1949 ਤੋਂ ਲੈ ਕਿ ਹੁਣ ਤੱਕ ਲਗਭੱਗ 5 ਮਿਲਿਅਨ ਤੋਂ ਵੀ ਜਿਆਦਾ ਲੋਕਾਂ ਨੂੰ ਆਸਟ੍ਰੇਲੀਆ ਦੀ ਨਾਗਰਿਕਤਾ ਪ੍ਰਦਾਨ ਕੀਤੀ ਜਾ ਚੁੱਕੀ ਹੈ। ਇਸ ਮੁਕਾਮ ਦਾ ਆਖਰੀ ਮਹੱਤਵਪੂਰਨ ਕਦਮ ਹੁੰਦਾ ਹੈ, ਨਾਗਰਿਕਤਾ ਸਮਾਰੋਹ, ਜਿਥੇ ਲੋਗ ਆਪਣੀ ਵਫਾਦਾਰੀ ਦਾ ਵਾਅਦਾ ਕਰਦੇ ਹਨ ਅਤੇ ਇੱਕ ਆਸਟ੍ਰੇਲੀਆਈ ਵਜੋਂ ਅਧਿਕਾਰ ਅਤੇ ਜਿੰਮੇਵਾਰੀਆਂ ਨੂੰ ਸਵੀਕਾਰ ਕਰਦੇ ਹਨ।
ਰੂਬੀ ਫੋਦਾਰ ਬਰਿਸਬੇਨ ਵਿਚਲੀ ‘ਆਸਟ੍ਰੇਲੀਅਨ ਇਮੀਗ੍ਰੇਸ਼ਨ ਅਜੇਂਸੀ’ ਦੀ ਮਾਈਗ੍ਰੇਸ਼ਨ ਏਜੰਟ ਹੈ। ਇਸ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਦੀ ਨਾਗਰਿਕਤਾ ਪ੍ਰਾਪਤ ਕਰਨ ਵਾਸਤੇ ਜਰੂਰੀ ਹੈ ਕਿ ਤੁਸੀਂ ਇਸ ਵਾਸਤੇ ਪਹਿਲਾਂ ਪੂਰੀ ਯੋਗਤਾ ਹਾਸਲ ਕਰੋ। ਫੋਦਾਰ ਦਾ ਕਹਿਣਾ ਹੈ ਕਿ,”ਪ੍ਰਵਾਸੀਆਂ ਵਾਸਤੇ ਜਰੂਰੀ ਹੈ ਕਿ ਉਹ ਪਹਿਲਾਂ ਸਥਾਈ ਨਾਗਰਿਕ (ਪਰਮਾਨੈਂਟ ਰੈਜ਼ੀਡੈਂਟ) ਜਰੂਰ ਬਨਣ। ਤੇ ਜਦੋਂ ਤੁਸੀਂ ਪਰਮਾਨੈਂਟ ਰੈਜ਼ੀਡੈਂਟ ਬਣ ਜਾਂਦੇ ਹੋ, ਕੁੱਲ ਚਾਰ ਸਾਲ ਤੱਕ ਆਸਟ੍ਰੇਲੀਆ ਵਿੱਚ ਵੀ ਰਹ ਚੁੱਕੇ ਹੁੰਦੇ ਹੋ ਅਤੇ ਪਰਮਾਨੈਂਟ ਰੈਸੀਡੈਂਸੀ ਨੂੰ ਹਾਸਲ ਕੀਤਿਆਂ ਘੱਟੋ ਘੱਟ ਇੱਕ ਸਾਲ ਦਾ ਸਮਾਂ ਬੀਤ ਚੁੱਕਿਆ ਹੁੰਦਾ ਹੈ, ਉਸ ਸਮੇਂ ਹੀ ਤੁਸੀਂ ਆਸਟ੍ਰੇਲੀਆ ਦੇ ਨਾਗਰਿਕ ਬਨਣ ਦੇ ਯੋਗ ਹੋ ਪਾਉਂਦੇ ਹੋ”।
ਅਰਜੀਆਂ ਦੀ ਪ੍ਰਕਿਰਿਆ ਦਾ ਸਮਾਂ

ਡਿਪਾਰਟਮੈਂਟ ਆਫ ਹੋਮ ਅਫੇਅਰਸ ਮੁਤਾਬਕ ਤੇਜ ਗਤੀ ਨਾਲ ਪ੍ਰਕਿਰਿਆ ਵਾਸਤੇ ਆਨ-ਲਾਈਨ ਅਪਲਾਈ ਕਰਨਾਂ ਲਾਹੇਵੰਦ ਹੁੰਦਾ ਹੈ। ਵਿਭਾਗ ਦੇ ਫੈਮਿਲੀ ਅਤੇ ਸਿਟੀਜ਼ਨਸ਼ਿਪ ਪਰੋਗਰਾਮ ਦੇ ਵਕਤਾ ਡੇਮਿਅਨ ਕਿਲਨਰ ਮੁਤਾਬਕ, ਜਿਆਦਾਤਰ ਲੋਕਾਂ ਦੀ ਅਰਜੀ ਵਾਸਤੇ ਪ੍ਰਕਿਰਿਆ ਦਾ ਸਮਾਂ, ਔਸਤਨ 14 ਮਹੀਨਿਆਂ ਦਾ ਹੁੰਦਾ ਹੈ।
ਨਾਗਰਿਕਤਾ ਟੈਸਟ
ਬਿਨੇਕਾਰਾਂ ਨੂੰ ਆਸਟ੍ਰੇਲੀਆ ਪ੍ਰਤੀ ਆਪਣੇ ਗਿਆਨ ਨੂੰ ਦਰਸ਼ਾਉਣ ਅਤੇ ਨਾਗਰਿਕ ਦੇ ਤੋਰ ਤੇ ਵਿਸ਼ੇਸ਼ ਅਧਿਕਾਰਾਂ ਅਤੇ ਜਿੰਮੇਵਾਰੀਆਂ ਨੂੰ ਸਮਝਣ ਵਾਸਤੇ ਇੱਕ ‘ਨਾਗਰਿਕਤਾ ਟੈਸਟ’ ਪਾਸ ਕਰਨਾਂ ਵੀ ਲਾਜ਼ਮੀਂ ਹੁੰਦਾ ਹੈ।
ਡੇਮਿਅਨ ਕਿਲਨਰ ਅਨੁਸਾਰ,”ਇਸ ਟੈਸਟ ਦਾ ਮੰਤਵ ਸਿਰਫ ਇਹੀ ਹੈ ਕਿ ਕੀ ਤੁਹਾਡੇ ਵਿੱਚ ਬੁਨਿਆਦੀ ਅੰਗਰੇਜੀ ਦੀ ਮਹਾਰਤ ਮੋਜੂਦ ਹੈ?”
20 ਸਵਾਲਾਂ ਵਾਲਾ ਇਹ ਸਿਟੀਜ਼ਨਸ਼ਿਪ ਟੈਸਟ ‘ਆਸਟ੍ਰੇਲੀਅਨ ਸਿਟੀਜ਼ਨਸ਼ਿਪ – ਅਵਰ ਕਾਮਨ ਬੋਂਡ’ (‘Australian Citizenship – Our Common Bond’ ) ਨਾਮੀ ਆਨ-ਲਾਈਨ ਪੁਸਤਕ ਉੱਤੇ ਹੀ ਅਧਾਰਿਤ ਹੁੰਦਾ ਹੈ।
ਇਸ ਟੈਸਟ ਵਿੱਚਲੇ ਪਾਸ ਕਰਨ ਲਈ ਲੋੜੀਂਦੇ ਅੰਕ 75 ਹੁੰਦੇ ਹਨ ਅਤੇ ਜਿਆਦਾਤਰ (2014-15 ਦੇ ਆਂਕੜਿਆਂ ਮੁਤਾਬਕ 98.6%) ਲੋਕਾਂ ਨੇ ਇਹ ਇਮਤਿਹਾਨ ਪਾਸ ਕਰ ਲਿਆ ਸੀ।
ਸਿਟਿਜ਼ਨਸ਼ਿਪ ਵਾਲੇ ਕਾਨੂੰਨਾਂ ਵਿੱਚ ਹੋਣ ਵਾਲੇ ਪ੍ਰਸਤਾਵਤ ਬਦਲਾਅ

ਪਰ ਆਣ ਵਾਲੇ ਸਮੇਂ ਵਿੱਚ ਹੋ ਸਕਦਾ ਹੈ ਕਿ ਨਾਗਰਿਕਤਾ ਹਾਸਲ ਕਰਨ ਵਾਲਿਆਂ ਵਾਸਤੇ ਹਾਲਾਤ ਕੁੱਝ ਹੋਰ ਵੀ ਸਖਤ ਹੋ ਜਾਣ, ਕਿਉਂਕਿ ਡਿਪਾਰਟਮੈਂਟ ਆਫ ਹੋਮ ਅਫੇਅਰਸ ਚਾਹ ਰਿਹਾ ਹੈ ਕਿ ਕਈ ਵਾਰ ਟੈਸਟ ਵਿੱਚ ਫੇਲ ਹੋਣ ਵਾਲਿਆਂ ਉੱਤੇ ਆਰਜ਼ੀ ਤੋਰ ਤੇ ਰੋਕ ਲਗਾ ਦੇਣੀ ਚਾਹੀਦੀ ਹੈ।
ਕਿਲਨਰ ਆਖਦੇ ਹਨ ਕਿ, ‘ਸਰਕਾਰ ਨੇ ਕੁੱਝ ਤਬਦੀਲੀਆਂ ਦਾ ਜਿਕਰ ਕੀਤਾ ਹੈ। ਅਤੇ, ਉਹਨਾਂ ਵਿੱਚੋਂ ਇੱਕ ਇਹ ਹੈ ਕਿ ਅਗਰ ਕੋਈ ਟੈਸਟ ਵਿੱਚੋਂ ਚਾਰ ਵਾਰ ਅਸਫਲ ਹੋ ਜਾਂਦਾ ਹੈ ਤਾਂ, ਉਸ ਉੱਤੇ ਮੁੜ ਤੋਂ ਇਮਤਿਹਾਨ ਦੇਣ ਵਾਸਤੇ, ਦੋ ਸਾਲਾਂ ਤੱਕ ਦੀ ਰੋਕ ਲਗਾ ਦੇਣੀ ਚਾਹੀਦੀ ਹੈ। ਪਰ ਇਹ, ਇਸ ਤਜ਼ਵੀਜ਼ ਦੇ ਕਾਨੂੰਨ ਵਿੱਚ ਬਦਲਣ ਉੱਤੇ ਹੀ ਨਿਰਭਰ ਕਰਦਾ ਹੈ’।
ਇਸ ਤੋਂ ਅਲਾਵਾ ਸਰਕਾਰ ਇਹ ਵੀ ਤਜ਼ਵੀਜ਼ ਕਰ ਰਹੀ ਹੈ ਕਿ ਬਿਨੇਕਾਰ ਇੱਕ ਵੱਖਰੇ ਅੰਗਰੇਜੀ ਦੇ ਇਮਤਿਹਾਨ ਵਿੱਚ ਵੀ ਬੈਠਣ ਜਿਸ ਤੋਂ ਉਹਨਾਂ ਦੀ ਅੰਗਰੇਜੀ ਬੋਲਣ, ਲਿਖਣ, ਪੜਨ ਅਤੇ ਸੁਨਣ ਦੀ ਯੋਗਤਾ ਇੱਕ ‘ਸਮਰੱਥ’ ਲੈਵਲ (ਯਾਨਿ ਕਿ ਆਈਲੇਟਸ 5.0 ਦੇ ਬਰਾਬਰ) ਦੀ ਆਂਕੀ ਜਾ ਸਕੇ।
ਇਸ ਨਾਗਰਿਕਤਾ ਵਾਲੇ ਟੈਸਟ ਤੋਂ, 60 ਸਾਲਾਂ ਤੋਂ ਵਧੇਰੀ ਉਮਰ ਦੇ ਲੋਕਾਂ, 16 ਸਾਲਾਂ ਤੋਂ ਘੱਟ ਉਮਰ ਦੇ ਬੱਚਿਆਂ ਸਮੇਤ ਉਨਾਂ ਸਾਰਿਆਂ ਜਿਨਾਂ ਵਿੱਚ ਬੋਲਣ, ਸੁਨਣ ਜਾਂ ਦੇਖਣ ਦੀ ਕੋਈ ਅਯੋਗਤਾ ਹੈ, ਨੂੰ ਛੋਟ ਹੈ।
ਇਸ ਤੋਂ ਅਲਾਵਾ ਇੱਕ ਹੋਰ ਵੱਡਾ ਬਦਲਾਅ ਜਿਹੜਾ ਹੋ ਸਕਦਾ ਹੈ, ਉਹ ਇਹ ਹੈ ਕਿ, ਪਰਮਾਨੈਂਟ ਰੈਸੀਡੈਂਸੀ ਹਾਸਲ ਕਰਨ ਤੋਂ ਬਾਦ, ਘੱਟੋ ਘੱਟ ਇਕ ਸਾਲ ਵਾਲੀ ਮਿਆਦ ਨੂੰ ਵਧਾ ਕਿ ਚਾਰ ਸਾਲ ਤੱਕ ਕੀਤੀ ਜਾ ਸਕਦੀ ਹੈ।
ਬੇਸ਼ਕ ਅਜੇ ਇਹਨਾਂ ਬਦਲਾਵਾਂ ਨੂੰ ਲਾਗੂ ਕਰਨ ਵਾਸਤੇ ਕੋਈ ਤਰੀਕ ਨਿਯਤ ਨਹੀਂ ਕੀਤੀ ਗਈ ਹੈ, ਪਰ ਹੋਮ ਅਫੇਅਰਸ ਦੀ ਵੈਬਸਾਈਟ ਅਨੁਸਾਰ ਨਾਗਰਿਕਤਾ ਵਾਸਤੇ ਨਵੇਂ ਬਦਲਾਅ ਪਹਿਲੀ ਜੂਲਾਈ 2018 ਤੋਂ ਹੋਂਦ ਵਿੱਚ ਆਉਣਗੇ।
ਨਾਗਰਿਕਤਾ ਦੀ ਸਹੁੰ

ਜਦੋਂ ਨਾਗਰਿਕਤਾ ਵਾਸਤੇ ਅਰਜੀ ਮੰਨਜੂਰ ਹੋ ਜਾਂਦੀ ਹੈ ਤਾਂ ਬਿਨੇਕਾਰਾਂ ਵਾਸਤੇ ਕਾਨੂੰਨਨ ਨਾਗਰਿਕਤਾ ਸਮੋਰਹ ਵਿੱਚ ਜਾ ਕਿ ਆਸਟ੍ਰੇਲੀਆ ਦੀ ਨਾਗਰਿਕਤਾ ਦੀ ਸਹੁੰ ਚੁੱਕਣੀ ਲਾਜ਼ਮੀਂ ਹੁੰਦੀ ਹੈ।
ਆਸਟ੍ਰੇਲੀਅਨ ਨਾਗਰਿਕਤਾ ਦੀ ਸਹੁੰ ਦੋ ਤਰੀਕਿਆਂ ਨਾਲ ਲਈ ਜਾ ਸਕਦੀ ਹੈ; ਇਕ, ਜਿਸ ਵਿੱਚ ਰੱਬ ਦਾ ਜਿਕਰ ਹੁੰਦਾ ਹੈ ਅਤੇ, ਦੂਜੀ, ਬਿਨਾਂ ਇਸ ਤੋਂ।
ਡਿਪਾਰਟਮੈਂਟ ਆਫ ਹੋਮ ਅਫੇਅਰਸ ਦੇ ਡੇਮਿਅਨ ਕਿਲਨਰ ਅਨੁਸਾਰ, ‘ਵਚਨਬੱਧਤਾ ਦਾ ਹਿਸਾ ਹੈ ਕਿ, ਇੱਕ ਵਾਅਦੇ ਨੂੰ ਸਵੀਕਾਰ ਕਰਦੇ ਹੋਏ ਆਸਟ੍ਰੇਲੀਆ ਦਾ ਨਾਗਰਿਕ ਬਨਣਾ’।
ਨਾਗਰਿਕਤਾ ਸਮਾਰੋਹ
ਹਰ ਸਾਲ ਆਸਟ੍ਰੇਲੀਆ ਭਰ ਤੋਂ ਲਗਭੱਗ 10,000 ਲੋਕ ਆਸਟ੍ਰੇਲੀਆ ਦੇ ਨਾਗਰਿਕ ਬਣਦੇ ਹਨ ਅਤੇ ਬਹੁਤ ਸਾਰੇ ਆਸਟ੍ਰੇਲੀਆ ਡੇਅ ਵਾਲੇ ਦਿਨ ਯਾਨਿ ਕਿ 26 ਜਨਵਰੀ ਨੂੰ ਹੀ ਇਸ ਵਾਸਤੇ ਸਹੁੰ ਲੈਂਦੇ ਹਨ।
ਜਿਆਦਾਤਰ ਇਹ ਸਮਾਰੋਹ ਲੋਕਲ ਕਾਂਉਂਸਲਾਂ ਦੁਆਰਾ ਹੀ ਕਰਵਾਏ ਜਾਂਦੇ ਹਨ ਅਤੇ ਇਹਨਾਂ ਵਾਸਤੇ ਲਗਭੱਗ ਇੱਕ ਤੋਂ ਡੇਢ ਘੰਟੇ ਦਾ ਸਮਾਂ ਲਗਦਾ ਹੈ। ਅਰਜੀਆਂ ਮੰਨਜੂਰ ਹੋ ਜਾਣ ਤੋਂ ਬਾਦ, ਤਕਰੀਬਨ ਛੇ ਮਹੀਨਿਆਂ ਦੇ ਅੰਦਰ ਨਾਗਰਿਕਤਾ ਸਮਾਰੋਹ ਦਾ ਸੱਦਾ ਮਿੱਲ ਜਾਂਦਾ ਹੈ।
ਕਿਲਨਰ ਆਖਦੇ ਹਨ ਕਿ, ‘ਕਾਂਉਂਸਲਾਂ ਦੇ ਮੇਅਰ, ਲੋਰਡ ਮੇਅਰ ਜਾਂ ਫੇਰ ਚੀਫ ਐਗਜ਼ੇਕਟਿਵ ਆਫਿਸਰ ਜੋ ਕਿ ਮੌਕੇ ਦੇ ਪ੍ਰੀਜ਼ਾਇਡਿੰਗ ਅਫਸਰ ਹੁੰਦੇ ਹਨ, ਦੁਆਰਾ ਇੱਕ ਪ੍ਰਸਤਾਵਨਾਂ ਪੜੀ ਜਾਂਦੀ ਹੈ ਜੋ ਕਿ ਸਿਟਿਜ਼ਨਸ਼ਿਪ ਐਕਟ ਵਿੱਚ ਦਰਜ ਹੈ।ਇਸ ਦੇ ਨਾਲ ਹੀ ਕੌਮ ਪ੍ਰਤੀ ਇੱਕ ਸੁਆਗਤੀ ਸੰਦੇਸ਼ ਤੇ ਮੰਤਰੀ ਦਾ ਸੁਨੇਹਾ ਵੀ ਪੜਿਆ ਜਾਂਦਾ ਹੈ, ਅਤੇ ਰਾਸ਼ਟਰਗਾਨ ਵੀ ਗਾਇਆ ਜਾਂਦਾ ਹੈ। ਇਸ ਤੋਂ ਬਾਦ ਸਾਰੇ ਹੀ ਸਮਾਰੋਹ ਵਿੱਚ ਸ਼ਾਮਲ ਹੋਣ ਵਾਲਿਆਂ ਵਲੋਂ ਇੱਕ ਸਹੁੰ ਚੁੱਕੀ ਜਾਂਦੀ ਹੈ’।
ਇਸ ਸਮਾਰੋਹ ਵਿੱਚ ਭਾਗ ਲੈਣ ਵਾਲਿਆਂ ਦੀ ਨਿਜੀ ਪਛਾਣ ਜਾਂਚੀ ਜਾਂਦੀ ਹੈ ਅਤੇ ਇਸ ਲਈ ਲਾਜ਼ਮੀ ਹੈ ਕਿ ਬਿਨੇਕਾਰ ਆਪਣੇ ਨਾਲ ਆਪਣਾ ਡਰਾਈਵਿੰਗ ਲਾਇਸੈਂਸ ਜਾਂ ਆਪਣਾ ਪਾਸਪੋਰਟ ਜਰੂਰ ਲੈ ਕਿ ਜਾਣ।
ਰੂਬੀ ਫੋਦਾਰ ਅਨੁਸਾਰ ਉਹਨਾਂ ਨੇ ਆਸਟ੍ਰੇਲੀਆ ਡੇਅ ਵਾਲੇ ਦਿੰਨ ਹੀ ਆਪਣੀ ਨਾਗਰਿਕਤਾ ਹਾਸਲ ਕੀਤੀ ਸੀ, ‘ਮੇਰੇ ਲਈ ਇਹ ਬਹੁਤ ਹੀ ਮਾਣ ਦਾ ਸਮਾਂ ਸੀ ਜਦੋਂ ਮੇਰਾ ਨਾਮ ਲਿਆ ਗਿਆ ਸੀ ਅਤੇ ਇੱਕ ਪ੍ਰਮਾਣ ਪੱਤਰ ਇਹ ਕਹਿੰਦੇ ਹੋਏ ਦਿੱਤਾ ਗਿਆ ਸੀ ਕਿ ਹੁਣ ਤੁਸੀਂ ਇਸ ਮਹਾਨ ਦੇਸ਼ ਦੇ ਨਾਗਰਿਕ ਬਣ ਗਏ ਹੋ।‘


ਨਾਗਰਿਕਤਾ ਬਾਬਤ ਹੋਰ ਜਾਣਕਾਰੀ ਹਾਸਲ ਕਰਨ ਲਈ:
For people requiring language assistance can call the Translating and Interpreting Service (TIS) on 131 450.
Other top stories on SBS Punjabi

Find out who named the Australian Punjaub