ਆਸਟ੍ਰੇਲੀਆ ਦੀ ਸਰਕਾਰ ਨੇ ਕਿਹਾ ਹੈ ਕਿ ਉਹ ਕੋਵਿਡ-19 ਮਹਾਂਮਾਰੀ ਦੀ ਦਵਾਈ ਬਨਾਉਣ ਲਈ ਕਈ ਕੰਪਨੀਆਂ ਨਾਲ ਪਹਿਲ ਦੇ ਅਧਾਰ ਉੱਤੇ ਗਲਬਾਤ ਕਰ ਰਹੀ ਹੈ। ਸਿਹਤ ਮੰਤਰੀ ਗ੍ਰੇਗ ਹੰਟ ਦਾ ਕਹਿਣਾ ਹੈ ਕਿ ਇਹ ਦਵਾਈ ਅਗਲੇ ਸਾਲ ਤੱਕ ਬਣ ਜਾਵੇਗੀ। ਪਰ ਵਿਰੋਧੀ ਧਿਰ ਦਾ ਕਹਿਣਾ ਹੈ ਕਿ ਆਸਟ੍ਰੇਲੀਅਨ ਸਰਕਾਰ ਇਸ ਕੰਮ ਵਿੱਚ ਪਿੱਛੇ ਰਹਿ ਗਈ ਹੈ ਕਿਉਂਕਿ ਸੰਸਾਰ ਭਰ ਦੇ ਕਈ ਦੇਸ਼ਾਂ ਵਲੋਂ ਪਹਿਲਾਂ ਹੀ ਸੰਸਾਰਕ ਪੱਧਰ ਦੀਆਂ ਕੰਪਨੀਆਂ ਨਾਲ ਗਲਬਾਤ ਅਰੰਭੀ ਵੀ ਜਾ ਚੁੱਕੀ ਹੈ।
ਮੈਲਬਰਨ ਦੀ ਇੱਕ ਛੋਟੀ ਜਿਹੀ ਲਬੋਰਟਰੀ ਵਿੱਚ ਪ੍ਰੋਫੈਸਰ ਵਾਸੋ ਐਪੋਸਟੋਪੂਲੋਸ ਬਹੁਤ ਵੱਡਾ ਕੰਮ ਰਹੀ ਹੈ। ਵਿਕਟੋਰੀਆ ਯੂਨੀਵਰਸਿਟੀ ਦੀ ਇਸ ਮਾਹਰ ਜਿਸ ਨੇ ਪਹਿਲਾਂ ਵੀ ਕੈਂਸਰ ਅਤੇ ਕਈ ਹੋਰ ਵਾਇਰਸਾਂ ਵਾਸਤੇ ਦਵਾਈਆਂ ਬਣਾਈਆਂ ਹੋਈਆਂ ਹਨ, ਹੁਣ ਕੋਵਿਡ-19 ਦੀ ਦਵਾਈ ਬਨਾਉਣ ਲਈ ਸਿਰ ਸੁੱਟ ਕੇ ਲੱਗੀ ਹੋਈ ਹੈ।
ਪ੍ਰੋਫੈਸਰ ਐਪੋਸਟੋਪੂਲੋਸ ਦਰਜਨਾਂ ਹੀ ਉਹਨਾਂ ਆਸਟ੍ਰੇਲੀਅਨ ਵਿਗਿਆਨੀਆਂ ਵਿੱਚੋਂ ਇੱਕ ਹੈ ਜਿਹੜੇ ਇਸ ਸਮੇਂ ਇਸ ਦਵਾਈ ਨੂੰ ਬਨਾਉਣ ਲਈ ਪੂਰਾ ਜੋਰ ਲਗਾ ਰਹੇ ਹਨ। ਇਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਦੇਸ਼ੀ ਅਤੇ ਵਿਦੇਸ਼ੀ ਮਾਹਰਾਂ ਤੋਂ ਬਹੁਤ ਮਦਦ ਮਿਲ ਰਹੀ ਹੈ।
ਇਸ ਸਮੇਂ ਫੈਡਰਲ ਸਰਕਾਰ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਮਹਾਂਮਾਰੀ ਦੀ ਦਵਾਈ ਆਸਟ੍ਰੇਲੀਆ ਵਿੱਚ ਹੀ ਈਜਾਦ ਕੀਤੀ ਜਾ ਸਕੇ। ਸਿਹਤ ਮੰਤਰੀ ਗ੍ਰੇਗ ਹੰਟ ਨੇ ਪੁਸ਼ਟੀ ਕੀਤੀ ਹੈ ਕਿ ਸਰਕਾਰ ਇਸ ਸਮੇਂ ਕਈ ਦੇਸ਼ੀ ਅਤੇ ਵਿਦੇਸ਼ੀ ਕੰਪਨੀਆਂ ਨਾਲ ਗਲਬਾਤ ਕਰ ਰਹੀ ਹੈ।
ਚੀਨ, ਯੂ ਐਸ ਅਤੇ ਬਹੁਤ ਸਾਰੇ ਯੂਰੋਪੀਅਨ ਦੇਸ਼ਾਂ ਨੇ ਪਰਖ ਕੀਤੀਆਂ ਜਾਣ ਵਾਲੀਆਂ ਦਵਾਈਆਂ ਲੱਖਾਂ ਦੀ ਮਾਤਰਾ ਵਿੱਚ ਪਹਿਲਾਂ ਹੀ ਖਰੀਦ ਲਈਆਂ ਹੋਈਆਂ ਹਨ। ਵਿਰੋਧੀ ਧਿਰ ਦੇ ਸ਼ੈਡੋ ਸਿਹਤ ਮੰਤਰੀ ਕਰਿਸ ਬੋਵਨ ਨੇ ਕਿਹਾ ਹੈ ਕਿ ਆਸਟ੍ਰੇਲੀਆ ਨੂੰ ਵੀ ਪਹਿਲਾਂ ਹੀ ਅਜਿਹਾ ਕਰ ਲੈਣਾ ਚਾਹੀਦਾ ਸੀ।
ਇਸ ਸਮੇਂ ਸੰਸਾਰ ਭਰ ਵਿੱਚ ਤਕਰੀਬਨ 30 ਦਵਾਈਆਂ ਅਜਿਹੀਆਂ ਹਨ ਜਿਹਨਾਂ ਦਾ ਮਨੁੱਖਾਂ ਉੱਤੇ ਤਜਰਬਾ ਕੀਤਾ ਜਾ ਰਿਹਾ ਹੈ। ਇਸ ਸਾਰੇ ਕਾਰਜ ਨੂੰ ਤਿੰਨ ਪੜਾਵਾਂ ਵਿੱਚ ਵੰਡਿਆ ਗਿਆ ਹੈ।
ਪਹਿਲੇ ਪੜਾਅ ਵਿੱਚ ਅਜਿਹੀ ਦਵਾਈ ਨੂੰ ਲੋਕਾਂ ਦੇ ਇੱਕ ਛੋਟੇ ਸਮੂਹ ਵਿੱਚ ਵੰਡਿਆ ਜਾਂਦਾ ਹੈ ਤਾਂ ਕਿ ਪਤਾ ਚੱਲ ਸਕੇ ਕਿ ਇਹ ਕਿੰਨੀ ਕੂ ਸੁਰੱਖਿਅਤ ਹੈ।
ਦੂਜੇ ਪੜਾਅ ਵਿੱਚ ਇਸ ਦਵਾਈ ਨੂੰ ਸੈਂਕੜੇ ਲੋਕਾਂ ਨੂੰ ਦਿੱਤਾ ਜਾਂਦਾ ਹੈ।
ਅਤੇ ਤੀਜੇ ਪੜਾਅ ਵਿੱਚ ਇਹ ਦਵਾਈ ਹਜ਼ਾਰਾਂ ਲੋਕਾਂ ਨੂੰ ਦੇ ਕਿ ਇਹ ਪਤਾ ਚਲਾਇਆ ਜਾਂਦਾ ਹੈ ਕਿ ਇਹ ਕਿੰਨੀ ਕੂ ਅਸਰਦਾਰ ਹੈ।
ਇਸ ਪ੍ਰਕਿਰਿਆ ਵਿੱਚ ਆਕਸਫੌਰਡ ਯੂਨਿਵਰਸਿਟੀ ਸਭ ਤੋਂ ਅੱਗੇ ਚਲ ਰਹੀ ਹੈ ਜਿਸ ਨੇ ਬਰਾਜ਼ੀਲ ਵਿੱਚ ਤੀਜੇ ਪੜਾਅ ਦੇ ਟਰਾਇਲ ਸ਼ੁਰੂ ਕੀਤੇ ਹੋਏ ਹਨ।
ਅਮਰੀਕਾ ਦੀ ਮੋਡੇਰਨਾ ਅਤੇ ਚੀਨ ਦੀ ਸੀਨੋਵੈਕ ਵੀ ਇਸ ਤੋਂ ਜਿਆਦਾ ਪਿੱਛੇ ਨਹੀਂ ਹਨ।
ਆਸਟ੍ਰੇਲੀਆ ਦੀਆਂ ਤਿੰਨ ਦਵਾਈਆਂ ਦਾ ਬਰਿਸਬੇਨ, ਮੈਲਬਰਨ ਅਤੇ ਐਡੀਲੇਡ ਵਿੱਚ ਪਹਿਲੇ ਪੜਾਅ ਦੀ ਪਰਖ ਚੱਲ ਰਹੀ ਹੈ।
