ਤਕਰੀਬਨ 550 ਸਾਲ ਪਹਿਲਾਂ ਸਿੱਖ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲੱਗਭਗ ਵੀਹ ਸਾਲ ਪਾਕਿਸਤਾਨ, ਅਫਗਾਨਿਸਤਾਨ, ਇਰਾਨ, ਇਰਾਕ, ਸਾਊਦੀ ਅਰਬ, ਤਿੱਬਤ, ਬੰਗਲਾਦੇਸ਼, ਭਾਰਤ ਅਤੇ ਸ੍ਰੀ ਲੰਕਾ ਵਰਗੇ ਕਈ ਦੇਸ਼ਾਂ ਦੀ ਯਾਤਰਾ ਕੀਤੀ ਸੀ ਤਾਂ ਕਿ ਵਿਆਪਕ ਭਾਈਚਾਰੇ ਦੇ ਲੋਕਾਂ ਨਾਲ ਧਾਰਮਿਕ ਅਤੇ ਦਾਰਸ਼ਨਿਕ ਸੰਵਾਦ ਰਚਿਆ ਜਾ ਸਕੇ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਵਾਦ ਦਾ ਮਾਧਿਅਮ ਗੱਲਬਾਤ ਅਤੇ ਸੰਗੀਤ ਸੀ। ਉਨ੍ਹਾਂ ਅਧਿਆਤਮਕ ਸੂਝ ਪ੍ਰਦਾਨ ਕਰਦੇ ਹੋਏ ਨਿਡਰਤਾ ਨਾਲ ਦੁਵੱਲੀਆਂ ਸੋਚਾਂ ਵਾਲੇ ਢਾਂਚੇ ਨੂੰ ਚੁਣੌਤੀ ਦਿੰਦੇ ਹੋਏ, ਲਿੰਗਕ, ਧਾਰਮਿਕ, ਨਸਲੀ ਅਤੇ ਜਮਾਤੀ ਅਸਮਾਨਤਾਵਾਂ ਦਾ ਵਿਰੋਧ ਕੀਤਾ।
21ਵੀਂ ਸਦੀ ਦੇ ਇਸ ਸਮੇਂ ਜਦੋਂ ਇਹਨਾਂ ਮੁਲਕਾਂ ਦੀ ਯਾਤਰਾ ਕਰਨੀ ਇੰਨੀ ਔਖੀ ਨਹੀਂ ਪਰ ਫੇਰ ਵੀ ਅਮਰਦੀਪ ਸਿੰਘ, ਵਿਨਿੰਦਰ ਕੌਰ ਅਤੇ ਉਹਨਾਂ ਦੀ ਟੀਮ ਨੂੰ ਧਾਰਮਿਕ ਵਖਰੇਵਿਆਂ ਵਾਲੇ ਦੇਸ਼ਾਂ ਵਿੱਚ ਵਿਚਰਨ ਲਈ, ਪ੍ਰਮਾਣਕ ਖੋਜ, ਸੰਪਰਕ ਬਨਾਉਣ, ਇਜਾਜ਼ਤਾਂ ਲੈਣ, ਔਖੀਆਂ ਥਾਵਾਂ ਉੱਤੇ ਜਾਕੇ ਫਿਲਮਾਉਣ ਵਾਲੇ ਕਾਰਜਾਂ ਲਈ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ।

Produced in over three and half years, this docuseries by Amardeep is available to watch from 14th October. Source: Supplied by Amardeep Singh
