Key Points
- ਪ੍ਰਵਾਸੀਆਂ ਨੂੰ ਘਰ ਬਣਾਉਣ ਦੇ ਨਿਯਮਾਂ ਅਤੇ ਲੁਕਵੇਂ ਖਰਚਿਆਂ ਬਾਰੇ ਸਮਝਾਇਆ ਜਾਣਾ ਚਾਹੀਦਾ ਹੈ: ਜ਼ੁਬੈਰ
- 2025 ਵਿੱਚ 1995 ਦੇ ਮੁਕਾਬਲੇ ਅੱਧੇ ਘਰ ਬਣਾਏ ਜਾ ਰਹੇ ਹਨ: ਰਿਪੋਰਟ
- ਹੋਰ ਵਪਾਰਾਂ ਨੂੰ ਲਾਇਸੰਸ ਦੇਣ ਅਤੇ ਕੌਂਸਲ ਦੁਆਰਾ ਪ੍ਰਵਾਨਗੀ ਲਈ ਲਏ ਗਏ ਸਮੇਂ ਨੂੰ ਘੱਟ ਕਰਨ ਦੀ ਲੋੜ ਹੈ: ਮਾਹਿਰ
ਪਾਕਿਸਤਾਨ ਤੋਂ ਆਏ ਇੱਕ ਪ੍ਰਵਾਸੀ ਜ਼ੁਬੈਰ ਨੇ 2021 ਵਿੱਚ ਜ਼ਮੀਨ ਦਾ ਇੱਕ ਟੁਕੜਾ ਖਰੀਦਿਆ ਸੀ। ਸਮਝੌਤੇ 'ਤੇ ਦਸਤਖਤ ਕਰਨ ਵੇਲੇ, ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਉਸਾਰੀ 2023 ਵਿੱਚ ਸ਼ੁਰੂ ਹੋ ਜਾਵੇਗੀ।
ਚਾਰ ਸਾਲ ਬਾਅਦ, 2025 ਦੇ ਅੱਧ ਵਿੱਚ ਜਾ ਕੇ ਹੁਣ, ਉਨ੍ਹਾਂ ਨੂੰ ਉਹ ਜ਼ਮੀਨ ਮਿਲੀ ਹੈ ਅਤੇ ਉਸਾਰੀ ਅਜੇ ਸ਼ੁਰੂ ਨਹੀਂ ਹੋਈ।

"ਅਸੀਂ ਪਿੱਛਲੇ ਕਈ ਸਾਲਾਂ ਤੋਂ ਇੱਕੋੋ ਬਿਆਨ ਸੁਣਦੇ ਰਹੇ: 'ਦੇਰੀ ਅਣਦੇਖੇ ਹਾਲਾਤਾਂ ਕਾਰਨ ਹੈ'। ਕਿਸੇ ਨੇ ਸਾਨੂੰ ਇਹ ਨਹੀਂ ਸਮਝਾਇਆ ਕਿ ਇਸ ਦਾ ਕੀ ਅਰਥ ਹੈ, ਸਾਨੂੰ ਉਹ ਜ਼ਮੀਨ ਕਦੋਂ ਮਿਲੇਗੀ ਜਿਸ ਦਾ ਸਾਨੂੰ ਵਾਅਦਾ ਕੀਤਾ ਗਿਆ ਸੀ।"
"ਦੇਰੀ ਦੇ ਨਾਲ-ਨਾਲ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਨੁਕਸਾਨ ਦਾ ਸਾਹਮਣਾ ਵੀ ਕਰਨਾ ਪਿਆ ਕਿਉਂਕਿ ਅਸੀਂ ਕੌਂਸਲ ਦੀਆਂ ਪ੍ਰਵਾਨਗੀਆਂ ਦੀ ਉਡੀਕ ਕਰਦੇ ਹੋਏ ਕਿਰਾਏ ਦਾ ਭੁਗਤਾਨ ਕਰਦੇ ਰਹੇ।"