ਉੱਤਰੀ ਆਸਟ੍ਰੇਲੀਆ ਦੀ ਫਲਿੰਡਰਜ਼ ਯੂਨਿਵਰਸਿਟੀ ਦੇ ਪ੍ਰੋਫੈਸਰ ਨਿਕੋਲਾਈ ਪੈਟਰੋਸਕੀ ਦਾ ਕਹਿਣਾ ਹੈ ਉਹਨਾਂ ਦੀ ਟੀਮ ਨੂੰ ਚੰਗੇ ਨਤੀਜੇ ਪ੍ਰਾਪਤ ਹੋ ਰਹੇ ਹਨ ਪਰ ਅਜੇ ਵੀ ਕੁੱਝ ਮਹੀਨਿਆਂ ਦਾ ਸਮਾਂ ਹੋਰ ਲਗੇਗਾ।
ਉਹਨਾਂ ਕਿਹਾ ਕਿ ਦੂਜੇ ਭਾਗ ਦੀ ਪਰਖ ਲਈ ਬਹੁ-ਵਿਆਪੀ ਲੋਕਾਂ ਨੂੰ ਚੁਣਿਆ ਜਾਵੇਗਾ ਜਿਸ ਵਿੱਚ ਬਜ਼ੁਰਗਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ।
ਹੁਣ ਸੱਭ ਤੋਂ ਵੱਡਾ ਸਵਾਲ ਇਹ ਹੈ ਕਿ ਆਸਟ੍ਰੇਲੀਆ ਨੂੰ ਕਿਹੜੀ ਦਵਾਈ ਵਿੱਚ ਜਿਆਦਾ ਨਿਵੇਸ਼ ਕਰਨਾ ਚਾਹੀਦਾ ਹੈ? ਇਸ ਦਾ ਜਵਾਬ ਦਿੰਦੇ ਹਨ ਵੈਸਟਮੀਡ ਇੰਸਟੀਚਿਊਟ ਦੇ ਕੋ-ਡਾਇਰੈਕਟਰ ਟੋਨੀ ਕੰਨਿੰਘਮ ਜੋ ਕਿ ਆਸਟ੍ਰੇਲੀਆ ਦੀ ਸਰਕਾਰ ਲਈ ਇਸ ਵਿਸ਼ੇ ਦੇ ਸਲਾਹਕਾਰ ਵੀ ਹਨ। ਉਹਨਾਂ ਅਨੁਸਾਰ, ਕਦੀ ਵੀ ਕਿਸੇ ਇੱਕ ਦਿਸ਼ਾ ਵੱਲ ਹੀ ਨਹੀਂ ਵਧਣਾ ਚਾਹੀਦਾ, ਬਲਕਿ ਸਾਰੇ ਪੱਖਾਂ ਉੱਤੇ ਗੌਰ ਕਰਨ ਤੋਂ ਬਾਅਦ ਹੀ ਕੋਈ ਫੈਸਲਾ ਲੈਣਾ ਲਾਹੇਵੰਦ ਹੁੰਦਾ ਹੈ।
ਨਾਲ ਹੀ ਪ੍ਰੋਫੈਸਰ ਕਨਿੰਘਮ ਇਹ ਵੀ ਕਹਿੰਦੇ ਹਨ ਕਿ ਇੱਕ ਵਾਰ ਇਸ ਦੀ ਦਵਾਈ ਬਣ ਜਾਣ ਤੋਂ ਬਾਅਦ ਕਈ ਸਾਲਾਂ ਦਾ ਕੰਮ ਇਸ ਨੂੰ ਸੁਧਾਰ ਕਰਨ ਉੱਤੇ ਵੀ ਲੱਗੇਗਾ। ਦਵਾਈਆਂ ਨੂੰ ਮਾਰਕੀਟ ਵਿੱਚ ਭੇਜਣ ਤੋਂ ਪਹਿਲਾਂ ਹਰ ਪ੍ਰਕਾਰ ਦੀ ਪਰਖ ਕਰਨੀ ਬਹੁਤ ਹੀ ਜਰੂਰੀ ਹੈ।
ਉਹਨਾਂ ਕਿਹਾ ਕਿ ਸਾਰੇ ਪੱਖਾਂ ਨੂੰ ਧਿਆਨ ਵਿੱਚ ਰਖਣ ਤੋਂ ਬਾਅਦ ਬਨਣ ਵਾਲੀ ਇਹ ਦਵਾਈ, ਪਹਿਲਾਂ ਬਣਾਈਆਂ ਹੋਰਨਾਂ ਵਾਇਰਸਾਂ ਦੀਆਂ ਦਵਾਈਆਂ ਨਾਲੋਂ ਸਭ ਤੋਂ ਘੱਟ ਸਮੇਂ ਵਿੱਚ ਬਨਣ ਵਾਲੀ ਪਹਿਲੀ ਦਵਾਈ ਹੋਵੇਗੀ।
Other related stories

Human trial of COVID-19 vaccine begins in Melbourne