ਅਮਰਦੀਪ ਸਿੰਘ ਇਸ ਤੋਂ ਪਹਿਲਾਂ ਦੋ ਕਿਤਾਬਾਂ 'ਗੁਆਚੇ ਸਭਿਆਚਾਰ' ਉੱਤੇ ਲਿੱਖ ਚੁੱਕੇ ਹਨ ਜਿਹਨਾਂ ਦੇ ਨਾਮ ‘ਲੋਸਟ ਹੈਰਿਟੇਜ’ ਅਤੇ ‘ਦਾ ਕੂਐਸਟ ਕਾਂਟੀਨਿਊਜ਼’ ਹਨ ਅਤੇ ਇਹ ਪਾਕਿਸਤਾਨ ਵਿੱਚ ਸਿੱਖ ਧਾਰਮਿਕ ਵਿਰਸੇ ਦੀ ਖੋਜ ਕਰਦੇ ਹੋਏ ਤਿਆਰ ਕੀਤੀਆਂ ਗਈਆਂ ਹਨ।
ਵਿਰਸੇ ਨੂੰ ਅਗਲੀ ਪੀੜ੍ਹੀ ਵਾਸਤੇ ਸੰਭਾਲਣ ਵਾਲੀ ਸੋਚ ਨੂੰ ਜਾਰੀ ਰਖਦੇ ਹੋਏ ਅਮਰਦੀਪ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਗੁਰੂ ਨਾਨਕ ਦੇਵ ਜੀ ਦੀਆਂ 9 ਦੇਸ਼ਾਂ ਵਿੱਚ ਕੀਤੀਆਂ ਯਾਤਰਾਵਾਂ ਨੂੰ ਫਿਲਮਾਉਣ ਦਾ ਕੰਮ ਸ਼ੁਰੂ ਕੀਤਾ ਸੀ।
ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਉਨ੍ਹਾਂ ਕਿਹਾ, “ਸ੍ਰੀ ਗੁਰੂ ਨਾਨਕ ਦੇਵ ਜੀ ਦਾ ਫਲਸਫਾ ਵਿਸ਼ਵਵਿਆਪੀ ਹੈ ਅਤੇ ਕਿਸੇ ਇੱਕ ਵਿਸ਼ੇਸ਼ ਧਰਮ ਜਾਂ ਵਿਸ਼ਵਾਸ਼ ਤੱਕ ਹੀ ਸੀਮਤ ਨਹੀਂ ਹੈ”।
“ਸਾਡੀ ਟੀਮ ਨੇ ਇਹ ਕਾਰਜ ਤਕਰੀਬਨ ਸਾਢੇ ਤਿੰਨ ਸਾਲਾਂ ਵਿੱਚ ਪੂਰਾ ਕਰਦੇ ਹੋਏ ਹੁਣ ਇਸ ਨੂੰ 24 ਭਾਗਾਂ ਵਾਲੀ ਇੱਕ ਡਾਕੂਸੀਰੀਜ਼ ਵਿੱਚ ਤਿਆਰ ਕਰ ਲਿਆ ਹੈ। ਇਸਨੂੰ ਮੁਫਤ ਦੇਖਿਆ ਜਾ ਸਕਦਾ ਹੈ।"
ਸ਼੍ਰੀ ਸਿੰਘ ਨੇ ਦੱਸਿਆ ਕਿ ਇਸ ਕਾਰਜ ਲਈ ਉਨ੍ਹਾਂ ਸੰਸਾਰ ਭਰ ਦੇ ਕਈ ਨਾਮਵਰ ਡਾਕੂਮੈਂਟਰੀ ਬਨਾਉਣ ਵਾਲਿਆਂ ਤੱਕ ਪਹੁੰਚ ਕੀਤੀ ਪਰ ਇਸ ਲਈ ਮੰਗਿਆ ਗਿਆ ਸਮਾਂ ਅਤੇ ਖਰਚ ਉਨ੍ਹਾਂ ਦੀ ਪਹੁੰਚ ਤੋਂ ਬਾਹਰੀ ਸੀ।
