ਆਸਟ੍ਰੇਲੀਆ ਦੇ ਇੱਕ ਪ੍ਰਮੁੱਖ ਸ਼ਹਿਰ ਵਿਚ ਬੇਘਰ ਹੋਣ ਦੀ ਸਮੱਸਿਆ ਬੀਤੇ ਦੀ ਗੱਲ ਹੋਣ ਜਾ ਰਹੀ ਹੈ। 30 ਦੇ ਕਰੀਬ ਸੰਸਥਾਵਾਂ ਨੇ ਇਕੱਠੇ ਹੋ ਕੇ ਇਹ ਪ੍ਰਣ ਕੀਤਾ ਹੈ ਕਿ ਸਾਲ 2020 ਤੱਕ ਸੜਕਾਂ ਅਤੇ ਗਲੀਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਉੱਥੋਂ ਢੁੱਕਵੀਆਂ ਥਾਵਾਂ ਉੱਤੇ ਤਬਦੀਲ ਕਰ ਦਿੱਤਾ ਜਾਵੇਗਾ।
ਐਡੀਲੇਡ ਸ਼ਹਿਰ ਦੀ ਇਹ ਇੱਕ ਯੱਖ ਠੰਡੀ ਰਾਤ ਹੈ। ਪਰ ਇਸ ਸਮੇਂ ਸ਼ਹਿਰ ਵਿੱਚ ਦਰਜਨਾਂ ਹੀ ਸੇਵਾਦਾਰ ਕਾਰਜਸ਼ੀਲ ਹਨ। ਸੇਵਾਦਾਰ ਰੇਨੀ ਜੋਨਸ ਦਾ ਕਹਿਣਾ ਹੈ ਕਿ ਅਸੀਂ ਸਾਰੇ ਲੋਕ ਸ਼ਹਿਰ ਵਿੱਚ ਰਹਿਣ ਵਾਲੇ ਬੇਘਰੇ ਲੋਕਾਂ ਦੀ ਤਫਸੀਲ ਜਾਨਣ ਵਿੱਚ ਲੱਗੇ ਹੋਏ ਹਾਂ। ਅਤੇ ਇਹਨਾਂ ਵਿੱਚ ਖਾਸ ਕਰਕੇ ਉਹ ਲੋਕ ਹਨ, ਜੋ ਕਿ ਰਾਤ ਨੂੰ ਸੜਕਾਂ ਉੱਤੇ ਹੀ ਸੋਂਦੇ ਹਨ।
ਇਹਨਾਂ ਸੇਵਾਦਾਰਾਂ ਨੇ ਹੁਣ ਤੱਕ ਸੜਕਾਂ ਤੇ ਰਹਿਣ ਵਾਲੇ ਤਕਰੀਬਨ 143 ਲੋਕਾਂ ਦੀ ਪਹਿਚਾਣ ਕਰ ਲਈ ਹੈ। ਇਸ ਸ਼ਹਿਰ ਵਾਸਤੇ ਇਹ ਆਂਕੜਾ ਬੇਸ਼ਕ ਬਹੁਤ ਹੀ ਛੋਟਾ ਜਾਪਦਾ ਹੈ ਕਿਉਂਕਿ ਮੁਲਕ ਭਰ ਵਿੱਚ ਸੜਕਾਂ ਤੇ ਰਹਿਣ ਵਾਲੇ ਲੋਕਾਂ ਦੀ ਗਿਣਤੀ ਤਕਰੀਬਨ 8000 ਦੇ ਕਰੀਬ ਹੈ।
ਪਰ ‘ਐਡੀਲੇਡ ਜ਼ੀਰੋ’ ਨਾਮੀ ਪਰਾਜੈਕਟ ਦੇ ਸਹਿ-ਮੁਖੀ ਰਿਵਰੈਂਡ (ਸਤਿਕਾਰਯੋਗ) ਪੀਟਰ ਸੈਂਡੇਮਨ ਦਾ ਮੰਨਣਾ ਹੈ ਕਿ ਇਹ ਵਾਲਾ ਆਂਕੜਾ ਹਾਲੇ ਵੀ ਪਹਿਲਾਂ ਦੇ ਅਨੁਮਾਨਤ ਆਂਕੜੇ ਤੋਂ ਕਿਤੇ ਜਿਆਦਾ ਹੀ ਨਿਕਲਿਆ ਹੈ। ਇਹ ਕਹਿੰਦੇ ਹਨ ਕਿ ਸੇਵਾਦਾਰਾਂ ਵਲੋਂ ਇਸ ਸਮੇਂ ਇੱਕ ਨਾਮ ਦੇ ਅਧਾਰ ਉੱਤੇ ਸੰਪੂਰਨ ਸੂਚੀ ਤਿਆਰ ਕੀਤੀ ਜਾ ਰਹੀ ਹੈ। ਇਸ ਵਾਸਤੇ ਜਿਹੜਾ ਟੀਚਾ ਹੈ, ਉਹ ਇਹ ਹੈ ਕਿ ਸ਼ਹਿਰ ਵਿੱਚੋਂ ਬੇਘਰੇ ਲੋਕਾਂ ਨੂੰ ਬਿਲਕੁਲ ਖਤਮ ਕਰਨਾਂ – ਤੇ ਇਸ ਨੂੰ ਉਹ ਇੱਕ ਨਵਾਂ ਨਾਮ ਦਿੰਦੇ ਹਨ ਯਾਨਿ ਕਿ ‘ਫੰਕਸ਼ਨਲ ਜ਼ੀਰੋ’।
ਇਹ ਜ਼ੀਰੋ ਨਾਮੀ ਪਰਾਜੈਕਟ ਯੂਨਾਇਟੇਡ ਸਟੇਟਸ ਵਿਚਲੇ ਇੱਕ ਅਜਿਹੇ ਮਾਡਲ ਤੇ ਅਧਾਰਤ ਹੈ ਜਿਸ ਨਾਲ ਉੱਥੇ ਚੰਗੇ ਨਤੀਜੇ ਦੇਖਣ ਨੂੰ ਮਿਲੇ ਸਨ। ਇਸ ਇਕੱਤਰ ਕੀਤੀ ਜਾਣਕਾਰੀ ਦੀ ਮਦਦ ਨਾਲ ਹਰੇਕ ਵਿਅਕਤੀ ਨੂੰ ਉਸ ਦੀ ਜਰੂਰਤ ਅਨੁਸਾਰ ਮਦਦ ਪ੍ਰਦਾਨ ਕੀਤੀ ਜਾ ਸਕੇਗੀ।
ਐਡੀਲੇਡ ਸ਼ਹਿਰ ਦੇ ਕਈ ਪਾਰਕ ਇੰਡੀਜੀਨਸ ਭਾਈਚਾਰੇ ਦੇ ਉਹਨਾਂ ਲੋਕਾਂ ਦੇ ਰਹਿਣ ਦੀ ਥਾਂ ਬਣਦੇ ਹਨ ਜੋ ਕਿ ਦੂਰ ਦੁਰਾਡੇ ਦੇ ਇਲਾਕਿਆਂ ਵਿੱਚੋਂ ਇੱਥੇ ਸ਼ਹਿਰ ਵਿੱਚ ਕਦੇ ਆਉਂਦੇ ਹਨ। ਪੀਟਰ ਸੈਂਡਮੇਨ ਆਖਦੇ ਹਨ ਕਿ ਇਸ ਪਰਾਜੈਕਟ ਦੁਆਰਾ ਅਜਿਹੇ ਕਦੀ ਕਦਾਈਂ ਆਉਣ ਵਾਲੇ ਲੋਕਾਂ ਲਈ ਵੀ ਠਾਹਰ ਦਾ ਇੰਤਜਾਮ ਕੀਤਾ ਜਾਵੇਗਾ।
ਵੈਸਟਰਨ ਐਡੀਲੇਡ ਐਬੋਰੀਜਨਲ ਸਪੈਸੀਫਿਕ ਹੋਮਲੈਸਨੈੱਸ ਸਰਵਿਸਿਜ਼ ਦੇ ਜੇਸਨ ਵਾਰੀਅਰ ਦਾ ਕਹਿਣਾ ਹੈ ਕਿ ਕੀਤੇ ਜਾਣ ਵਾਲੇ ਇੰਤਜਾਮ ਲੋਕਾਂ ਦੀ ਸਭਿਆਚਾਰ ਦੇ ਅਨੁਕੂਲ ਹੋਣੇ ਚਾਹੀਦੇ ਹਨ।
ਰਿਵਰੈਂਡ (ਸਤਿਕਾਰਤ) ਸੈਂਡੇਮਨ ਦਾ ਕਹਿਣਾ ਹੈ ਕਿ ਇਸ ਸਮੇਂ ਸਭ ਤੋਂ ਵੱਧ ਮੁਸ਼ਕਲ ਇਹ ਜਾਪ ਰਹੀ ਹੈ ਕਿ ਲੋੜ ਅਨੁਸਾਰ ਰਹਿਣ ਵਾਲੀਆਂ ਥਾਵਾਂ ਦਾ ਇੰਤਜਾਮ ਕਿਵੇਂ ਕੀਤਾ ਜਾਵੇ।
ਇਸ ਜ਼ੀਰੋ ਪਰਾਜੈਕਟ ਨੂੰ ਹਾਲ ਦੀ ਘੜੀ ਮੁੱਖ ਸ਼ਹਿਰ ਉੱਤੇ ਹੀ ਫੋਕਸ ਕੀਤਾ ਜਾਵੇਗਾ ਪਰ ਇਸ ਦੀ ਸਫਲਤਾ ਜਾਨਣ ਤੋਂ ਬਾਅਦ ਹੋ ਸਕਦਾ ਹੈ ਕਿ ਇਸ ਨੂੰ ਰਾਜ ਦੇ ਬਾਕੀ ਦੇ ਹਿੱਸਿਆਂ ਵਿੱਚ ਅਪੜਾਇਆ ਜਾਵੇ।