ਹਰ ਸਾਲ ਜੂਨ ਦੇ ਸ਼ੁਰੂਆਤੀ ਦਿਨਾਂ ਵਿੱਚ ਸਿੱਖ ਸ਼ਹੀਦਾਂ ਦੀ ਯਾਦ ਵਿੱਚ ਗ੍ਰਿਫ਼ਿਥ ਵਿੱਚ ਹੁੰਦਾ ਇਹ ਖੇਡ ਸਮਾਗਮ ਸਿੱਖ ਭਾਈਚਾਰੇ ਦੇ ਸਲਾਨਾ ਕੈਲੰਡਰ ਦਾ ਇੱਕ ਅਨਿੱਖੜਵਾਂ ਅੰਗ ਹੈ।
ਦੱਸਣਯੋਗ ਹੈ ਕਿ ਇਹ ਟੂਰਾਨਮੈਂਟ ਪਿਛਲੇ 24 ਸਾਲ ਤੋਂ ਕਰਵਾਇਆ ਜਾ ਰਿਹਾ ਹੈ ਅਤੇ ਹਰ ਵਾਰ ਦੀ ਤਰਾਂਹ ਇਸ ਵਾਰ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਹਜ਼ਾਰਾਂ ਲੋਕ ਆਸਟ੍ਰੇਲੀਆ ਭਰ ਤੋਂ ਇਸ ਵਿੱਚ ਸ਼ਮੂਲੀਅਤ ਪਾਉਣਗੇ।
ਪ੍ਰਬੰਧਕਾਂ ਤੇ ਸਥਾਨਕ ਭਾਈਚਾਰੇ ਨੇ ਲੋਕਾਂ ਨੂੰ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ ਹੈ।
ਹਰ ਵਾਰ ਦੀ ਤਰ੍ਹਾਂ ਇਸ ਵਿੱਚ ਕਬੱਡੀ, ਵਾਲੀਬਾਲ, ਫੁੱਟਬਾਲ, ਅਥਲੈਟਿਕਸ, ਰੱਸਾਕਸੀ, ਮਿਊਜ਼ੀਕਲ ਚੇਅਰ, ਸੋਹਣੀ ਦਸਤਾਰ ਅਤੇ ਕੁਇਜ਼ ਮੁਕਾਬਲੇ ਕਰਵਾਏ ਜਾਣਗੇ।
ਕਈ ਖੇਡਾਂ ਨਵੇਂ ਬਣੇ ਖੇਡ ਕੰਪਲੈਕਸ ਵਿੱਚ ਕਰਵਾਈਆਂ ਜਾਣਗੀਆਂ। ਖੇਡਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਦਰਸ਼ਕਾਂ ਨੂੰ ਹਾਕੀ ਮੁਕਾਬਲੇ ਵੀ ਦੇਖਣ ਨੂੰ ਮਿਲਣਗੇ ਜਿਸ ਲਈ ਚਾਰ ਟੀਮਾਂ ਰਜਿਸਟਰ ਹੋ ਚੁੱਕੀਆਂ ਹਨ।

ਸਥਾਨਕ ਪ੍ਰਬੰਧਕੀ ਕਮੇਟੀ ਵੱਲੋਂ ਨਰਿੰਦਰ ਸਿੰਘ ਸੰਧੂ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।
"ਵਾਗਾ ਵਾਗਾ ਤੋਂ ਲੈ ਕੇ ਸ਼ੈਪਰਟਨ ਤੱਕ ਦੇ ਹੋਟਲ-ਮੋਟਲ ਪੂਰੀ ਤਰ੍ਹਾਂ ਬੁੱਕ ਹੋ ਚੁੱਕੇ ਹਨ, ਕੈਰਾਵੈਨ ਪਾਰਕ ਵੀ ਪੂਰੀ ਤਰ੍ਹਾਂ ਭਰੇ ਹੋਏ ਹਨ। ਟਨਾਂ ਦੇ ਹਿਸਾਬ ਨਾਲ਼ ਪਿੰਨੀਆਂ, ਲੱਡੂ, ਮਟਰੀ, ਮੱਠੀਆਂ ਆਦਿ ਤਿਆਰ ਕੀਤੇ ਗਏ ਹਨ।
