤੋਂ ਕੀਤੀ ਗਈ ਹੈ ਉਹ ਆਸਟ੍ਰੇਲੀਆ ਦੇ ਕੁਝ ਪ੍ਰਮੁੱਖ ਖੇਡ ਸਹੂਲਤਾਂ ਵਾਲੇ ਹਨ।

ADELAIDE SIKH GAMES 2024.jpg
ਐਡੀਲੇਡ ਸਿੱਖ ਗੇਮਜ਼ 2024 ਦੀ ਤਸਵੀਰ। Credit: SBS Punjabi

ਪਿਛਲੇ ਇੱਕ ਦਹਾਕੇ ਦੇ ਖੇਡ ਸਥਾਨਾਂ ਉੱਤੇ ਨਜ਼ਰ ਮਾਰੀਏ ਤਾਂ ਸਾਲ 2014 ਵਿੱਚ ਪਰਥ, 2015 ਵਿੱਚ ਕੌਫਸ ਹਾਰਬਰ, 2016 ਵਿੱਚ ਬ੍ਰਿਸਬੇਨ, 2017 ਵਿੱਚ ਐਡੀਲੇਡ, 2018 ਵਿੱਚ ਸਿਡਨੀ, 2021 ਵਿੱਚ ਪਰਥ, 2022 ਵਿੱਚ ਕੌਫਸ ਹਾਰਬਰ, 2024 ਵਿੱਚ ਐਡੀਲੇਡ, 2025 ਵਿੱਚ ਸਿਡਨੀ ਵਿਖੇ ਸਿੱਖ ਗੇਮਜ਼ ਹੋਈਆਂ ਸਨ। ਜਦਕਿ ਲੰਘੇ 10 ਸਾਲਾਂ ਵਿੱਚ ਮੈਲਬਰਨ 2013 ਅਤੇ 2019 ਤੋਂ ਬਾਅਦ ਹੁਣ 2026 ਵਿੱਚ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ।

ਆਸਟ੍ਰੇਲੀਅਨ ਸਿੱਖ ਗੇਮਜ਼ ਵਿੱਚ ਨਿਊਜ਼ੀਲੈਂਡ, ਮਲੇਸ਼ੀਆ, ਸਿੰਗਾਪੁਰ, ਹਾਂਗ ਕਾਂਗ, ਕੈਨੇਡਾ ਅਤੇ ਯੂਕੇ ਸਮੇਤ ਦੇਸ਼ ਭਰ ਅਤੇ ਵਿਦੇਸ਼ਾਂ ਤੋਂ ਖਿਡਾਰੀ ਅਤੇ ਦਰਸ਼ਕ ਰਵਾਇਤੀ ਭਾਰਤੀ ਅਤੇ ਆਸਟ੍ਰੇਲੀਆਈ ਖੇਡਾਂ ਅਤੇ ਸੱਭਿਆਚਾਰਕ ਸਮਾਗਮਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਵਿੱਚ ਹਿੱਸਾ ਲੈਣ ਲਈ ਆਉਂਦੇ ਹਨ।

Sikh games Sydney_2025.jpg
ਸਿਡਨੀ ਸਿੱਖ ਗੇਮਜ਼ 2025 ਦੀ ਤਸਵੀਰ। Credit: SBS Punjabi

ਤਿੰਨ ਦਿਨ ਚੱਲਣ ਵਾਲੀਆਂ ਇਹ ਖੇਡਾਂ 100,000 ਤੋਂ ਵੱਧ ਲੋਕਾਂ ਦੀ ਭੀੜ ਨੂੰ ਆਕਰਸ਼ਿਤ ਕਰਦੀਆਂ ਹਨ ਜਿਸ ਦੌਰਾਨ 8,000+ ਖਿਡਾਰੀ ਅਤੇ ਪ੍ਰਦਰਸ਼ਨਕਾਰੀ ਵੱਖ-ਵੱਖ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਹਿੱਸਾ ਲੈਂਦੇ ਹਨ। 100 ਤੋਂ ਵੱਧ ਗੈਰ-ਮੁਨਾਫ਼ਾ ਖੇਡ ਅਤੇ ਸੱਭਿਆਚਾਰਕ ਕਲੱਬ ਸਰਗਰਮੀ ਨਾਲ ਹਿੱਸਾ ਲੈਂਦੇ ਹਨ।

ਇਹ ਖੇਡਾਂ ਸੈਂਕੜੇ ਸਮਰਪਿਤ ਵਲੰਟੀਅਰਾਂ ਦੁਆਰਾ ਸੰਭਵ ਹੁੰਦੀਆਂ ਹਨ ਜੋ ਆਪਣੇ ਕੀਮਤੀ ਸਮੇਂ, ਸਰਕਾਰੀ ਸਹਾਇਤਾ, ਵਪਾਰਕ ਸਪਾਂਸਰਸ਼ਿਪ ਅਤੇ ਕਮਿਊਨਿਟੀ ਫੰਡ ਇਕੱਠਾ ਕਰਨ ਦੇ ਨਾਲ-ਨਾਲ ਸਮਾਗਮਾਂ ਵਿੱਚ ਸ਼ਿਰਕਤ ਕਰਨ ਵਾਲੇ ਲੋਕਾਂ ਲਈ ਲੰਗਰ ਸਮੇਤ ਹੋਰਨਾਂ ਸੇਵਾਵਾਂ ਲਈ ਤਿੰਨੋਂ ਦਿਨ ਪੂਰੀ ਸਰਗਰਮੀ ਨਾਲ ਆਪਣਾ ਯੋਗਦਾਨ ਪਾਉਂਦੇ ਹਨ।

ਇਥੇ ਇਸ ਗੱਲ ਦਾ ਵਿਸ਼ੇਸ਼ ਜ਼ਿਕਰ ਕਰਨਾ ਬਣਦਾ ਹੈ ਕਿ ਇਹ ਖੇਡਾਂ ਜਿੱਥੇ ਭਾਈਚਾਰੇ ਨੂੰ ਇੱਕ ਮੰਚ’ਤੇ ਇਕੱਠਾ ਕਰਦੀਆਂ ਹਨ, ਉੱਥੇ ਹੀ ਇਹ ਸਿੱਧੇ ਆਰਥਿਕ ਯੋਗਦਾਨ, ਕਾਰੋਬਾਰ ਦੇ ਮੌਕਿਆਂ ਅਤੇ ਟੂਰਿਜ਼ਮ ਰਾਹੀਂ ਮੇਜ਼ਬਾਨੀ ਅਰਥਚਾਰੇ ਨੂੰ ਮਜਬੂਤ ਵੀ ਕਰਦੀਆਂ ਹਨ।

ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ


Latest podcast episodes

Follow SBS Punjabi

Download our apps

Watch on SBS

Punjabi News

Watch now