ਇਸ ਪਿੱਛੋਂ ਸ਼੍ਰੀ ਸਿੰਘ ਨੇ ਆਪ ਹੀ ਇੱਕ ਟੀਮ ਬਣਾਕੇ ਅਤੇ ਕੁੱਝ ਉੱਦਮੀਆਂ ਤੋਂ ਮਾਲੀ ਮੱਦਦ ਲੈਂਦੇ ਹੋਏ ਇਸ ਪਰੋਜੈਕਟ ਨੂੰ ਪੂਰਾ ਕਰਨ ਦਾ ਪ੍ਰਣ ਕੀਤਾ।
ਇਸ ਦਸਤਾਵੇਜ਼ੀ ਦਾ ਪਹਿਲਾ ਭਾਗ 14 ਅਕਤੂਬਰ ਨੂੰ ਜਾਰੀ ਕੀਤਾ ਜਾਵੇਗਾ ਅਤੇ ਇਸ ਤੋਂ ਬਾਅਦ 24 ਹਫਤਿਆਂ ਲਈ ਹਰ ਹਫਤੇ ਇੱਕ ਨਵਾਂ ਭਾਗ ਜਾਰੀ ਹੁੰਦਾ ਰਹੇਗਾ।

Amardeep and his team travelled from the deserts of Mecca in Saudi Arabia to Mount Kailash in Tibet, Source: Supplied by Amardeep Singh
ਸ਼੍ਰੀ ਸਿੰਘ ਨੇ ਦੱਸਿਆ ਕਿ ਇਹ ਕਾਰਜ ਨੇਪਰੇ ਚਾੜ੍ਹਨ ਲਈ ਉਨ੍ਹਾਂ ਦੀ ਟੀਮ ਨੂੰ ਕਈ ਮੁਸ਼ਕਿਲਾਂ ਆਈਆਂ - ਇਸ ਵਿੱਚ ਵਿਦੇਸ਼ੀ ਵਿਭਾਗਾਂ ਤੋਂ ਇਜਾਜਤਾਂ ਲੈਂਦੇ ਹੋਏ, ਸਾਊਦੀ ਅਰਬ ਦੇ ਮੱਕੇ ਵਾਲੇ ਮਾਰੂਥਲਾਂ ਤੋਂ, ਤਿੱਬਤ ਦੇ ਕੈਲਾਸ਼ ਪਹਾੜਾਂ ਤੱਕ, ਅਫਗਾਨਿਸਤਾਨ ਦੇ ਖਤਰਨਾਕ ਇਲਾਕਿਆਂ ਦੀ ਖੋਜ, ਇਰਾਕ ਵਿੱਚ ਤਪਦੀ ਗਰਮੀ ਦਾ ਤਜ਼ਰਬਾ, ਪਾਕਿਸਤਾਨ ਦੇ ਬਲੋਚੀ ਪਹਾੜਾਂ ਨੂੰ ਪਾਰ ਕਰਨਾ, ਸ੍ਰੀ ਲੰਕਾ ਤੱਕ ਪਹੁੰਚਣ ਲਈ ਹਿੰਦ ਮਹਾਂਸਾਗਰ ਵਿੱਚ ਉਤਰਨ ਵਰਗੀਆਂ ਚੁਣੌਤੀਆਂ ਸ਼ਾਮਿਲ ਹਨ।
ਇਸ ਦਸਤਾਵੇਜ਼ੀ ਫਿਲਮ ਦੇ ਹਫਤਾਵਾਰੀ ਅੰਕ ਮਿਤੀ 14 ਅਕਤੂਬਰ ਤੋਂ TheGuruNanak.com ਉੱਤੇ ਮੁਫਤ ਦੇਖੇ ਜਾ ਸਕਣਗੇ।
ਸ਼੍ਰੀ ਸਿੰਘ ਦਾ ਅਗਲਾ ਪਰੋਜੈਕਟ ਇਸ ਸੀਰੀਜ਼ ਨੂੰ ਪੰਜਾਬੀ ਅਤੇ ਹਿੰਦੀ ਵਿੱਚ ਪੇਸ਼ ਕਰਨ ਦਾ ਹੈ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।