1970ਵਿਆਂ ਵਿੱਚ ਜਲੰਧਰ ਦੇ ਗੋਰਾਇਆ ਲਾਗਲੇ ਪਿੰਡ ਅੱਟਾ ਤੋਂ ਕੈਨੇਡਾ ਪਰਵਾਸ ਕਰਕੇ ਗਏ ਭੁਪਿੰਦਰ ਮੱਲ੍ਹੀ ਲਈ ਆਪਣੀ ਮਾਤ-ਭੂਮੀ ਪੰਜਾਬ ਨਾਲ਼ ਨਿਰੰਤਰ ਜੁੜੇ ਰਹਿਣਾ ਹਮੇਸ਼ਾਂ ਅਹਿਮ ਰਿਹਾ ਹੈ।
ਇਹੀ ਕਾਰਨ ਹੈ ਕਿ ਉਹ ਵਿਦੇਸ਼ ਵਸਦੇ ਵੀ ਪੰਜਾਬੀ ਅਤੇ ਪੰਜਾਬੀਅਤ ਨਾਲ਼ ਜੁੜੇ ਕਾਰਜਾਂ ਵਿੱਚ ਆਪਣਾ ਬਣਦਾ ਸਹਿਯੋਗ ਦੇਣ ਲਈ ਹਮੇਸ਼ਾਂ ਯਤਨਸ਼ੀਲ ਰਹੇ ਹਨ।
ਸ੍ਰੀ ਮੱਲ੍ਹੀ ਨੇ ਐਸ ਬੀ ਐਸ ਪੰਜਾਬੀ ਨਾਲ ਇਸ ਇੰਟਰਵਿਊ ਵਿੱਚ ਜਿੱਥੇ ਕੈਨੇਡਾ ਵਸਦੇ ਪੰਜਾਬੀਆਂ ਦੀ ਤਰੱਕੀ ਤੇ ਖੁਸ਼ਹਾਲੀ ਦੀ ਦੱਸ ਪਾਈ ਉਥੇ ਪਰਵਾਸ ਨਾਲ ਸਬੰਧਤ ਮੁਸ਼ਕਲਾਂ ਤੇ ਉਨ੍ਹਾਂ ਦੇ ਸੰਭਾਵੀ ਹੱਲ ਦਾ ਵੀ ਜ਼ਿਕਰ ਕੀਤਾ।
ਸ੍ਰੀ ਮੱਲ੍ਹੀ ਨੇ ਦੱਸਿਆ ਕਿ ਉਨ੍ਹਾਂ ਵਿਰਾਸਤ ਫਾਊਂਡੇਸ਼ਨ ਦੇ ਝੰਡੇ ਹੇਠ ਹੁਣ ਤਕ ਤਿੰਨ ਵਿਸ਼ਵ ਪੰਜਾਬੀ ਕਾਨਫ਼ਰੰਸਾਂ ਕਰਵਾਉਣ ਵਿੱਚ ਮੋਢੀ ਭੂਮਿਕਾ ਨਿਭਾਈ ਹੈ - ਜਿਹਨਾਂ ਵਿੱਚੋਂ ਦੋ ਕੈਨੇਡਾ ਵਿੱਚ ਤੇ ਇੱਕ ਪੰਜਾਬ ਵਿੱਚ ਕਾਰਵਾਈ ਗਈ ਸੀ।
"ਇਨ੍ਹਾਂ ਕਾਨਫਰੰਸਾਂ ਵਿੱਚ ਸਿਆਣੇ, ਸੂਝਵਾਨ ਤੇ ਪੰਜਾਬ-ਪੰਜਾਬੀਅਤ ਦਾ ਫਿਕਰ ਕਰਨ ਵਾਲੇ ਲੋਕਾਂ ਦਾ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਾ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਸੀ," ਉਨ੍ਹਾਂ ਕਿਹਾ।
"ਅਸੀਂ ਹੁਣ ਇਸ ਲੜੀ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਵਿੱਚ ਹਾਂ ਅਤੇ ਆਓਂਦੇ ਕੁਝ ਮਹੀਨਿਆਂ ਵਿੱਚ ਇਸ ਸਬੰਧੀ ਪ੍ਰੋਗਰਾਮ ਉਲੀਕੇ ਜਾਣਗੇ ਤੇ ਹੋਰ ਜਾਣਕਾਰੀ ਮੁਹਈਆ ਕਰਵਾਈ ਜਾਵੇਗੀ।"
ਸ੍ਰੀ ਮੱਲ੍ਹੀ ਨੇ ਦੱਸਿਆ ਕਿ ਉਹ ਕੈਨੇਡਾ ਵਿੱਚ ਵੀ ਸ਼ਾਸ਼ਤਰੀ ਸੰਗੀਤ, ਪੰਜਾਬੀ ਕਵਿਤਾ ਤੇ ਸਾਹਿਤ ਨਾਲ ਜੁੜੇ ਸਮਾਗਮਾਂ ਵਿਚ ਨਿਰੰਤਰ ਸਾਂਝ ਪਾਉਂਦੇ ਹਨ।
ਆਪਣੀ ਅਸਟ੍ਰੇਲੀਅਨ ਫੇਰੀ ਦੌਰਾਨ ਉਨ੍ਹਾਂ ਨਵੀਂ ਪੀੜ੍ਹੀ ਦੇ ਬੱਚਿਆਂ ਵਿੱਚ ਪੰਜਾਬੀ ਬੋਲੀ ਅਤੇ ਵਿਰਸੇ-ਵਿਰਾਸਤ ਨਾਲ ਜੁੜੀਆਂ ਗੱਲਾਂ ਦੀ ਚੇਟਕ ਲਾਉਣ ਦੀ ਅਹਿਮੀਅਤ 'ਤੇ ਜ਼ੋਰ ਦਿੱਤਾ।
ਪੂਰੀ ਜਾਣਕਾਰੀ ਲਈ ਉਹਨਾਂ ਨਾਲ ਕੀਤੀ ਇਹ ਇੰਟਰਵਿਊ ਸੁਣੋ:



