ਗ੍ਰਿਫਥ ਬਿਜਨਸ ਚੈਂਬਰ ਵਲੋਂ ਗ੍ਰਿਫ਼ਥ ਸ਼ਹੀਦੀ ਜੋੜ ਮੇਲੇ ਨੂੰ 'ਆਊਟਸਟੈਂਡਿੰਗ ਵਿਜ਼ਿਟਰ ਐਕਸਪੀਰੀਐਂਸ’ ਐਵਾਰਡ ਦਿੱਤਾ ਗਿਆ ਹੈ।
5 ਅਗਸਤ ਨੂੰ ਸਾਲਾਨਾ ਅਵਾਰਡਜ਼ ਨਾਈਟ ਦੌਰਾਨ ਦਿੱਤਾ ਗਿਆ ਇਹ ਸਨਮਾਨ ਲੈਣ ਲਈ ਗੁਰਦੁਆਰਾ ਸਿੰਘ ਸਭਾ ਸੁਸਾਇਟੀ ਦੇ ਨੁਮਾਇੰਦੇ ਹਾਜ਼ਿਰ ਹੋਏ ਸਨ।
ਸੁਸਾਇਟੀ ਦੇ ਪ੍ਰਧਾਨ ਨਰਿੰਦਰ ਸਿੰਘ ਸੰਧੂ ਨੇ ਐਸ ਬੀ ਐਸ ਪੰਜਾਬੀ ਨਾਲ਼ ਆਪਣੀ ਖੁਸ਼ੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਸਮੁੱਚੇ ਭਾਈਚਾਰੇ ਲਈ 'ਮਾਣ ਵਾਲ਼ੀ ਗੱਲ' ਹੈ।
ਉਨ੍ਹਾਂ ਇਹ ਸਨਮਾਨ ਸਮੂਹ ਸਿੱਖ ਸ਼ਹੀਦਾਂ, ਸੇਵਾਦਾਰਾਂ ਤੇ ਆਸਟ੍ਰੇਲੀਅਨ ਸਿੱਖ ਜਥੇਬੰਦੀਆਂ ਨੂੰ ਸਮਰਪਿਤ ਕੀਤਾ ਹੈ।
"ਸ਼ਹੀਦੀ ਜੋੜ ਮੇਲੇ ਨੂੰ ਕਰਵਾਉਣ ਵਿੱਚ ਸਥਾਨਿਕ ਲੋਕਾਂ, ਸਿੱਖ ਸੇਵਾਦਾਰਾਂ ਖ਼ਾਸ ਕਰ ਬੀਬੀਆਂ ਅਤੇ ਦੇਸ਼ ਭਰ ਤੋਂ ਆਉਂਦੀਆਂ ਸਿੱਖ ਜਥੇਬੰਦੀਆਂ ਦਾ ਅਹਿਮ ਯੋਗਦਾਨ ਹੁੰਦਾ ਹੈ। ਇਸ ਪਿਛਲੀ ਕਾਮਯਾਬੀ ਦਾ ਕਾਰਨ ਵੀ ਇਹੀ ਹੈ ਕਿ ਇਹ ਭਾਈਚਾਰੇ ਦਾ ਸਾਂਝਾ ਉੱਦਮ ਹੈ," ਉਨ੍ਹਾਂ ਕਿਹਾ।
ਗ੍ਰਿਫ਼ਿਥ ਦੇ ਸਾਲਾਨਾ ਸ਼ਹੀਦੀ ਟੂਰਨਾਮੈਂਟ ਦੀ ਕਾਮਯਾਬੀ ਲਈ ਸਥਾਨਿਕ ਭਾਈਚਾਰੇ ਵੱਲੋਂ ਅਣਥੱਕ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। Credit: Supplied
ਗ੍ਰਿਫ਼ਿਥ ਦੇ ਕੌਂਸਲਰ ਮਨਜੀਤ ਸਿੰਘ ਲਾਲੀ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਕੌਂਸਲ ਵੱਲੋਂ ਮੁਫ਼ਤ ਵਿੱਚ ਗਰਾਊਂਡ ਮੁਹਈਆ ਕਰਵਾਏ ਜਾਂਦੇ ਹਨ ਤੇ 10,000 ਡਾਲਰ ਦੀ ਸਹਾਇਤਾ ਰਾਸ਼ੀ ਦਿੱਤੀ ਜਾਂਦੀ ਹੈ।
ਜ਼ਿਕਰਯੋਗ ਹੈ ਕਿ 10 ਤੇ 11 ਜੂਨ ਨੂੰ ਕਰਵਾਏ ਗਏ 25ਵੇਂ ਸ਼ਹੀਦੀ ਟੂਰਨਾਮੈਂਟ ਵਿੱਚ ਅੰਦਾਜ਼ਨ 35 ਹਜ਼ਾਰ ਤੋਂ ਵੀ ਵੱਧ ਲੋਕ ਸ਼ਾਮਿਲ ਹੋਏ।
ਇਸ ਨਾਲ ਸਥਾਨਿਕ ਅਰਥਚਾਰੇ ਨੂੰ ਪੰਜ ਤੋਂ ਛੇ ਮਿਲੀਅਨ ਡਾਲਰ ਦਾ ਫਾਇਦਾ ਹੋਇਆ ਦੱਸਿਆ ਜਾਂਦਾ ਹੈ।
ਪ੍ਰਬੰਧਕਾਂ ਵੱਲੋਂ ਅਗਲੇ ਸਾਲ ਹੋਰ ਵੀ ਵਧੀਆ ਸਮਾਗਮ ਕਰਵਾਉਣ ਦੇ ਉਪਰਾਲੇ ਹੁਣ ਤੋਂ ਹੀ ਸ਼ੁਰੂ ਕਰ ਦਿੱਤੇ ਗਏ ਹਨ।
ਨਰਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਵੱਡੇ ਇਕੱਠ ਦੇ ਚਲਦਿਆਂ ਰਿਹਾਇਸ਼ ਦੇ ਬੇਹਤਰ ਪ੍ਰਬੰਧ ਸਮੇਂ ਦੀ ਮੁੱਖ ਲੋੜ ਵਜੋਂ ਉਭਰਕੇ ਸਾਮਣੇ ਆਏ ਹਨ।
ਉਨ੍ਹਾਂ ਦੱਸਿਆ ਕਿ ਜੋੜ ਮੇਲੇ ਵਾਲ਼ੇ ਦਿਨਾਂ ਵਿੱਚ ਹੋਟਲ-ਮੋਟਲ ਪੂਰੀ ਤਰਾਂਹ ਬੁੱਕ ਹੋਣ ਕਰਕੇ ਆਰਜ਼ੀ ਟੈਂਟ ਪ੍ਰਬੰਧ ਲਈ ਕੁਈਨਜ਼ਲੈਂਡ ਦੀ ਇੱਕ ਕੰਪਨੀ ਨਾਲ਼ ਵਿਚਾਰਾਂ ਕੀਤੀਆਂ ਜਾ ਰਹੀਆਂ ਹਨ।
ਹੋਰ ਵੇਰਵੇ ਲਈ ਉਨ੍ਹਾਂ ਨਾਲ਼ ਕੀਤੀ ਇਹ ਇੰਟਰਵਿਊ ਸੁਣੋ....