ਇਸ ਸਮੇਂ ਜਦੋਂ ਸੰਸਾਰ ਵਿੱਚ ਅਪ੍ਰੈਲ ਦਾ ਮਹੀਨਾ ਔਟਿਜ਼ਮ ਜਾਗਰੂਕਤਾ ਵਜੋਂ ਮਨਾਇਆ ਜਾ ਰਿਹਾ ਹੈ, ਡਾਕਟਰ ਰਾਜ ਖਿੱਲਨ ਨੇ ਮਾਨਸਿਕ ਸਥਿਤੀ ਨਾਲ ਸਬੰਧਤ ਮਿੱਥਾਂ ਅਤੇ ਨਿਦਾਨ ਦੀ ਮਹੱਤਤਾ ਬਾਰੇ ਲੰਮੀ ਗੱਲਬਾਤ ਕੀਤੀ ਹੈ।
ਐਸਬੀਐਸ ਪੰਜਾਬੀ ਨਾਲ ਗੱਲ ਕਰਦੇ ਹੋਏ, ਬਾਲ ਰੋਗਾਂ ਦੇ ਮਾਹਿਰ ਡਾ ਖਿੱਲਨ ਕਹਿੰਦੇ ਹਨ ਕਿ ਬਹੁਤ ਸਾਰੇ ਮਾਪੇ ਮੰਨਦੇ ਹਨ ਕਿ ਔਟਿਜ਼ਮ ਮਾੜੇ ਪਾਲਣ-ਪੋਸ਼ਣ ਜਾਂ ਅਣਉਚਿਤ ਦੇਖਭਾਲ ਕਾਰਨ ਹੁੰਦਾ ਹੈ, ਜੋ ਕਿ ਸੱਚ ਨਹੀਂ ਹੈ।
"ਬਹੁਤ ਸਾਰੇ ਮਾਪੇ ਸੋਚਦੇ ਹਨ ਕਿ ਉਹਨਾਂ ਨੇ ਕੁਝ ਗਲਤ ਕੀਤਾ ਹੈ, ਅਤੇ ਇਸ ਲਈ ਉਹਨਾਂ ਦੇ ਬੱਚੇ ਨੂੰ ਔਟਿਜ਼ਮ ਹੈ। ਕਿਰਪਾ ਕਰਕੇ ਜਾਣੋ ਕਿ ਔਟਿਜ਼ਮ ਇੱਕ ਨਿਊਰੋਡਿਵੈਲਪਮੈਂਟਲ ਡਿਸਆਰਡਰ ਹੈ ਜੋ ਜੈਨੇਟਿਕ ਅਤੇ ਵਾਤਾਵਰਣਕ ਕਾਰਕਾਂ ਦੇ ਸੁਮੇਲ ਕਾਰਨ ਹੋਇਆ ਮੰਨਿਆ ਜਾਂਦਾ ਹੈ ਅਤੇ ਇਹ ਮਾੜੇ ਪਾਲਣ-ਪੋਸ਼ਣ ਦਾ ਨਤੀਜਾ ਨਹੀਂ ਹੈ," ਉਨ੍ਹਾਂ ਕਿਹਾ।

Melbourne-based paediatrician Dr Raj Khillan. Source: Supplied
ਡਾਕਟਰ ਖਿੱਲਨ ਦਾ ਕਹਿਣਾ ਹੈ ਕਿ ਇਸ ਸਥਿਤੀ ਦੇ ਸ਼ੁਰੂਆਤੀ ਲੱਛਣਾਂ ਦਾ ਪਤਾ ਉਦੋਂ ਲਗਾਇਆ ਜਾ ਸਕਦਾ ਹੈ ਜਦੋਂ ਬੱਚਾ 18 ਮਹੀਨੇ ਦਾ ਹੁੰਦਾ ਹੈ।
"ਕਈ ਵਾਰ, ਮਾਪੇ ਸ਼ੁਰੂਆਤੀ ਸੰਕੇਤਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ ਅਤੇ ਅਕਸਰ ਕਹਿੰਦੇ ਹਨ ਕਿ ਉਹ ਜਾਂ ਤਾਂ ਆਪਣੀਆਂ ਨੌਕਰੀਆਂ ਵਿੱਚ ਬਹੁਤ ਰੁੱਝੇ ਹੋਏ ਸਨ ਜਾਂ ਆਪਣੇ ਬੱਚੇ ਨਾਲ ਢੁਕਵਾਂ ਸਮਾਂ ਨਹੀਂ ਬਿਤਾ ਸਕੇ ਸਨ। ਮਾਪਿਆਂ ਦਾ ਮੰਨਣਾ ਹੈ ਕਿ ਇਹ ਉਹਨਾਂ ਦੇ ਬੱਚਿਆਂ ਦੇ ਹੌਲੀ ਵਿਕਾਸ ਦਾ ਇੱਕ ਕਾਰਨ ਹੋ ਸਕਦਾ ਹੈ, ਪਰ ਅਜਿਹਾ ਨਹੀਂ ਹੈ ,” ਡਾ ਖਿੱਲਨ ਨੇ ਕਿਹਾ।
ਡਾ ਖਿੱਲਨ ਦਾ ਕਹਿਣਾ ਹੈ ਕਿ ਜੇਕਰ ਤੁਹਾਨੂੰ ਸ਼ੱਕ ਹੈ ਕਿ ਤੁਹਾਡੇ ਬੱਚੇ ਦੇ ਵਿਕਾਸ ਵਿੱਚ ਮਾਮੂਲੀ ਦੇਰੀ ਹੋ ਰਹੀ ਹੈ ਤਾਂ ਕਿਸੇ ਮਾਹਰ ਨਾਲ ਸਲਾਹ ਕਰਨਾ ਮਹੱਤਵਪੂਰਨ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਹਾਲਾਂਕਿ ਸਥਿਤੀ ਦਾ ਕੋਈ ਪੱਕਾ ਇਲਾਜ ਨਹੀਂ ਹੈ, ਇੱਕ ਔਟਿਸਟਿਕ ਵਿਅਕਤੀ ਦੀ ਜ਼ਿੰਦਗੀ ਨੂੰ ਕੋਸ਼ਿਸ਼ ਅਤੇ ਇਲਾਜ ਨਾਲ ਸੁਧਾਰਿਆ ਜਾ ਸਕਦਾ ਹੈ।
"ਮਾਹਰ ਸੈਸ਼ਨਾਂ ਅਤੇ ਥੈਰੇਪੀਆਂ ਦੁਆਰਾ ਬੱਚਿਆਂ ਨੂੰ ਸਮਾਜਿਕ ਹੁਨਰ ਸਿਖਾਏ ਜਾ ਸਕਦੇ ਹਨ।"
ਡਾ ਖਿੱਲਨ ਨੇ ਅੱਗੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਭਾਈਚਾਰਾ ਇਸ ਵਿਸ਼ੇ ਦੇ ਕਲੰਕ ਨੂੰ ਦੂਰ ਕਰੇ।
"ਅਕਸਰ ਮੈਂ ਅਜਿਹੇ ਪਰਿਵਾਰਾਂ ਨੂੰ ਮਿਲਦਾ ਹਾਂ ਜੋ ਔਟਿਜ਼ਮ ਬਾਰੇ ਗੱਲ ਕਰਨ ਨੂੰ ਇੱਕ ਹੱਦ ਤੱਕ ਸ਼ਰਮਨਾਕ ਅਤੇ ਵਰਜਿਤ ਸਮਝਦੇ ਹਨ ਅਤੇ ਉਹ ਡਾਕਟਰੀ ਇਲਾਜ ਕਰਵਾਉਣ ਤੋਂ ਵੀ ਇਨਕਾਰ ਕਰਦੇ ਹਨ। ਜੇਕਰ ਤੁਸੀਂ ਆਪਣੇ ਬੱਚੇ ਦੀ ਮੱਦਦ ਕਰਨਾ ਚਾਹੁੰਦੇ ਹੋ ਤਾਂ ਅਜਿਹਾ ਨਹੀਂ ਹੋਣਾ ਚਾਹੀਦਾ ਹੈ," ਉਨ੍ਹਾਂ ਕਿਹਾ।
ਪੰਜਾਬੀ ਵਿੱਚ ਕੀਤੀ ਹੋਈ ਇਹ ਗੱਲਬਾਤ ਸੁਨਣ ਲਈ ਉੱਪਰ ਦਿੱਤੇ ਸਪੀਕਰ ਵਾਲੇ ਚਿੰਨ੍ਹ 'ਤੇ ਕਲਿੱਕ ਕਰੋ।