ਉੱਤਰੀ ਐਡੀਲੇਡ ਦੇ ਕਮਫਰਟ ਹੋਟਲ ਮੈਰੀਡੀਅਨ ਵਿੱਚ 24 ਅਪ੍ਰੈਲ ਦੀ ਸਵੇਰ ਭਿਆਨਕ ਅੱਗ ਲੱਗਣ ਕਾਰਨ ਤਿੰਨ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।
ਰਾਇਲ ਐਡੀਲੇਡ ਹਸਪਤਾਲ ਵਿੱਚ ਜੇਰੇ ਇਲਾਜ ਲੋਕਾਂ ਵਿੱਚ ਭਾਰਤੀ ਮੂਲ ਦੇ ਸਥਾਨਿਕ ਪੱਧਰ ਉੱਤੇ ਡੀ ਜੇ ਦਾ ਕੰਮ ਕਾਰਨ ਵਾਲੇ ਵਿਸ਼ਾਲ ਸ਼ਰਮਾ ਵੀ ਸ਼ਾਮਿਲ ਹਨ।
ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ ਸ਼੍ਰੀ ਸ਼ਰਮਾ ਦੇ ਦੋਸਤਾਂ ਨੇ ਦੱਸਿਆ ਕਿ ਹੋਟਲ 'ਚ ਹੋਰ ਲੋਕਾਂ ਦੀ ਜਾਨ ਬਚਾਉਣ ਲਈ ਸ਼੍ਰੀ ਸ਼ਰਮਾ ਨੇ ਅੱਗ ਦੀ ਪਰਵਾਹ ਕੀਤੇ ਬਗੈਰ ਵਾਰੋ-ਵਾਰੀ ਸੁੱਤੇ ਪਏ ਲੋਕਾਂ ਦੇ ਕਮਰਿਆਂ ਦੇ ਬੂਹੇ ਖੜਕਾਉਣੇ ਸ਼ੁਰੂ ਕਰ ਦਿੱਤੇ।
ਇਸ ਨਾਲ ਲੋਕ ਸੁਚੇਤ ਹੋ ਗਏ ਪਰ ਇਸ ਦੌਰਾਨ ਸ਼੍ਰੀ ਸ਼ਰਮਾ ਗੰਧਲ਼ੇ ਧੂੰਏਂ ਕਾਰਨ ਗੰਭੀਰ ਰੂਪ ਵਿੱਚ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨੂੰ ‘ਆਈ ਸੀ ਯੂ’ ਵਿੱਚ ਇਲਾਜ ਲਈ ਲਿਜਾਣਾ ਪਿਆ।
ਗੰਭੀਰ ਰੂਪ ਵਿੱਚ ਜ਼ਖਮੀ ਦੋ ਬੱਚਿਆਂ ਦੇ ਪਿਤਾ 43-ਸਾਲਾ ਵਿਸ਼ਾਲ ਸ਼ਰਮਾ ਦੀ ਇੱਕ 'ਹੀਰੋ' ਵਜੋਂ ਸਿਫ਼ਤ ਕੀਤੀ ਜਾ ਰਹੀ ਹੈ।
ਉਨ੍ਹਾਂ ਦੇ ਲੰਬੇ ਸਮੇਂ ਤੋਂ ਦੋਸਤ ਦਲਜੀਤ ਬਖਸ਼ੀ ਨੇ ਕਿਹਾ,"ਵਿਸ਼ਾਲ ਬਹੁਤ ਨੇਕ-ਦਿਲ ਨੌਜਵਾਨ ਹੈ। ਉਸਨੇ ਆਪਣੀ ਜ਼ਿੰਦਗੀ ਬਾਰੇ ਸੋਚਣ ਤੋਂ ਪਹਿਲਾਂ ਦੂਜਿਆਂ ਦੀ ਮਦਦ ਕਰਨ ਕਰਨ ਬਾਰੇ ਸੋਚਿਆ। ਉਸਦੀ ਸਮੇਂ ਸਿਰ ਕੀਤੀ ਕਾਰਵਾਈ ਨੇ ਕਈ ਜਾਨਾਂ ਬਚਾਉਣ ਵਿੱਚ ਮਦਦ ਕੀਤੀ।"

Vish Sharma (R) with his friend Daljeet Bakshi (L) during happier times. Source: Supplied by Mr Bakshi
ਇੱਕ ਰਿਪੋਰਟ ਮੁਤਾਬਿਕ ਲਗਭਗ 50 ਫਾਇਰਫਾਈਟਰਾਂ ਨੇ ਹੋਟਲ ਵਿੱਚੋਂ ਸੈਂਕੜੇ ਲੋਕਾਂ ਨੂੰ ਸਮੇ ਸਿਰ ਬਚਾਇਆ। ਅੱਗ ਲੱਗਣ ਕਾਰਨ ਹੋਟਲ ਦੀ ਤੀਜੀ ਮੰਜ਼ਿਲ ਤੋਂ ਸੱਤ ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿਨ੍ਹਾਂ ਵਿੱਚੋਂ ਸ਼੍ਰੀ ਸ਼ਰਮਾ ਸਣੇ ਤਿੰਨ ਨੂੰ ਆਈ ਸੀ ਯੂ ਵਿੱਚ ਭਾਰਤੀ ਕਰਵਾਉਣਾ ਪਿਆ।