"ਹੁਣ, ਘਰ ਬਣਾਉਣ ਦੀ ਲਾਗਤ ਵਿੱਚ ਵੀ ਸਾਨੂੰ 2023 ਦੇ ਮੁਕਾਬਲੇ ਘਟੋ ਘੱਟ $40,000 ਵੱਧ ਦੇਣੇ ਪੈਣਗੇ, ਕਿਉਂਕਿ ਹੁਣ ਕੀਮਤਾਂ ਵੱਧ ਗਈਆਂ ਹਨ। "
"ਇਹ ਸਾਡੇ ਲਈ ਦੋਹਰਾ ਝਟਕਾ ਹੈ।"
ਪ੍ਰੋਡਕਟਿਵਿਟੀ ਕਮਿਸ਼ਨ (Productivity Comission) ਦੀ ਇੱਕ ਤਾਜ਼ਾ ਰਿਪੋਰਟ ਨੇ ਖ਼ੁਲਾਸਾ ਕੀਤਾ ਹੈ ਕਿ ਦੇਸ਼ ਵਿੱਚ ਨਵੇਂ ਘਰਾਂ ਦੀ ਸਪਲਾਈ 30 ਸਾਲਾਂ ਤੋਂ ਸੀਮਤ ਹੈ।
ਇਸ ਰਿਪੋਰਟ ਮੁਤਾਬਕ ਉਤਪਾਦਕਤਾ ਜਾਂ ਘਰ ਬਣਾਉਣ ਦੀ ਸਮਰੱਥਾ ਵਿੱਚ ਗਿਰਾਵਟ ਆ ਰਹੀ ਹੈ ਜਿਸਦੇ ਨਾਲ ਨਾ ਸਿਰਫ਼ ਘਰ ਦੇਰੀ ਨਾਲ ਬਣ ਰਹੇ ਨੇ ਸਗੋਂ ਹੋਰ ਵੀ ਮਹਿੰਗੇ ਹੋ ਰਹੇ ਹਨ।

ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਰਿਹਾਇਸ਼ੀ ਨਿਰਮਾਣ ਇਸ ਹੱਦ ਤੱਕ ਹੇਠਾਂ ਆ ਗਿਆ ਹੈ ਕਿ ਦੇਸ਼ ਵਿੱਚ ਹੁਣ 2025 ਵਿੱਚ ਪ੍ਰਤੀ ਘੰਟਾ ਕੰਮ ਦੇ ਪਿੱਛੇ 1995 ਦੇ ਮੁਕਾਬਲੇ ਅੱਧੇ ਘਰ ਬਣਾਏ ਜਾ ਰਹੇ ਹਨ।
ਇਸ ਰਿਪੋਰਟ ਵਿੱਚ ਖੁਲਾਸਾ ਹੋਇਆ ਕਿ ਪਿਛਲੇ ਪੰਜ ਸਾਲਾਂ ਵਿੱਚ ਉਸਾਰੀ ਦੀਆਂ ਲਾਗਤਾਂ ਵਿੱਚ 40% ਦਾ ਵਾਧਾ ਹੋਇਆ ਹੈ, ਅਤੇ ਪਿਛਲੇ 15 ਸਾਲਾਂ ਵਿੱਚ ਘਰ ਬਣਾਉਣ ਵਿੱਚ ਲੱਗਣ ਵਾਲਾ ਸਮਾਂ 80% ਤੱਕ ਵਧਿਆ ਹੈ।
ਅਜਿਹਾ ਹੀ ਕੁਝ ਹੋਇਆ ਬਿਕਰਮਜੀਤ ਸਿੰਘ ਨਾਲ ਜਿਨ੍ਹਾਂ ਦੇ ਘਰ ਨੂੰ ਬਣਨ ਵਿੱਚ 5 ਸਾਲ ਦਾ ਸਮਾਂ ਲੱਗ ਗਿਆ।

ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਜਿਸ ਬਿਲਡਰ ਕੋਲੋਂ ਘਰ ਬਣਵਾਉਣਾ ਸ਼ੁਰੂ ਕੀਤਾ ਸੀ ਉਹ ਹੋਰ ਪੈਸਿਆਂ ਦੀ ਮੰਗ ਕਰਨ ਲੱਗਾ। ਜਿਸ ਤੋਂ ਬਾਅਦ ਉਨ੍ਹਾਂ ਨੇ ਦੂਸਰੇ ਬਿਲਡਰ ਦੀ ਭਾਲ ਸ਼ੁਰੂ ਕਰ ਦਿੱਤੀ।
ਕਈ ਮਹੀਨਿਆਂ ਦੀ ਉਡੀਕ ਤੋਂ ਬਾਅਦ ਉਨ੍ਹਾਂ ਨੂੰ ਦੂਜਾ ਬਿਲਡਰ ਮਿਲ ਗਿਆ।
"ਸਾਡਾ ਘਰ ਅਜੇ ਵੀ ਪੂਰਾ ਨਹੀਂ ਹੋਇਆ ਹੈ। ਇਸ ਵਿੱਚ ਕਈ ਖ਼ਾਮੀਆਂ ਮੌਜੂਦ ਹਨ ਪਰ ਕਈ ਵਾਰ ਗੱਲ ਕਰਨ ਤੋਂ ਬਾਅਦ ਵੀ ਅਜੇ ਤੱਕ ਉਹ ਠੀਕ ਨਹੀਂ ਹੋ ਸਕੀਆਂ। ਇਸ ਦੇ ਲਈ ਸਾਨੂੰ ਹੋਰ ਖ਼ਰਚਾ ਕਰਨਾ ਪਵੇਗਾ। ਪਹਿਲਾਂ ਹੀ ਸਾਡੇ ਘਰ ਦੀ ਲਾਗਤ ਨਿਰਧਾਰਤ ਕੀਤੀ ਰਕਮ ਤੋਂ ਵੱਧ ਚੁੱਕੀ ਹੈ।"
ਜ਼ੁਬੈਰ ਨੇ ਕਿਹਾ ਕਿ ਭਾਵੇਂ ਕਿ ਜ਼ਿਆਦਾਤਰ ਪ੍ਰਵਾਸੀਆਂ ਲਈ ਘਰ ਖਰੀਦਣ ਦੇ ਕਾਗਜ਼ 'ਤੇ ਦਸਤਖਤ ਕਰਨਾ ਇੱਕ ਮੀਲ ਪੱਥਰ ਹੈ, ਪਰ ਅਸਲ ਵਿੱਚ ਇਹ ਸਿਰਫ਼ ਇੱਕ ਸ਼ੁਰੂਆਤ ਹੈ।
ਘਰ ਬਣਾਉਣ ਵਿੱਚ ਬਹੁਤ ਸਾਰੇ ਲੁਕਵੇਂ ਖਰਚੇ ਹਨ, ਅਤੇ ਕੌਂਸਲ ਦੇ ਨਿਯਮ ਜੋ ਬਦਲਦੇ ਰਹਿੰਦੇ ਹਨ ਅਤੇ ਤੁਹਾਡੇ ਘਰ ਦੀ ਉਸਾਰੀ ਦੀ ਲਾਗਤ ਅਤੇ ਸਮੇਂ ਨੂੰ ਪ੍ਰਭਾਵਤ ਕਰ ਸਕਦੇ ਹਨ।ਜ਼ੁਬੈਰ
"ਇਹ ਜਾਣਕਾਰੀ ਅਕਸਰ ਪ੍ਰਵਾਸੀਆਂ ਨੂੰ ਨਹੀਂ ਪਤਾ ਹੁੰਦੀ। ਪ੍ਰਵਾਸੀਆਂ ਲਈ ਲਾਜ਼ਮੀ ਸਿੱਖਿਆ ਦੀ ਲੋੜ ਹੈ, ਤਾਂ ਜੋ ਉਹ ਝੂਠੇ ਦਾਅਵਿਆਂ ਦਾ ਸ਼ਿਕਾਰ ਨਾ ਹੋਣ।
ਬਿਕਰਮਜੀਤ ਦਾ ਵੀ ਕਹਿਣਾ ਸੀ, "ਹਰੇਕ ਬਿਲਡਰ ਗਲਤ ਨਹੀਂ ਹੁੰਦਾ, ਪਰ ਘਰ ਬਣਾਉਣ ਤੋਂ ਪਹਿਲਾਂ ਸਹੀ ਸਲਾਹ, ਸਹੀ ਮਾਰਗਦਰਸ਼ਨ ਦੀ ਲੋੜ ਹੈ, ਤਾਂ ਜੋ ਤੁਸੀਂ ਗਲਤ ਤੋਂ ਬਚ ਸਕੋ ਅਤੇ ਤੁਹਾਨੂੰ ਅੱਗੇ ਆਉਣ ਵਾਲੇ ਖਰਚਿਆਂ ਦੀ ਪੂਰੀ ਤਰ੍ਹਾਂ ਜਾਣਕਾਰੀ ਹੋਵੇ।"
"ਆਪਣੇ ਘਰ ਦਾ ਸੁਫਨਾ ਸ਼ੁਰੂ ਕਰਨ ਤੋਂ ਪਹਿਲਾਂ 2-4 ਲੋਕਾਂ ਦੀ ਸਲਾਹ ਜ਼ਰੂਰ ਲਓ।"
ਉਤਪਾਦਕਤਾ ਕਮਿਸ਼ਨ (Productivity Commission) ਦੇ ਮੁਤਾਬਕ ਜੇਕਰ ਸਰਕਾਰਾਂ ਰਿਹਾਇਸ਼ ਨੂੰ ਕਿਫਾਇਤੀ ਬਣਾਉਂਣਾ ਚਾਹੁੰਦੀਆਂ ਹਨ ਤਾਂ ਉਨ੍ਹਾਂ ਨੂੰ ਆਪਣੇ ਰਿਹਾਇਸ਼ੀ ਨਿਰਮਾਣ ਨਿਯਮਾਂ ਦੀ ਸਮੀਖਿਆ ਕਰਨ ਦੀ ਲੋੜ ਹੈ।।
ਸੰਘੀ ਅਤੇ ਰਾਜ ਸਰਕਾਰਾਂ ਨੇ ਪੰਜ ਸਾਲਾਂ ਵਿੱਚ 1.2 ਮਿਲੀਅਨ ਘਰ ਬਣਾਉਣ ਦਾ ਵਾਅਦਾ ਕੀਤਾ ਹੈ। ਇਸ ਟੀਚੇ ਨੂੰ ਪੂਰਾ ਕਰਨ ਲਈ ਹਰ ਸਾਲ 240,000 ਘਰ ਬਣਾਉਣ ਦੀ ਲੋੜ ਹੈ। ਪਰ ਜੂਨ 2024 ਤੱਕ ਦੇ 12 ਮਹੀਨਿਆਂ ਵਿੱਚ, ਸਿਰਫ 176,000 ਘਰ ਹੀ ਬਣਾਏ ਗਏ।

ਤਜਰਬੇਕਾਰ ਬਿਲਡਰ ਪਰਮੀਤ ਜੱਸਲ ਨੇ ਰਿਹਾਇਸ਼ ਸੰਕਟ ਦੇ ਪਿੱਛੇ ਲਾਲ ਫੀਤਾਸ਼ਾਹੀ (Redtapism) ਅਤੇ ਹੁਨਰਮੰਦ ਕਾਮਿਆਂ ਦੀ ਘਾਟ ਦੱਸੀ ਹੈ।
"ਕੁਸ਼ਲ ਮਜ਼ਦੂਰਾਂ ਦੀ ਘਾਟ ਹੈ। ਅਕਸਰ ਬਿਲਡਰਾਂ ਨੂੰ ਇੱਕ ਕੰਮ ਲਈ ਵਾਰ-ਵਾਰ ਟਰੇਡੀ ਨੂੰ ਬੁਲਾਉਣਾ ਪੈਂਦਾ ਹੈ। ਇਸ ਨਾਲ ਕੰਮ 'ਤੇ ਬਿਤਾਏ ਘੰਟੇ ਵਧਦੇ ਹਨ ਅਤੇ ਉਤਪਾਦਕਤਾ ਘੱਟ ਜਾਂਦੀ ਹੈ।"
"ਸਿਰਫ਼ 2 ਲਾਇਸੰਸਸ਼ੁਦਾ ਵਪਾਰ ਹਨ: ਪਲੰਬਿੰਗ ਅਤੇ ਬਿਜਲੀ, ਬਾਕੀ ਸਾਰੇ ਵਪਾਰ ਸਵੈ-ਨਿਯੰਤ੍ਰਿਤ ਹਨ। ਇਹ ਸਵੈ-ਨਿਯੰਤ੍ਰਿਤ ਵਪਾਰ ਕਈ ਵਾਰ ਘੱਟ ਗੁਣਵੱਤਾ ਵਾਲਾ ਕੰਮ ਦਿੰਦੇ ਹਨ।"
"ਇੱਕ ਸੰਤੁਲਨ ਹੋਣਾ ਚਾਹੀਦਾ ਹੈ।"
"ਗੁਣਵੱਤਾ ਵਧਾਉਣ ਲਈ ਹੋਰ ਵਪਾਰਾਂ ਨੂੰ ਲਾਇਸੈਂਸ ਦੇਣ ਦੀ ਲੋੜ ਹੁੰਦੀ ਹੈ ਜਦੋਂ ਕਿ ਕੌਂਸਲ ਦੁਆਰਾ ਪ੍ਰਵਾਨਗੀ ਲਈ ਲਏ ਗਏ ਸਮੇਂ ਨਾਲ ਬੇਲੋੜੇ ਕਦਮਾਂ ਨੂੰ ਘਟਾਇਆ ਜਾਣਾ ਚਾਹੀਦਾ ਹੈ।"
ਜਿੱਥੇ ਪਹਿਲਾਂ ਕਈ ਲੋਕ ਆਸਟ੍ਰੇਲੀਆ ਦੇ ਰਿਹਾਇਸ਼ੀ ਸੰਕਟ ਪਿੱਛੇ ਪ੍ਰਵਾਸੀਆਂ ਨੂੰ ਜਿੰਮੇਵਾਰ ਕਹਿੰਦੇ ਸਨ, ਉੱਥੇ ਹੀ ਹੁਣ ਮਾਹਿਰ ਮੰਨਦੇ ਨੇ ਕਿ ਹੁਨਰਮੰਦ ਪਰਵਾਸੀ ਹੀ ਇਸ ਸਮਸਿਆ ਦਾ ਹੱਲ ਹੋ ਸਕਦੇ ਨੇੇ।
The Master Builders Association ਦਾ ਕਹਿਣਾ ਹੈ ਕਿ ਦੇਸ਼ ਭਰ ਵਿੱਚ 1 ਲੱਖ 30 ਹਜ਼ਾਰ ਕਾਮਿਆਂ ਦੀ ਲੋੜ ਹੈ।
ਹੋਰ ਵੇਰਵੇ ਲਈ ਇਹ ਪੌਡਕਾਸਟ ਸੁਣੋ:
🔊 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।
📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ , ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।






