ਆਸਟ੍ਰੇਲੀਆ ਦੇ ਮੂਲ ਲੋਕਾਂ ਦਾ ਸਭਿਆਚਾਰ ਅਤੇ ਰੀਤੀ ਰਿਵਾਜ਼ ਤਕਰੀਬਨ 65 ਹਜ਼ਾਰ ਸਾਲ ਪੁਰਾਣੇ ਹਨ ਅਤੇ ਹਰ ਸਾਲ ਨਾਇਡੋਕ ਵੀਕ ਮਨਾਉਂਦੇ ਹੋਏ ਆਸਟ੍ਰੇਲੀਅਨ ਲੋਕ ਇਹਨਾਂ ਨਾਲ ਦਿਲੋਂ ਜੁੜਨ ਦਾ ਯਤਨ ਕਰਦੇ ਹਨ। ਅਤੇ ਇਹਨਾਂ ਵਿੱਚੋਂ ਹੀ ਹਨ ਸਿਡਨੀ ਨਿਵਾਸੀ ਗੁਰਮੀਤ ਕੌਰ ਵੀ।
ਗੁਰਮੀਤ ਕੌਰ ਨੇ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਦੱਸਿਆ ਕਿ, “ਤਕਰੀਬਨ 20 ਸਾਲ ਪਹਿਲਾਂ ਸਕੂਲੀ ਵਿਦਿਆਰਥੀਆਂ ਨਾਲ ਮਿਲ ਕੇ ਇੱਕ ਸਾਂਝਾ ਕਾਰਜ ਕੀਤਾ ਗਿਆ ਸੀ ਜਿਸ ਵਿੱਚ ਵਿਆਪਕ ਭਾਈਚਾਰੇ ਦੇ ਬੱਚਿਆਂ ਨੇ ਐਬੋਰੀਜਨਲ ਭਾਈਚਾਰੇ ਦੇ ਨਾਲ ਮਿਲ ਕੇ ਇੱਕ ਦੂਜੇ ਬਾਰੇ ਦਿੱਲ ਤੋਂ ਜਾਨਣ ਦੀ ਕੋਸ਼ਿਸ਼ ਕੀਤੀ ਗਈ ਸੀ”।
ਆਸਟ੍ਰੇਲੀਆ ਦੇ ਮੂਲ ਲੋਕਾਂ ਬਾਰੇ ਹੋਰ ਜਾਨਣ ਦੀ ਇੱਛਾ ਰੱਖਦੇ ਹੋਏ ਗੁਰਮੀਤ ਕੌਰ ਨੇ ਆਪਣੇ ਨਿਜ਼ੀ ਸਮੇਂ ਵਿੱਚੋਂ ਸਮਾਂ ਕੱਢਦੇ ਹੋਏ ਇੱਕ ‘ਡਰੀਮਿੰਗ’ ਵਰਕਸ਼ਾਪ ਵਿੱਚ ਵੀ ਭਾਗ ਲਿਆ।

Gurmeet Kaur took her own time off to learn more about the cultures and values of Aboriginal People. Source: Gurmeet Kaur
ਮਿਸ ਕੌਰ ਨੇ ਦੱਸਿਆ, “ਐਬੋਰੀਜਨਲ ਭਾਈਚਾਰੇ ਦੀ ਆਪਣੀ ਕੋਈ ਖਾਸ ਸਕਰਿਪਟ ਨਹੀਂ ਸੀ ਅਤੇ ਉਹ ਆਪਣੇ ਵਿਚਾਰ ਪੇਟਿੰਗਸ ਦੇ ਜ਼ਰੀਏ ਹੀ ਬਿਆਨ ਕਰਦੇ ਸਨ”।
ਇਸ ਤੋਂ ਬਾਅਦ ਵਰਕਸ਼ਾਪ ਵਿੱਚ ਭਾਗ ਲੈਣ ਵਾਲਿਆਂ ਨੂੰ ਵੀ ਆਪਣੇ ਮਨਾਂ ਅੰਦਰਲੇ ਵਿਚਾਰ ਜਾਂ ਕੋਈ ਕਹਾਣੀ ਚਿੱਤਰਾਂ ਰਾਹੀਂ ਬਿਆਨ ਕਰਨ ਲਈ ਕਿਹਾ ਗਿਆ ਸੀ।
“ਮੈਂ ਆਸਟ੍ਰੇਲੀਆ ਵਿੱਚ ਰਹਿ ਰਹੇ ਆਪਣੇ ਸਾਂਝੇ ਪਰਿਵਾਰ ਨੂੰ ਇੱਕ ਐਬੋਰੀਜਨਲ ਚਿੱਤਰ ਦੁਆਰਾ ਪ੍ਰਗਟ ਕੀਤਾ ਅਤੇ ਨਾਲ ਹੀ ਇਸ ਨੂੰ ਕਹਾਣੀ ਦੇ ਰੂਪ ਵਿੱਚ ਵੀ ਲੋਕਾਂ ਨਾਲ ਸਾਂਝਾ ਕੀਤਾ ਸੀ”, ਕਿਹਾ ਮਿਸ ਕੌਰ ਨੇ।
“ਇਹਨਾਂ ਵਰਕਸ਼ਾਪਾਂ ਵਿੱਚ ਭਾਗ ਲੈਣ ‘ਤੇ ਮੈਨੂੰ ਇਹ ਮਹਿਸੂਸ ਹੋਇਆ ਕਿ ਜਿੱਥੇ ਐਬੋਰੀਜਨਲ ਲੋਕਾਂ ਦਾ ਸਭਿਆਚਾਰ ਬਹੁਤ ਹੀ ਨਿੱਘਾ ਹੈ, ਉੱਥੇ ਨਾਲ ਹੀ ਇਹ ਭਾਰਤੀ/ਪੰਜਾਬੀ ਸਭਿਆਚਾਰ ਅਤੇ ਰਿਵਾਜਾਂ ਨਾਲ ਵੀ ਕਾਫੀ ਮੇਲ ਖਾਂਦਾ ਹੈ। ਅਸੀਂ ਲੋਕ ਵੀ ਐਬੋਰੀਜਨਲ ਲੋਕਾਂ ਵਾਂਗ ਹੀ ਆਪਣੀ ਧਰਤੀ ਨੂੰ ਬਹੁਤ ਪਿਆਰ ਕਰਦੇ ਹਾਂ, ਸਾਂਝੇ ਪਰਿਵਾਰਾਂ ਵਿੱਚ ਰਹਿੰਦੇ ਹਾਂ, ਇੱਕ ਦੂਜੇ ਦੀ ਮਦਦ ਕਰਦੇ ਹਾਂ ਆਦਿ”।
ਇਸ ਬਾਰੇ ਵਿਸਥਾਰਤ ਜਾਣਕਾਰੀ ਲਈ ਇਹ ਪੌਡਕਾਸਟ ਸੁਣੋ:
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।