"ਲੰਬੇ ਸਮੇਂ ਤੱਕ ਧੂੰਏਂ ਵਿਚਕਾਰ ਰਹਿਣ ਕਾਰਨ ਵਿਸ਼ ਸ਼ਰਮਾ ਦੀ ਸਾਹ ਨਾੜੀ ਧੂੰਏਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ," ਸ਼੍ਰੀ ਬਖਸ਼ੀ ਨੇ ਦੱਸਿਆ।
ਸ਼੍ਰੀ ਸ਼ਰਮਾ, ਜੋ ਕਿ ਚੰਡੀਗੜ੍ਹ ਦੇ ਰਹਿਣ ਵਾਲੇ ਹਨ, ਸ਼ਨੀਵਾਰ ਰਾਤ ਨੂੰ ਐਡੀਲੇਡ ਵਿੱਚ ਆਯੋਜਿਤ ਪੰਜਾਬੀ ਸੰਗੀਤ ਸਮਾਗਮ 'ਦੇਸੀ ਮੇਲਾ' ਵਿੱਚ ਸ਼ਾਮਿਲ ਹੋਏ ਸਨ।
ਹਰਜੀਤ ਹਰਮਨ ਅਤੇ ਸੱਜਣ ਅਦੀਬ ਦੀ ਸ਼ਮੂਲੀਅਤ ਵਾਲ਼ੇ ਇਸ ਸਮਾਗਮ ਪਿੱਛੋਂ ਹੋਟਲ ਵਿੱਚ ਕਈ ਪ੍ਰਬੰਧਕ, ਪ੍ਰਮੋਟਰ ਅਤੇ ਸੰਗੀਤਕਰ ਠਹਿਰੇ ਹੋਏ ਸਨ।
ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਸ਼ੋਅ ਦੇ ਇੱਕ ਹੋਰ ਪ੍ਰਬੰਧਕ, ਮਨਮੋਹਨ ਸਿੰਘ ਨੇ ਕਿਹਾ, “ਮੈਂ ਅਤੇ ਸੱਜਣ ਅਦੀਬ, ਵਿਸ਼ਾਲ ਦੇ ਨਾਲ ਸੀ ਜਦੋਂ ਪੈਰਾਮੈਡਿਕਸ ਉਸਨੂੰ ਹਸਪਤਾਲ ਲਿਜਾ ਰਹੇ ਸਨ।"

Show organiser Manmohan Singh and famous Punjabi singer Sajjan Adeeb with Vish Sharma while Mr Sharma is being taken to hospital by paramedics. Source: Supplied by Mr Singh
"ਹੋਟਲ ਵਿੱਚ ਠਹਿਰਿਆ ਇੱਕ ਵਿਅਕਤੀ ਦੱਸ ਰਿਹਾ ਸੀ ਕਿ 'ਅਸੀਂ ਸਿਰਫ ਇਸ ਲਈ ਜ਼ਿੰਦਾ ਹਾਂ ਕਿਉਂਕਿ ਇਸ ਨੌਜਵਾਨ ਨੇ ਸਾਡੇ ਦਰਵਾਜ਼ੇ 'ਤੇ ਦਸਤਕ ਦਿੱਤੀ’ - ਅਸੀਂ ਉਸ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੇ ਹਾਂ,” ਸ੍ਰੀ ਸਿੰਘ ਨੇ ਦੱਸਿਆ।
ਪ੍ਰਸਿੱਧ ਪੰਜਾਬੀ ਗਾਇਕ ਹਰਜੀਤ ਹਰਮਨ ਨੇ ਆਪਣੇ ਫੇਸਬੁੱਕ ਪੇਜ 'ਤੋਂ ਸ਼੍ਰੀ ਸ਼ਰਮਾ ਲਈ ਅਰਦਾਸ ਅਤੇ ਧੰਨਵਾਦੀ ਬੋਲ ਸਾਂਝੇ ਕਰਦੇ ਹੋਏ ਉਸਦੀ ਬਹਾਦਰੀ ਦੀ ਸਿਫਤ ਕੀਤੀ ਹੈ।
ਮੈਟਰੋਪੋਲੀਟਨ ਫਾਇਰ ਸਰਵਿਸ (ਐਮ ਐਫ ਐਸ) ਵੱਲੋਂ ਇਸ ਅੱਗ ਦੀ ਇੱਕ ਐਕਸੀਡੈਂਟ ਵਜੋਂ ਤਫਤੀਸ਼ ਕੀਤੀ ਜਾ ਰਹੀ ਹੈ।
ਪੂਰੀ ਗੱਲਬਾਤ ਸੁਨਣ ਲਈ ਆਡੀਓ ਲਿੰਕ ਉੱਤੇ ਕਲਿਕ ਕਰੋ...