ਹੋਮ ਕੇਅਰ ਪੈਕਜ ਪ੍ਰੋਗਰਾਮ (ਐਚ ਸੀ ਪੀ) ਇੱਕ ਕੇਂਦਰ ਸਰਕਾਰ ਦੁਆਰਾ ਚਲਾਇਆ ਜਾਂਦਾ ਸਬਸਿਡੀ ਪ੍ਰੋਗਰਾਮ ਹੈ ਜੋ ਗੁੰਝਲਦਾਰ ਜਰੂਰਤਾਂ ਵਾਲੇ ਬਜ਼ੁਰਗਾਂ ਦੀ ਸਹਾਇਤਾ ਲਈ ਤਿਆਰ ਕੀਤਾ ਗਿਆ ਹੈ ਤਾਂ ਜੋ ਉਹਨਾਂ ਨੂੰ ਘਰ ਵਿੱਚ ਹੀ ਰਹਿੰਦਿਆਂ ਦੇਖਭਾਲ ਅਤੇ ਸਹਾਇਤਾ ਸੇਵਾਵਾਂ ਪ੍ਰਦਾਨ ਕਰਨ ਦੀ ਪੇਸ਼ਕਸ਼ ਕੀਤੀ ਜਾ ਸਕੇ।
ਚਰਨ ਵਾਲੀਆ, ਜੋ ਕਿ ਇਕ ਮੈਲਬੌਰਨ-ਅਧਾਰਤ ਘਰੇਲੂ ਦੇਖਭਾਲ ਸੇਵਾ ਪ੍ਰਦਾਤਾ ਮਾਈ ਹੋਲਿਸਟਿਕ ਕੇਅਰ ਵਿਖੇ ਜਨਰਲ ਮੈਨੇਜਰ ਵਜੋਂ ਕੰਮ ਕਰਦੇ ਹਨ, ਨੇ ਐਸਬੀਐਸ ਪੰਜਾਬੀ ਨੂੰ ਦੱਸਿਆ ਕਿ ਯੋਗਤਾ ਦੇ ਮਾਪਦੰਡਾਂ ਨੂੰ ਪੂਰਾ ਕਰਨ ਵਾਲਾ ਕੋਈ ਵੀ ਆਸਟ੍ਰੇਲੀਅਨ ਵਿਅਕਤੀ ਐਚਸੀਪੀ ਲਈ ਅਰਜ਼ੀ ਦੇ ਸਕਦਾ ਹੈ।
“ਜੇ ਤੁਸੀਂ ਸੇਵਾਮੁਕਤ ਹੋ ਅਤੇ ਪੈਨਸ਼ਨ ਪ੍ਰਾਪਤ ਕਰਦੇ ਹੋ, ਅਤੇ ਤੁਹਾਡੀ ਉਮਰ 65 ਸਾਲ ਜਾਂ ਇਸ ਤੋਂ ਵੱਧ ਹੈ, ਤਾਂ ਤੁਸੀਂ ਸਰਕਾਰੀ ਸਹਾਇਤਾ ਲਈ ਅਰਜ਼ੀ ਦੇ ਸਕਦੇ ਹੋ।”
“ਸਭ ਤੋਂ ਪਹਿਲਾਂ ਤਾਂ ਤੁਹਾਨੂੰ‘ ਮਾਈ ਏਜ ਕੇਅਰ’ ਨਾਲ ਸੰਪਰਕ ਕਰਨ ਦੀ ਜ਼ਰੂਰਤ ਹੋਵੇਗੀ ਜੋ ਕਿ ਟੈਲੀਫੋਨ ਸਕ੍ਰੀਨਿੰਗ ਕਰਕੇ ਤੁਹਾਨੂੰ ਏਸੀਏਟੀ (ਏਜਡ ਕੇਅਰ ਅਸੈਸਮੈਂਟ ਟੀਮ) ਦੇ ਹਵਾਲੇ ਕਰਨਗੇ," ਸ਼੍ਰੀ ਵਾਲੀਆ ਨੇ ਕਿਹਾ।
ਏਸੀਏਟੀ ਨਰਸਿੰਗ ਜਾਂ ਇਸ ਨਾਲ ਜੁੜੇ ਸਿਹਤ ਪੇਸ਼ੇਵਰਾਂ ਦੀ ਇੱਕ ਟੀਮ ਹੈ ਜੋ ਘਰੇਲੂ ਦੇਖਭਾਲ ਦੇ ਪੈਕੇਜਾਂ ਅਤੇ ਰਿਹਾਇਸ਼ੀ ਦੇਖਭਾਲ ਲਈ ਬਿਨੈਕਾਰ ਦੀ ਯੋਗਤਾ ਦਾ ਮੁਲਾਂਕਣ ਕਰਦੀ ਹੈ।

Source: Getty Images
ਸ੍ਰੀ ਵਾਲੀਆ ਨੇ ਕਿਹਾ ਕਿ ਐਚਸੀਪੀ ਦੇ ਚਾਰ ਵੱਖਰੇ ਪੱਧਰ ਹਨ, ਜੋ ਕਿ ਮੁਢਲੀ ਦੇਖਭਾਲ ਦੀਆਂ ਲੋੜਾਂ ਲਈ ਲੈਵਲ 1 ਤੋਂ ਲੈ ਕੇ ਉੱਚ ਪੱਧਰੀ ਦੇਖਭਾਲ ਦੀਆਂ ਜ਼ਰੂਰਤਾਂ ਲਈ ਲੈਵਲ 4 ਤੱਕ ਜਾਂਦੇ ਹਨ।
“ਮੁਲਾਂਕਣ ਕਰਨ ਵਾਲੇ ਨਿੱਜੀ ਤਰਜੀਹਾਂ ਅਤੇ ਗ਼ੈਰ ਰਸਮੀ ਦੇਖਭਾਲ ਦੇ ਪੱਧਰਾਂ ਨੂੰ ਵੀ ਧਿਆਨ ਵਿੱਚ ਰੱਖਦੇ ਹਨ, ਜਿਵੇਂ ਕਿ ਪਰਿਵਾਰਕ ਮੈਂਬਰ, ਦੇਖਭਾਲ ਲਈ ਖਰੀਦਦਾਰੀ, ਸਫਾਈ ਅਤੇ ਹੋਰ ਕੰਮਾਂ ਵਿੱਚ ਸਹਾਇਤਾ ਕਰਨਾ।”

Source: Myagedcare
“ਮੁਲਾਂਕਣ ਦੇ ਅਖੀਰ ਵਿੱਚ, ਏਸੀਏਟੀ ਮੈਂਬਰ ਹੋਮ ਕੇਅਰ ਪੈਕੇਜ ਦੇ ਪੱਧਰ ਦੀ ਸਲਾਹ ਦਿੰਦਾ ਹੈ ਜਿਸ ਲਈ ਤੁਹਾਨੂੰ ਮਨਜ਼ੂਰੀ ਦਿੱਤੀ ਜਾ ਸਕਦੀ ਹੈ," ਉਨਾਂ ਕਿਹਾ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ







