29 ਜਨਵਰੀ, ਰਾਤ 10 ਵਜੇ ਦੇ ਕਰੀਬ ਇੱਕ ਭਿਆਨਕ ਤ੍ਰਾਸਦੀ ਦੌਰਾਨ ਭਾਰਤੀ ਮੂਲ ਦੇ ਦੀਪਇੰਦਰਜੀਤ ਸਿੰਘ ਦੀ ਹੋਬਾਰਟ ਵਾਟਰਫਰੰਟ ਵਿੱਚ ਡੁੱਬਣ ਨਾਲ ਮੌਤ ਹੋ ਗਈ ਸੀ।
ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਪੰਜਾਬੀ ਸੋਸਾਇਟੀ ਤਸਮਾਨੀਆ ਤੋਂ ਪਰਮਿੰਦਰਜੀਤ ਸਿੰਘ ਨੇ ਦੱਸਿਆ ਕਿ ਦੀਪਇੰਦਰਜੀਤ ਆਪਣੀ ਇੱਕ ਦੋਸਤ ਨਾਲ ਵਾਟਰਫ੍ਰੰਟ 'ਤੇ ਬੈਠਾ ਸੀ ਜਦ ਕੁੱਝ ਵਿਅਕਤੀਆਂ ਨੇ ਉਸ ਔਰਤ ਦਾ ਹੈਂਡਬੈਗ ਚੋਰੀ ਕਰਨ ਦੀ ਕੋਸ਼ਿਸ਼ ਪਿੱਛੇ ਦੋਹਾਂ ਨੂੰ ਪਾਣੀ ਵਿੱਚ ਧੱਕ ਦਿੱਤਾ।

ਤਸਮਾਨੀਆ ਪੁਲਿਸ ਨੇ ਮੀਡੀਆ ਬਿਆਨ ਵਿੱਚ ਦੱਸਿਆ ਕਿ ਔਰਤ ਦਾ ਬਚਾਅ ਹੋ ਗਿਆ, ਪਰ ਦੀਪਇੰਦਰ ਤੈਰ ਨਹੀਂ ਸਕਦਾ ਸੀ ਅਤੇ ਤੈਰਦੇ ਰਹਿਣ ਲਈ ਅੰਤ ਤੱਕ ਸੰਘਰਸ਼ ਕਰਦਾ ਰਿਹਾ ਪਰ ਬੱਚ ਨਾ ਸਕਿਆ।
ਪੰਜਾਬੀ ਸੋਸਾਇਟੀ ਤਸਮਾਨੀਆ ਤੋਂ ਪਰਮਿੰਦਰਜੀਤ ਹੋਰਾਂ ਦਾ ਕਹਿਣਾ ਹੈ ਕਿ ਦੀਪਇੰਦਰ ਦਾ ਪਿਛੋਕੜ ਲੁਧਿਆਣੇ ਨਾਲ ਸਬੰਧਿਤ ਹੈ ਅਤੇ ਦੀਪਇੰਦਰ 2019 ਦੇ ਕਰੀਬ ਇੱਕ ਚੰਗੇਰੇ ਭਵਿੱਖ ਲਈ ਆਸਟ੍ਰੇਲੀਆ ਆਇਆ ਸੀ ਤੇ ਕੁੱਝ ਚਿਰ ਪਹਿਲਾਂ ਹੀ ਮੈਲਬੌਰਨ ਤੋਂ ਤਸਮਾਨੀਆ ਸ਼ਿਫਟ ਹੋਇਆ ਸੀ।

ਦੀਪਇੰਦਰ ਨੂੰ ਇੱਕ ਹੱਸਦੇ ਚੇਹਰੇ ਵਜੋਂ ਯਾਦ ਕਰਦੇ ਹੋਏ ਪਰਮਿੰਦਰਜੀਤ ਹੋਰਾਂ ਅੱਗੇ ਦੱਸਿਆ ਕਿ ਹਰ ਐਤਵਾਰ ਦੀਪਇੰਦਰ ਹੌਬਾਰਟ ਦੇ ਗੁਰੂਦਵਾਰਾ ਨਾਨਕ ਦਰਬਾਰ ਵਿਖੇ ਸੇਵਾ ਕਰਦਾ ਨਜ਼ਰ ਆਉਂਦਾ ਸੀ।
ਬ੍ਰਿਸਬੇਨ ਤੋਂ ਮਨਜੀਤ ਬੋਪਾਰਾਏ ਜੋ ਕਿ ਮਿਰਤਕ ਦੀ ਦੇਹ ਨੂੰ ਭਾਰਤ ਭੇਜਣ ਲਈ ਯਤਨ ਕਰ ਰਹੇ ਹਨ, ਉਨ੍ਹਾਂ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ ਦੱਸਿਆ ਕਿ ਫੰਡਰੇਜ਼ਰ ਜ਼ਰੀਏ ਭਾਈਚਾਰੇ ਵੱਲੋਂ ਇਕੱਠਿਆਂ ਹੋਕੇ ਮੱਦਦ ਕੀਤੀ ਜਾ ਰਹੀ ਹੈ।

ਉਨ੍ਹਾਂ ਇਸ ਦੌਰਾਨ 'ਗੋ-ਫੰਡ ਮੀ' ਫੰਡਰੇਜ਼ਰ ਸਹਾਇਤਾ ਰਾਸ਼ੀ ਨਾਲ਼ ਪਰਿਵਾਰ ਦੀ ਸਹਾਇਤਾ ਕਰਨ ਵਾਲ਼ੇ ਲੋਕਾਂ ਦਾ ਧੰਨਵਾਦ ਵੀ ਕੀਤਾ।
ਜ਼ਿਕਰਯੋਗ ਹੈ ਕਿ ਪੀੜਤ ਦੇ ਪਰਿਵਾਰ ਦੀ ਮੱਦਦ ਲਈ ਮਹਿਜ਼ 9 ਘੰਟਿਆਂ 'ਚ 28 ਹਜ਼ਾਰ ਡਾਲਰਾਂ ਦੀ ਇਮਦਾਦ ਕੀਤੀ ਗਈ ਹੈ।
ਤਸਮਾਨੀਆ ਪੁਲਿਸ ਨੇ ਚਾਰ ਕਥਿਤ ਆਰੋਪੀਆਂ ਨੂੰ ਹਿਰਾਸਤ 'ਚ ਲੈ ਲਿਆ ਹੈ, ਉਨ੍ਹਾਂ ਨੂੰ ਭਲਕੇ ਹੋਬਾਰਟ ਮੈਜਿਸਟ੍ਰੇਟ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।
ਨੋਟ: ਇਹ ਖ਼ਬਰ ਭਾਈਚਾਰੇ ਲਈ ਦੁਖਦਾਈ ਹੋ ਸਕਦੀ ਹੈ। ਕਿਸੇ ਵੀ ਕਿਸਮ ਦੀ ਭਾਵਨਾਤਮਕ ਸਹਾਇਤਾ ਲਈ 13 11 14 'ਤੇ ਲਾਈਫਲਾਈਨ ਨਾਲ ਜਾਂ 1300 224 636 'ਤੇ ਬਿਓਂਡ ਬਲੂ ਨਾਲ ਸੰਪਰਕ ਕਰੋ।
ਹੋਰ ਵੇਰਵੇ ਲਈ ਇਹ ਇੰਟਰਵਿਊ ਸੁਣੋ......





