ਅਮਰਦੀਪ ਸਿੰਘ ਦਾ ਕਹਿਣਾ ਹੈ ਕਿ, "ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਨੇ ਉਹ ਸਮਾਂ ਵੇਖਿਆ ਜਦੋਂ ਧਾਰਮਿਕ ਕਠੋਰਤਾ, ਸਮਾਜਿਕ ਨਾ-ਇਨਸਾਫ਼ੀ ਅਤੇ ਰਾਜਨੀਤਿਕ ਉਥਲ-ਪੁਥਲ ਹਾਵੀ ਸੀ। ਉਨ੍ਹਾਂ ਨੇ ਇਨ੍ਹਾਂ ਹਾਲਾਤਾਂ ਵਿੱਚ ਵੀ ਏਕਤਾ ਅਤੇ ਮਨੁੱਖਤਾ ਦੇ ਭਰਾਤਰੀ ਸੁਨੇਹੇ ਨੂੰ ਜ਼ੋਰ ਨਾਲ ਉਚਾਰਿਆ।"
"ਉਨ੍ਹਾਂ ਦੀ ਸਿੱਖਿਆ ਸਿਰਫ ਰੱਬੀ ਭਗਤੀ ਤੱਕ ਹੀ ਸੀਮਿਤ ਨਹੀਂ ਸੀ, ਸਗੋਂ ਸੱਚੇ, ਨਿਆਂਪੂਰਨ ਅਤੇ ਦਿਆਲੂ ਜੀਵਨ ਵੱਲ ਪ੍ਰੇਰਿਤ ਕਰਦੀ ਸੀ।"
ਉਸੇ ਦੌਰ ਦੇ ਸੂਫੀ ਸੰਤਾਂ ਜਿਵੇਂ ਕਿ ਬਾਬਾ ਫਰੀਦ ਦੇ ਵਿਚਾਰ ਵੀ ਇਸੇ ਤਰ੍ਹਾਂ ਦੇ ਸਨ। ਉਨ੍ਹਾਂ ਦੀ ਰੂਹਾਨੀ ਕਵਿਤਾ ਅਤੇ ਉਪਦੇਸ਼ ਪਿਆਰ, ਨਿਮਰਤਾ, ਸੇਵਾ ਅਤੇ ਧਾਰਮਿਕ ਹੱਦਾਂ ਤੋਂ ਉਪਰ ਮਨੁੱਖਤਾ ਨੂੰ ਮੂਲ ਮੰਨਦੇ ਸਨ। ਇਹ ਦਰਵੇਸ਼ ਲੋਕਾਂ ਦੇ ਵਿਚਕਾਰ ਰਹਿ ਕੇ, ਸਾਦਗੀ ਨਾਲ ਜੀਉਂਦੇ ਹੋਏ, ਆਪਣੀ ਜੀਵਨ ਸ਼ੈਲੀ ਰਾਹੀਂ ਸਿੱਖਿਆ ਦਿੰਦੇ ਸਨ। ਉਨ੍ਹਾਂ ਦੇ ਸੁਨੇਹੇ ਹਰ ਵਰਗ ਆਮ ਲੋਕਾਂ ਤੋਂ ਲੈ ਕੇ ਰਾਜੇ-ਮਹਾਰਾਜਿਆਂ ਤੱਕ ਨੂੰ ਪ੍ਰਭਾਵਿਤ ਕਰਦੇ ਸਨ।
ਅਮਰਦੀਪ ਮੰਨਦੇ ਹਨ ਕਿ, "ਅੱਜ ਦੇ ਸਮੇਂ ਵਿੱਚ ਜਦੋਂ ਅਨੇਕ ਸਿੱਖਿਆ ਸੰਸਥਾਵਾਂ ਨੈਤਿਕ ਵਿਗਿਆਨ, ਲੀਡਰਸ਼ਿਪ ਸੈਮੀਨਾਰਾਂ ਜਾਂ ਬਹੁ-ਸੱਭਿਆਚਾਰਕ ਪ੍ਰੋਗਰਾਮਾਂ ਰਾਹੀਂ ਵਿਅਕਤੀਗਤ ਅਤੇ ਸਮਾਜਕ ਕਦਰਾਂ-ਕੀਮਤਾਂ ਨੂੰ ਉਭਾਰ ਰਹੀਆਂ ਹਨ, ਤਾਂ ਇਹ ਸਭ ਕੁਝ ਉਨ੍ਹਾਂ ਪੁਰਾਤਨ ਰੂਹਾਨੀ ਅਸੂਲਾਂ ਦਾ ਪਰਛਾਵਾਂ ਹੀ ਹੈ।ਇਹ ਕਦਰਾਂ-ਕੀਮਤਾਂ ਧਰਮ ਨਿਰਪੱਖ ਭਾਸ਼ਾ ਵਿਚ ਪੇਸ਼ ਕੀਤੇ ਜਾਂਦੇ ਹਨ, ਪਰ ਉਨ੍ਹਾਂ ਦੀ ਜੜ੍ਹ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੇ ਸਮਕਾਲੀਆਂ ਵਲੋਂ ਦਿੱਤੇ ਸੰਦੇਸ਼ਾਂ ਵਿੱਚ ਹੀ ਲੱਭੀ ਜਾਂਦੀ ਹੈ।"
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।