ਨਿਊ ਸਾਊਥ ਵੇਲਜ਼ ਦੇ ਰੀਜਨਲ ਇਲਾਕੇ ਗੌਲਬਰਨ ਤੋਂ ਲਗਭਗ 32 ਕਿਲੋਮੀਟਰ ਬ੍ਰੈਡਅਲਬੇਨ ਰੋਡ ਨੇੜੇ ਹਿਊਮ ਹਾਈਵੇਅ ਉੱਤੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਪੰਜਾਬੀ ਮੂਲ ਦੇ ਟਰੱਕ ਡਰਾਇਵਰ ਸੁਖਜਿੰਦਰ ਸਿੰਘ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਦੇ ਜਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਬਟਾਲਾ ਅਧੀਨ ਪੈਂਦੇ ਪਿੰਡ ਵੈਰੋਨੰਗਲ ਦਾ ਵਸਨੀਕ ਸੁਖਜਿੰਦਰ ਸਿੰਘ (ਕਰੀਬ 30 ਸਾਲ) ਸ਼ੁੱਕਰਵਾਰ 17 ਜੁਲਾਈ ਨੂੰ ਮੈਲਬੌਰਨ ਤੋਂ ਸਿਡਨੀ ਵੱਲ ਨੂੰ ਜਾ ਰਿਹਾ ਸੀ ਕਿ ਹਾਦਸੇ ਦਾ ਸ਼ਿਕਾਰ ਹੋ ਗਿਆ।
ਪੁਲਿਸ ਦਾ ਕਹਿਣਾ ਹੈ ਕਿ ਮੁੱਢਲੀ ਜਾਂਚ ਮੁਤਾਬਿਕ ਹਿਊਮ ਹਾਈਵੇਅ ਉੱਤੇ ਪਹਿਲਾਂ ਤੋਂ ਇੱਕ ਰੋਡ ਟਰੇਨ ਟਰੱਕ ਖਰਾਬੀ ਦੀ ਹਾਲਤ ਵਿੱਚ ਖੜ੍ਹਾ ਸੀ ਅਤੇ ਸੁਖਜਿੰਦਰ ਦਾ ਬੀ-ਡਬਲ ਟਰੱਕ, ਜੋ ਕਿ ਐਰੋਸੋਲ ਕੈਨ (ਜਲਣਸ਼ੀਲ ਤਰਲ ਪਦਾਰਥ) ਨਾਲ ਲੱਦਿਆ ਹੋਇਆ ਸੀ, ਅਚਾਨਕ ਉਸ ਟਰੱਕ ਦੇ ਪਿਛਲੇ ਪਾਸੇ ਜਾ ਵੱਜਾ। ਉਸ ਵਕਤ ਤੜਕਸਾਰ ਕਰੀਬ 4.10 ਵਜੇ ਦਾ ਸਮਾਂ ਸੀ।
ਜਬਰਦਸਤ ਟੱਕਰ ਤੋਂ ਬਾਅਦ ਸੁਖਜਿੰਦਰ ਦੀਆਂ ਲੱਤਾਂ ਕੈਬਿਨ ਵਿੱਚ ਫੱਸ ਗਈਆਂ ਜਦਕਿ ਦੂਜੇ ਟਰੱਕ ਦੇ ਡਰਾਇਵਰ ਦੇ ਵੀ ਕੁਝ ਸੱਟਾਂ ਵੱਜੀਆਂ। ਇਸੇ ਦੌਰਾਨ ਦੋਵੇਂ ਟਰੱਕ ਭਿਆਨਕ ਅੱਗ ਦੀ ਚਪੇਟ ਵਿੱਚ ਆ ਗਏ ਅਤੇ ਪਲਾਂ ਵਿੱਚ ਹੀ ਸਭ ਕੁਝ ਸੜ ਕੇ ਸੁਆਹ ਹੋ ਗਿਆ। ਪੁਲਿਸ ਮੁਤਾਬਿਕ ਫਾਇਰ ਐਂਡ ਰੈਸਕਿਊ ਨਿਊ ਸਾਊਥ ਵੇਲਜ਼ ਦੀਆਂ ਟੀਮਾਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ।
ਨਿਊ ਸਾਊਥ ਵੇਲਜ਼ ਪੁੁਲਿਸ ਨੇ ਹੋਰ ਵੇਰਵੇ ਨਸ਼ਰ ਕਰਦਿਆਂ ਦੱਸਿਆ ਕਿ ਹਾਦਸੇ ਵਿੱਚ ਜ਼ਖਮੀ ਹੋਏ ਰੋਡ ਟ੍ਰੇਨ ਦੇ 31 ਸਾਲਾ ਡਰਾਈਵਰ ਮੌਕੇ ਨੂੰ ਇਲਾਜ ਕਰਨ ਤੋਂ ਬਾਅਦ ਲਾਜ਼ਮੀ ਜਾਂਚ ਲਈ ਯਾਸ ਹਸਪਤਾਲ ਲਿਜਾਇਆ ਗਿਆ ਜਦਕਿ ਦੂਜੇ ਟਰੱਕ ਦੇ ਡਰਾਈਵਰ ਦੀ ਲਾਸ਼ ਬਰਾਮਦ ਹੋਈ ਹੈ।
