ਉੱਚ ਕੋਲੇਸਟਰੋਲ ਇੱਕ ਆਮ ਪਰ ਗੰਭੀਰ ਸਿਹਤ ਸਮੱਸਿਆ ਹੈ ਜੋ ਅਕਸਰ ਬਿਨਾਂ ਕਿਸੇ ਲੱਛਣ ਦੇ ਵਿਕਸਿਤ ਹੁੰਦੀ ਹੈ। ਇਹ ਖੂਨ ਦੀਆਂ ਨਸਾਂ ਵਿੱਚ ਰੁਕਾਵਟ ਪੈਦਾ ਕਰਕੇ ਦਿਲ ਦੇ ਦੌਰੇ ਅਤੇ ਸਟ੍ਰੋਕ ਦੇ ਖਤਰੇ ਨੂੰ ਵਧਾ ਸਕਦੀ ਹੈ। ਦੱਖਣੀ ਏਸ਼ੀਆਈ ਭਾਈਚਾਰੇ ਵਿੱਚ ਇਸ ਦੀ ਦਰ ਵੱਧ ਪਾਈ ਜਾਂਦੀ ਹੈ। ਸਿਹਤ ਸੰਭਾਲ ਲੜੀਵਾਰ ਦੇ ਇਸ ਐਪੀਸੋਡ ਵਿੱਚ ਜਾਣੋ ਕਿ ਸਿਹਤਮੰਦ ਖੁਰਾਕ, ਨਿਯਮਿਤ ਕਸਰਤ ਅਤੇ ਸਮੇਂ-ਸਮੇਂ ‘ਤੇ ਸਿਹਤ ਜਾਂਚ ਇਸ ਨੂੰ ਕਾਬੂ ਵਿੱਚ ਰੱਖਣ ਲਈ ਕਿਉਂ ਇੰਨੇ ਮਹੱਤਵਪੂਰਨ ਹਨ।
ਕੋਲੇਸਟਰੋਲ ਇੱਕ ਚਰਬੀ ਵਰਗਾ ਪਦਾਰਥ ਹੈ ਜੋ ਸਰੀਰ ਦੇ ਸਾਧਾਰਨ ਕੰਮਕਾਜ ਲਈ ਜ਼ਰੂਰੀ ਹੁੰਦਾ ਹੈ। ਇਹ ਸਰੀਰ ਵੱਲੋਂ ਕੁਦਰਤੀ ਤੌਰ ‘ਤੇ ਬਣਾਇਆ ਜਾਂਦਾ ਹੈ ਅਤੇ ਖਾਣ-ਪੀਣ ਰਾਹੀਂ ਵੀ ਮਿਲਦਾ ਹੈ। ਕੋਲੇਸਟਰੋਲ ਹਾਰਮੋਨ, ਸੈੱਲ ਅਤੇ ਵਿਟਾਮਿਨ ਡੀ ਬਣਾਉਣ ਵਿੱਚ ਮਦਦ ਕਰਦਾ ਹੈ, ਪਰ ਇਸ ਦੀ ਵੱਧ ਮਾਤਰਾ ਸਿਹਤ ਲਈ ਖਤਰਨਾਕ ਹੋ ਸਕਦੀ ਹੈ।
ਸਿਹਤ ਸੰਭਾਲ ਲੜੀਵਾਰ ਦੇ ਇਸ ਕੋਲੇਸਟਰੋਲ ਕੰਟਰੋਲ ਵਾਲੇ ਐਪੀਸੋਡ ਲਈ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਡਾ. ਮਨਦੀਪ ਕੌਰ ਨੇ ਚੇਤਾਵਨੀ ਦਿੰਦਿਆਂ ਕਿਹਾ, "ਉੱਚ ਕੋਲੇਸਟਰੋਲ ਨੂੰ ਅਕਸਰ ‘ਸਾਈਲੈਂਟ ਕਿਲਰ’ ਕਿਹਾ ਜਾਂਦਾ ਹੈ ਕਿਉਂਕਿ ਇਸ ਦੇ ਆਮ ਤੌਰ ‘ਤੇ ਕੋਈ ਲੱਛਣ ਨਹੀਂ ਹੁੰਦੇ। ਇਸ ਲਈ ਨਿਯਮਿਤ ਖੂਨ ਦੀ ਜਾਂਚ ਕਰਵਾਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਸਮੱਸਿਆ ਦਾ ਸਮੇਂ ਸਿਰ ਪਤਾ ਲੱਗ ਸਕੇ ਅਤੇ ਦਿਲ ਦੀਆਂ ਬਿਮਾਰੀਆਂ ਜਾਂ ਸਟ੍ਰੋਕ ਦੇ ਖਤਰੇ ਨੂੰ ਘਟਾਇਆ ਜਾ ਸਕੇ।"
‘ਖਰਾਬ’ ਕੋਲੇਸਟਰੋਲ (LDL) ਖੂਨ ਦੀਆਂ ਨਸਾਂ ਦੀਆਂ ਕੰਧਾਂ ਨਾਲ ਚਿਪਕ ਕੇ ਰੁਕਾਵਟ ਪੈਦਾ ਕਰ ਸਕਦਾ ਹੈ, ਜਦਕਿ ‘ਚੰਗਾ’ ਕੋਲੇਸਟਰੋਲ (HDL) ਇਸ ਨੂੰ ਜਿਗਰ ਤੱਕ ਲੈ ਜਾ ਕੇ ਸਰੀਰ ਤੋਂ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ। ਇਸ ਦੇ ਨਾਲ ਹੀ ਉੱਚ ਟ੍ਰਾਈਗਲਿਸਰਾਈਡ ਪੱਧਰ ਵੀ ਦਿਲ ਦੀਆਂ ਬਿਮਾਰੀਆਂ ਅਤੇ ਸਟ੍ਰੋਕ ਦੇ ਖਤਰੇ ਨੂੰ ਵਧਾ ਸਕਦੇ ਹਨ।
ਉੱਚ ਕੋਲੇਸਟਰੋਲ ਦੀ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਇਸ ਦੇ ਆਮ ਤੌਰ ‘ਤੇ ਕੋਈ ਲੱਛਣ ਨਹੀਂ ਹੁੰਦੇ। ਇਸ ਲਈ ਨਿਯਮਿਤ ਸਿਹਤ ਜਾਂਚ ਬਹੁਤ ਮਹੱਤਵਪੂਰਨ ਹੈ। ਧੂਮਰਪਾਨ, ਵੱਧ ਸ਼ਰਾਬ, ਘੱਟ ਸਰੀਰਕ ਗਤੀਵਿਧੀ, ਮੋਟਾਪਾ, ਪਰਿਵਾਰਕ ਇਤਿਹਾਸ ਅਤੇ ਚਰਬੀ ਵਾਲੀ ਜਾਂ ਮਿੱਠੀ ਖੁਰਾਕ ਇਸ ਦੇ ਮੁੱਖ ਜੋਖਮ ਕਾਰਕ ਹਨ।
ਜੇਕਰ ਤੁਹਾਡੇ ਪਰਿਵਾਰ ਵਿੱਚ ਦਿਲ ਦੀਆਂ ਬਿਮਾਰੀਆਂ ਜਾਂ ਉੱਚ ਕੋਲੇਸਟਰੋਲ ਦਾ ਇਤਿਹਾਸ ਹੈ, ਤਾਂ ਇਹ ਮੰਨ ਕੇ ਨਾ ਚੱਲੋ ਕਿ ਤੁਸੀਂ ਬਿਲਕੁਲ ਸੁਰੱਖਿਅਤ ਹੋ। ਨਿਯਮਿਤ ਜਾਂਚ ਅਤੇ ਸਮੇਂ ਸਿਰ ਸਲਾਹ ਤੁਹਾਡੇ ਦਿਲ ਦੀ ਸਿਹਤ ਦੀ ਰੱਖਿਆ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ।Dr Mandeep Kaur, RDAA Awardee
ਮਾਹਿਰਾਂ ਅਨੁਸਾਰ ਤਾਜ਼ੇ ਫਲ, ਸਬਜ਼ੀਆਂ, ਦਾਲਾਂ, ਗਿਰੀਆਂ ਅਤੇ ਘੱਟ ਚਰਬੀ ਵਾਲੇ ਭੋਜਨ ਦੀ ਵਰਤੋਂ, ਹਫ਼ਤੇ ਵਿੱਚ ਜ਼ਿਆਦਾਤਰ ਦਿਨ 30 ਤੋਂ 60 ਮਿੰਟ ਕਸਰਤ, ਅਤੇ ਲੋੜ ਪੈਣ ‘ਤੇ ਡਾਕਟਰੀ ਸਲਾਹ ਨਾਲ ਦਵਾਈਆਂ ਲੈਣ ਨਾਲ ਕੋਲੇਸਟਰੋਲ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕਾਬੂ ਕੀਤਾ ਜਾ ਸਕਦਾ ਹੈ।
ਹੋਰ ਜਾਣਕਾਰੀ ਲਈ ਇੱਥੇ ਜਾਓ...
ਹੋਰ ਵੇਰਵੇ ਲਈ ਆਡੀਓ ਬਟਨ ਕਲਿਕ ਕਰੋ
ਐਸ ਬੀ ਐਸ ਪੰਜਾਬੀ ਦੁਨੀਆ ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।
ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।