"ਇਨ੍ਹਾਂ ਤਿਆਰੀਆਂ ਵਿੱਚ ਸਥਾਨਿਕ ਬੀਬੀਆਂ-ਭੈਣਾਂ ਦਾ ਖਾਸ ਯੋਗਦਾਨ ਹੈ। ਇਥੋਂ ਤੱਕ ਕਿ 60-70 ਸਾਲ ਉਮਰ ਦੀਆਂ ਬਜ਼ੁਰਗ ਮਾਤਾਵਾਂ ਵੀ ਇਹਨਾਂ ਪ੍ਰਬੰਧਾਂ ਵਿੱਚ ਦਿਨ-ਰਾਤ ਜੁਟੀਆਂ ਹੋਈਆਂ ਹਨ ਜਿਨ੍ਹਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ,” ਉਨ੍ਹਾਂ ਕਿਹਾ।
“ਅਸੀਂ ਸਰਕਾਰ ਅਤੇ ਗ੍ਰਿਫ਼ਿਥ ਕੌਂਸਲ ਦੇ ਵੀ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਦੇ ਸਹਿਯੋਗ ਸਦਕਾ ਇਹ ਟੂਰਨਾਮੈਂਟ ਕਰਵਾਇਆ ਜਾਂਦਾ ਹੈ।"
ਪ੍ਰਬੰਧਕਾਂ ਵੱਲੋਂ ਲੋਕਾਂ ਨੂੰ ਨਸ਼ੇ ਤੋਂ ਸਖਤ ਪ੍ਰਹੇਜ਼ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਸਬੰਧੀ ਬੇਨਤੀਆਂ ਵੀ ਕੀਤੀਆਂ ਗਈਆਂ ਹਨ ਜਿਸ ਸਬੰਧੀ ਹੋਰ ਜਾਣਕਾਰੀ ਸ਼ਹੀਦੀ ਟੂਰਨਾਮੈਂਟ ਦੇ ਫੇਸਬਬੁੱਕ ਪੇਜ ਤੋਂ ਲਈ ਜਾ ਸਕਦੀ ਹੈ।
ਇਸ ਵਾਰ ਦੀਆਂ ਖੇਡਾਂ ਦੋ ਥਾਵਾਂ ਉੱਤੇ ਕਰਵਾਈਆਂ ਜਾ ਰਹੀਆਂ ਹਨ। ਇਸ ਵਿਚ ਪਹਿਲਾਂ ਤੋਂ ਸ਼ਾਮਿਲ ਟੇਡ ਸਕੋਬੀ ਓਵਲ ਅਤੇ ਨਵਾਂ ਬਣਿਆ ਖੇਡ ਕੰਪਲੈਕਸ ਸ਼ਾਮਿਲ ਹੈ।
ਸਾਲ 2022 ਦੇ ਸ਼ਹੀਦੀ ਟੂਰਨਮੈਂਟ ਦੀ ਤਸਵੀਰਾਂ ਦੇਖਣ ਲਈ ਇਥੇ ਕਲਿਕ ਕਰੋ:
ਸਿੱਖ ਭਾਈਚਾਰੇ ਦੇ ਜੁਝਾਰੂ ਤੇ ਕੁਰਬਾਨੀਆਂ ਭਰੇ ਇਤਿਹਾਸ ਨੂੰ ਰੂਪਮਾਨ ਕਰਦੀ ਇੱਕ ਚਿੱਤਰ ਪ੍ਰਦਰਸ਼ਨੀ ਵੀ ਇਸ ਸਮਾਗਮ ਦਾ ਹਿੱਸਾ ਬਣੇਗੀ।
ਜ਼ਿਕਰਯੋਗ ਹੈ ਕਿ ਖੇਡ-ਸਮਾਗਮਾਂ ਦਾ ਹਿੱਸਾ ਬਣਨ ਆਓਂਦੇ ਲੋਕ ਸਥਾਨਿਕ ਅਰਥਵਿਵਸਥਾ ਵਿੱਚ ਕਈ ਮਿਲੀਅਨ ਡਾਲਰ ਦਾ ਯੋਗਦਾਨ ਪਾਉਂਦੇ ਹਨ ਜਿਸ ਕਰਕੇ ਗ੍ਰਿਫ਼ਿਥ ਕੌਂਸਲ ਵੱਲੋਂ ਇਸ ਜੋੜ ਮੇਲੇ ਨੂੰ ਖਾਸ ਅਹੀਮੀਅਤ ਦਿੱਤੀ ਜਾਂਦੀ ਹੈ।
ਪੂਰੀ ਗੱਲਬਾਤ ਸੁਨਣ ਲਈ ਆਡੀਓ ਆਈਕਨ ਉੱਤੇ ਕਲਿਕ ਕਰੋ....