ਹਿਊਮ ਪੁਲਿਸ ਡਿਸਟ੍ਰਿਕਟ ਦੇ ਅਧਿਕਾਰੀਆਂ ਨੇ ਟ੍ਰੈਫਿਕ ਐਂਡ ਹਾਈਵੇ ਪੈਟਰੋਲ ਕਮਾਂਡ ਦੀ ਸਹਾਇਤਾ ਨਾਲ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇੱਧਰ, ਮੈਲਬਰਨ ਦੇ ਟਾਰਨੇਟ ਇਲਾਕੇ ਵਿੱਚ ਵੱਸਦੇ ਸੁਖਜਿੰਦਰ ਸਿੰਘ ਦੇ ਕਰੀਬੀਆਂ ਨੇ ਐਸ ਬੀ ਐਸ ਪੰਜਾਬੀ ਨਾਲ ਫੋਨ ’ਤੇ ਗੱਲਬਾਤ ਕਰਦਿਆਂ ਦੱਸਿਆ ਕਿ ਸੁਖਜਿੰਦਰ 2018 ਤੋਂ ਟਰੱਕ ਡਰਾਇਵਿੰਗ ਦੇ ਕਿੱਤੇ ਵਿੱਚ ਸੀ ਅਤੇ ਆਪਣੀ ਪੜ੍ਹਾਈ ਮੁਕੰਮਲ ਹੋਣ ਤੋਂ ਬਾਅਦ ਪੀਆਰ ਦੇ ਇੰਤਜ਼ਾਰ ਵਿੱਚ ਸੀ।
ਉਨ੍ਹਾਂ ਅੱਗੇ ਦੱਸਿਆ ਕਿ ਬੇਹੱਦ ਮਿਲਾਪੜੇ ਸੁਭਾਅ ਦਾ ਮਾਲਿਕ ਅਤੇ ਆਪਣੇ ਕੰਮ ਨੂੰ ਸਮਰਪਿਤ ਸੁਖਜਿੰਦਰ ਮੈਲਬਰਨ ਤੋਂ ਸਿਡਨੀ ਵਾਲੇ ਰੂਟ ਤੋਂ ਇਲਾਵਾ ਆਸਟ੍ਰੇਲੀਆ ਦੇ ਹੋਰਨਾਂ ਸੂਬਿਆਂ ਵੱਲ ਵੀ ਆਉਂਦਾ-ਜਾਂਦਾ ਸੀ ਅਤੇ ਹਾਦਸਿਆਂ ਦੇ ਪੱਖ ਤੋਂ ਹੁਣ ਤੱਕ ਉਸ ਦਾ ਰਿਕਾਰਡ ਸਾਫ ਸੀ।
ਸੁਖਜਿੰਦਰ ਦੇ ਕਰੀਬੀਆਂ ਨੇ ਅੱਗੇ ਦੱਸਿਆ ਕਿ ਹਾਦਸੇ ਤੋਂ ਬਾਅਦ ਮੌਕੇ ’ਤੇ ਮੌਜੂਦ ਤਿੰਨ ਵਿਅਕਤੀਆਂ ਵਲੋਂ ਉਸ ਨੂੰ ਟਰੱਕ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਸ ਦੀਆਂ ਲੱਤਾਂ ਅੰਦਰ ਫਸੀਆਂ ਹੋਣ ਕਾਰਨ ਬਾਹਰ ਨਹੀਂ ਕੱਢਿਆ ਜਾ ਸਕਿਆ। ਕਰੀਬ 15 ਮਿੰਟ ਦੇ ਵਕਫ਼ੇ ਬਾਅਦ ਟਰੱਕ ਅੱਗ ਦੀ ਲਪੇਟ ਵਿੱਚ ਆ ਗਿਆ ਅਤੇ ਸੁਖਜਿੰਦਰ ਦੀ ਮੌਕੇ ਉੱਤੇ ਹੀ ਮੌਤ ਹੋ ਗਈ।
ਸੁਖਜਿੰਦਰ ਦੇ ਦੋਸਤਾਂ ਨੇ ਅੱਗੇ ਦੱਸਿਆ ਕਿ ਕੋਰੋਨਰ ਰਿਪੋਰਟ ਅਤੇ ਕਾਨੂੰਨੀ ਪ੍ਰਕ੍ਰਿਆਵਾਂ ਤੋਂ ਬਾਅਦ ਹੀ ਉਸ ਦੀ ਮ੍ਰਿਤਕ ਦੇਹ ਨੂੰ ਆਖਰੀ ਰਸਮਾਂ ਲਈ ਪੰਜਾਬ ਭੇਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਦੁੱਖ ਦੀ ਘੜੀ ਵਿੱਚ ਆਸਟ੍ਰੇਲੀਆ ਦੇ ਪੰਜਾਬੀ ਭਾਈਚਾਰੇ ਵੱਲੋਂ ਪੀੜਤ ਪਰਿਵਾਰ ਦੀ ਮਦਦ ਲਈ ਇੱਕ ਗੋ ਫੰਡ ਮੀ ਪੇਜ ਵੀ ਸ਼ੁਰੂ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਨਿਊ ਸਾਊਥ ਵੇਲਜ਼ ਪੁੁਲਿਸ ਨੇ ਆਮ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਅਪੀਲ ਕੀਤੀ ਹੈ ਕਿ ਜਿਸ ਕਿਸੇ ਕੋਲ ਇਸ ਹਾਦਸੇ ਸਬੰਧੀ ਡੈਸ਼ਕੈਮ ਫੁਟੇਜ ਜਾਂ ਕੋਈ ਜਾਣਕਾਰੀ ਹੋਵੇ, ਉਹ ਗੌਲਬਰਨ ਪੁਲਿਸ ਜਾਂ ਕ੍ਰਾਈਮ ਸਟਾਪਰਜ਼ ਨਾਲ ਸੰਪਰਕ ਕਰੇ।
🎧 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।
📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।





