ਸਿਡਨੀ ਦੀ ਸੰਸਥਾ ਹਰਮਨ ਫਾਊਂਡੇਸ਼ਨ ਦੀ ਹਰਿੰਦਰ ਕੌਰ ਨੇ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਦਸਿਆ ਕਿ ਉਹ ਘਰੇਲੂ ਹਿੰਸਾ ਦੇ ਪੀੜਤਾਂ ਦਾ ਸਾਥ ਦੇਣ ਲਈ ਨਿਰੰਤਰ ਯਤਨਸ਼ੀਲ ਹਨ।
ਸ਼੍ਰੀਮਤੀ ਕੌਰ ਨੇ ਦੱਸਿਆ ਕਿ ਹਰਮਨ ਫਾਊਂਡੇਸ਼ਨ ਦੀ ਸਥਾਪਨਾ ਸਾਲ 2013 ਵਿੱਚ ਉਨ੍ਹਾਂ ਆਪਣੇ ਨੌਜਵਾਨ ਬੱਚੇ ਦੇ ਅਚਾਨਕ ਇਸ ਦੁਨਿਆ ਤੋਂ ਚਲੇ ਜਾਣ ਤੋਂ ਬਾਅਦ ਆਈਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰਖਦੇ ਹੋਏ ਕੀਤੀ ਸੀ ਤਾਂ ਕਿ ਅਜਿਹੀਆਂ ਸਥਿਤੀਆਂ ਪੈਦਾ ਹੋਣ ਦੀ ਸੂਰਤ ਵਿੱਚ ਹੋਰਨਾਂ ਦੀ ਢੁੱਕਵੀਂ ਮੱਦਦ ਕੀਤੀ ਜਾ ਸਕੇ।
“ਅਸੀਂ ਹਜ਼ਾਰਾਂ ਭਾਈਚਾਰੇ ਦੀ ਸੇਵਾ ਦੇ ਉਦੇਸ਼ ਨਾਲ ਇਸ ਸੰਸਥਾ ਦੀ ਸਥਾਪਨਾ ਕੀਤੀ ਸੀ। ਇੱਕ ਆਰਜ਼ੀ ਰਿਹਾਇਸ਼ 'ਹਰ-ਹਾਊਸ' ਜ਼ਰੀਏ ਅਸੀਂ 60 ਤੋਂ ਵੀ ਜਿਆਦਾ ਪੀੜਤਾਂ ਨੂੰ ਉਹਨਾਂ ਦੇ ਮੁਸ਼ਕਲਾਂ ਭਰੇ ਸਮਿਆਂ ਵਿੱਚ ਰਹਿਣ ਲਈ ਸੁਰੱਖਿਅਤ ਥਾਂ ਪ੍ਰਦਾਨ ਕੀਤੀ,” ਉਨ੍ਹਾਂ ਕਿਹਾ।
“ਪਿਛਲੇ 10 ਸਾਲਾਂ ਦੌਰਾਨ ਅਸੀਂ ਬਹੁਤ ਸਾਰੇ ਪਰਿਵਾਰਾਂ ਦੀ ਮੱਦਦ ਕੀਤੀ ਹੈ ਜਿਹਨਾਂ ਵਿੱਚ ਘਰੇਲੂ ਹਿੰਸਾ ਨਾਲ ਪੀੜਤ, ਅਕਸਮਾਤ ਮੌਤ ਕਾਰਨ ਦੁਖੀ ਪਰਿਵਾਰ, ਸਿੱਖਿਆ ਲਈ ਮਾਇਕ ਮੱਦਦ, ਹਸਪਤਾਲਾਂ ਵਿੱਚ ਦਾਖਲ ਮਰੀਜ਼ਾਂ ਦੀ ਦੇਖਭਾਲ ਆਦਿ ਸ਼ਾਮਲ ਹਨ”।
ਇਸ ਗੱਲਬਾਤ ਵਿੱਚ ਜਾਣੋ ਕਿ ਆਪਣੀਆਂ ਪਿਛਲੀਆਂ ਪ੍ਰਾਪਤੀਆਂ ਦਾ ਲੇਖਾ-ਜੋਖਾ ਕਰਦੇ ਹੋਏ ਹਰਮਨ ਫਾਂਊਂਡੇਸ਼ਨ ਹੋਰ ਕੀ ਕਰਨਾ ਲੋਚਦੀ ਹੈ: