ਆਸਟ੍ਰੇਲੀਆ ਦੇ ਮੈਡੀਕਲ ਮਾਮਲਿਆਂ ਸੰਬੰਧੀ ਨਿਗਰਾਨ ਅਦਾਰੇ, ਥੇਰਾਪਿਯੂਟਿਕ ਗੁੱਡਜ਼ ਐਡਮਿਨਿਸਟ੍ਰੇਸ਼ਨ (ਟੀਜੀਏ) ਨੇ ਫਾਈਜ਼ਰ, ਮੋਡਰਨਾ ਅਤੇ ਐਸਟਰਾ-ਜ਼ੈਨਿਕਾ ਟੀਕਿਆ ਲਈ ਮੰਨਜ਼ੂਰੀ ਦੇ ਦਿੱਤੀ ਹੈ।
ਕਈ ਪ੍ਰਾਪਤ ਹੋਈਆਂ ਰਿਪੋਰਟਾਂ ਤੋਂ ਪਤਾ ਚੱਲਿਆ ਹੈ ਕਿ ਅਲੱਗ-ਅਲੱਗ ਕੰਪਨੀਆਂ ਵਲੋਂ ਬਣਾਏ ਗਏ ਟੀਕਿਆਂ ਦੀ ਕਾਮਯਾਬੀ ਵੱਖੋ -ਵੱਖਰੀ ਹੈ। ਜਿੱਥੇ ਫਾਈਜ਼ਰ ਅਤੇ ਮੋਡਰਨਾ ਦੇ ਟੀਕੇ 95 ਫ਼ੀ ਸਦ ਤੱਕ ਪ੍ਰਭਾਵਸ਼ੀਲ ਹੈ, ਉੱਥੇ ਐਸਟਰਾ-ਜ਼ੈਨੀਕਾ ਨੂੰ 65 ਫ਼ੀ ਸਦ ਤੱਕ ਕਾਰਗਰ ਮੰਨਿਆ ਗਿਆ ਹੈ।
ਖ਼ਾਸ ਨੁਕਤੇ:
- ਥੇਰਾਪਿਯੂਟਿਕ ਗੁੱਡਜ਼ ਐਡਮਿਨਿਸਟ੍ਰੇਸ਼ਨ ਨੇ ਫਾਈਜ਼ਰ, ਮੋਡਰਨਾ ਅਤੇ ਐਸਟਰਾ-ਜ਼ੈਨਿਕਾ ਟੀਕਿਆਂ ਲਈ ਦਿੱਤੀ ਮੰਨਜ਼ੂਰੀ
- ਫਾਈਜ਼ਰ ਅਤੇ ਮੋਡਰਨਾ ਟੀਕੇ 95 ਫ਼ੀ ਸਦ ਤੱਕ ਅਤੇ ਐਸਟਰਾ-ਜ਼ੈਨੀਕਾ 65 ਫ਼ੀ ਸਦ ਤੱਕ ਕਾਰਗਰ
- 'ਟੀਕਾ ਲਵਾਉਣਾ ਲਾਹੇਵੰਦ ਹੈ, ਇਸ ਨਾਲ਼ ਕੋਵਿਡ-19 ਦਾ ਅਸਰ ਜ਼ਰੂਰ ਘਟੇਗਾ, ਜਾਨਾਂ ਬੱਚ ਸਕਣਗੀਆਂ, ਲਾਗ ਵੀ ਘੱਟ ਫੈਲੇਗੀ': ਡਾ. ਕਮਲ ਪ੍ਰਕਾਸ਼ ਸਿੰਘ
ਕੋਵਿਡ-19 ਰੋਧਕ ਟੀਕੇ ਨੂੰ ਚਾਰ ਹਫਤਿਆਂ ਦੇ ਫਰਕ ਨਾਲ ਦੋ ਵਾਰ ਦਿੱਤਾ ਜਾਣਾ ਹੈ।
“ਬੇਸ਼ਕ ਹੋਰਨਾ ਲਾਗਾਂ ਵਾਲੇ ਟੀਕਿਆਂ ਵਾਂਗ ਕੋਵਿਡ-19 ਰੋਧਕ ਟੀਕਾ ਵੀ 100 ਫ਼ੀ ਸਦ ਰੱਖਿਅਕ ਨਹੀ ਸਾਬਤ ਹੋਵੇਗਾ, ਪਰ ਫ਼ੇਰ ਵੀ, ਇਸ ਨਾਲ ਬਿਮਾਰੀ ਦੀ ਗੰਭੀਰਤਾ ਤਾਂ ਕਾਫੀ ਹੱਦ ਤੱਕ ਘੱਟ ਹੀ ਜਾਂਦੀ ਹੈ । ਜਦੋਂ ਵੀ ਇਹ ਟੀਕਾ ਉਪਲਬਧ ਹੁੰਦਾ ਹੈ, ਮੈਂ ਤੁਰੰਤ ਹੀ ਇਸ ਨੂੰ ਲਗਵਾਉਣਾ ਚਾਹਾਂਗਾ," ਸਿਡਨੀ ਨਿਵਾਸੀ ਡਾ. ਕਮਲ ਪ੍ਰਕਾਸ਼ ਸਿੰਘ ਨੇ ਐਸਬੀ ਐਸ ਪੰਜਾਬੀ ਨਾਲ਼ ਗੱਲਬਾਤ ਕਰਦੇ ਹੋਏ ਕਿਹਾ।
ਡਾ. ਸਿੰਘ ਨੇ ਟੀਕੇ ਦੀ ਸਮਰੱਥਾ ਨੂੰ ਸਮਝਾਉਂਦੇ ਹੋਏ ਕਿਹਾ, “ਅਜੇ ਇਹ ਸਾਫ ਤੌਰ ਤੇ ਨਹੀਂ ਕਿਹਾ ਜਾ ਸਕਦਾ ਕਿ ਕੋਵਿਡ-19 ਰੋਧਕ ਟੀਕਾ ਲਗਵਾਉਣ ਨਾਲ਼ ਇਹ ਮਹਾਂਮਾਰੀ ਨਹੀਂ ਹੋਵੇਗੀ, ਪਰ ਇਹ ਜ਼ਰੂਰ ਹੈ ਕਿ ਇਸ ਟੀਕੇ ਨਾਲ ਇਸ ਬਿਮਾਰੀ ਦਾ ਅਸਰ ਘੱਟ ਹੋ ਸਕੇਗਾ, ਅਤੇ ਜਾਨਾਂ ਬੱਚ ਸਕਣਗੀਆਂ। ਨਾਲ਼ ਹੀ, ਇਹ ਲਾਗ ਦੂਜਿਆਂ ਤੱਕ ਵੀ ਘੱਟ ਫੈਲੇਗੀ।"
ਡਾ. ਸਿੰਘ ਨੇ ਇਸ ਵਿਸ਼ੇ ਤੇ ਹੋਰ ਰੌਸ਼ਨੀ ਪਾਉਂਦੇ ਹੋਏ ਦੱਸਿਆ, “ਟੀਜੀਏ ਵੱਲੋਂ ਦਿੱਤੀ ਗਈ ਇਹ ਮਨਜ਼ੂਰੀ ਹੰਗਾਮੀ ਹਾਲਾਤ ਕਾਰਨ ਨਹੀਂ, ਬਲਕਿ, ਸਾਰੇ ਤੱਥਾਂ ਉੱਤੇ ਪੂਰਾ ਗ਼ੌਰ ਕਰਨ ਤੋਂ ਬਾਅਦ ਹੀ ਦਿੱਤੀ ਗਈ ਹੈ।"

ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਕੋਵਿਡ-19 ਟੀਕਾਕਰਣ ਮੁਹਿੰਮ ਦਾ ਪਰਚਾ ਦਿਖਾਉਂਦੇ ਹੋਏ। Source: AAP
ਇਸ ਟੀਕੇ ਨੂੰ ਲਗਵਾਉਣ ਤੋਂ ਪਹਿਲਾਂ ਕਿਹੜੀਆਂ ਖ਼ਾਸ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ, ਇਸ ਬਾਰੇ ਆਉਣ ਵਾਲੇ ਸਮੇਂ ਵਿੱਚ ਹੀ ਪਤਾ ਚੱਲੇਗਾ।
ਡਾ. ਸਿੰਘ, ਜੋ ਕਿ ਹਰ ਰੋਜ਼ ਕਈ ਪ੍ਰਕਾਰ ਦੇ ਮਰੀਜ਼ਾਂ ਨਾਲ ਵਰਤਦੇ ਹਨ, ਮੰਨਦੇ ਹਨ ਕਿ ਉਹਨਾਂ ਲਈ ਇਹ ਟੀਕਾ ਲਗਵਾਉਣਾ ਕਾਫੀ ਲਾਹੇਵੰਦ ਰਹੇਗਾ।
"ਮੈਂ ਆਪਣੀ, ਪਰਵਿਾਰ ਅਤੇ ਸਮਾਜ ਦੀ ਸੁਰੱਖਿਆ ਲਈ ਕੋਵਿਡ-19 ਟੀਕਾ ਲਗਵਾਉਣਾ ਚਾਹਾਂਗਾ," ਉਨ੍ਹਾਂ ਨੇ ਆਖਿਆ।
ਡਾ. ਸਿੰਘ ਨੇ ਪੰਜਾਬੀ ਸਮਾਜ ਨੂੰ ਅਪੀਲ ਕਰਦੇ ਹੋਏ ਕਿਹਾ, “ਆਪਣੀ ਵਾਰੀ ਆਉਣ ਤੇ ਇਹ ਟੀਕਾ ਜ਼ਰੂਰ ਲਗਵਾਉ, ਅਤੇ ਉਸ ਤੋਂ ਬਾਅਦ ਵੀ ਸਮਾਜਿਕ ਦੂਰੀਆਂ ਅਤੇ ਸਫ਼ਾਈ ਵਾਲੀਆਂ ਸਾਵਧਾਨੀਆਂ ਜ਼ਰੂਰ ਵਰਤਦੇ ਰਹੋ”।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।