ਇੰਟਰਨੈਸ਼ਨਲ ਇੰਗਲਿਸ਼ ਲੈਂਗੂਏਜ ਟੈਸਟਿੰਗ ਸਿਸਟਮ (IELTS), ਜੋ ਅਕਸਰ ਅੰਤਰਰਾਸ਼ਟਰੀ ਪੱਧਰ ਉੱਤੇ ਹੁੰਦੀ ਮਾਈਗ੍ਰੇਸ਼ਨ, ਪੜ੍ਹਾਈ ਅਤੇ ਕੰਮ ਲਈ ਇੱਕ ਲੋੜ ਵਜੋਂ ਵੇਖਿਆ ਜਾਂਦਾ ਹੈ, ਨੇ ਇੱਕ ਨਵਾਂ ਨਿਯਮ ਲਿਆਂਦਾ ਹੈ ਜਿਸਨੂੰ 'ਵੱਨ ਸਕਿੱਲ ਰੀਟੇਕ' (ਓ ਐਸ ਆਰ) ਦਾ ਨਾਂ ਦਿੱਤਾ ਗਿਆ ਹੈ।
'ਆਈਲੈਟਸ ਵੱਨ ਸਕਿੱਲ ਰੀਟੇਕ' ਹੁਣ ਆਸਟ੍ਰੇਲੀਆ ਵਿੱਚ ਉਪਲਬਧ ਹੈ ਅਤੇ ਇੱਥੇ ਪ੍ਰੀਖਿਆ ਦੇਣ ਵਾਲੇ ਹੁਣ ਬਦਲਾਅ ਦਾ ਲਾਭ ਉਠਾ ਸਕਣਗੇ।
ਇਸ ਤੋਂ ਪਹਿਲਾਂ ਜੇਕਰ ਟੈਸਟ ਦੇਣ ਵਾਲਿਆਂ ਨੂੰ ਆਪਣੀ ਲੋੜ ਅਨੁਸਾਰ ਸਕੋਰ ਨਹੀਂ ਮਿਲਦਾ ਸੀ ਤਾਂ ਉਹਨਾਂ ਨੂੰ ਸਾਰੇ ਚਾਰ ਮਾਡਿਊਲਾਂ ਲਈ ਪੂਰਾ ਟੈਸਟ ਦੁਬਾਰਾ ਦੇਣਾ ਪੈਂਦਾ ਸੀ।
ਰਸਨਾ ਕੌਰ ਜੋ ਮੈਲਬੌਰਨ ਵਿੱਚ ਅੰਗਰੇਜ਼ੀ ਟਿਊਟਰ ਅਤੇ ਆਈਲੈਟਸ ਇੰਸਟ੍ਰਕਟਰ ਹਨ ਨੇ ਐਸ ਬੀ ਐਸ ਪੰਜਾਬੀ ਨਾਲ ਇਸ ਨਵੀਂ ਵਿਸ਼ੇਸ਼ਤਾ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਆਈਲੈਟਸ ਟੈਸਟਿੰਗ ਵਿੱਚ ਇਸ ਬਦਲਾਅ ਦੀ ਲੰਬੇ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਸੀ।
"ਕਈ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਅਸਥਾਈ ਪ੍ਰਵਾਸੀ ਹਰ ਸਾਲ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਦੇ ਟੈਸਟਾਂ ਵਿੱਚ ਲੋੜੀਂਦੇ ਅੰਕ ਪ੍ਰਾਪਤ ਕਰਨ ਲਈ ਸੰਘਰਸ਼ ਕਰਦੇ ਹਨ ਅਤੇ ਸਭ ਤੋਂ ਆਮ ਸ਼ਿਕਾਇਤ ਇਹ ਹੁੰਦੀ ਹੈ ਕਿ ਉਮੀਦਵਾਰਾਂ ਨੂੰ ਇੱਕ ਮਾਡਿਊਲ ਵਿੱਚ ਕੁਝ ਅੰਕਾਂ ਦੀ ਘਾਟ ਰਹਿ ਜਾਂਦੀ ਹੈ," ਉਨ੍ਹਾਂ ਕਿਹਾ।
"ਇਹ ਹੁਣ ਪ੍ਰੀਖਿਆ ਦੇਣ ਵਾਲਿਆਂ ਨੂੰ ਇੱਕ ਖਾਸ ਮਾਡਿਊਲ ਲਈ ਦੂਜੀ ਕੋਸ਼ਿਸ਼ ਤੋਂ ਆਪਣੇ ਅੰਕਾਂ ਨੂੰ ਜੋੜਨ ਵਿੱਚ ਮਦਦ ਕਰੇਗਾ।"

ਉਨ੍ਹਾਂ ਨੇ ਅੱਗੇ ਦੱਸਿਆ ਕਿ ਓ ਐਸ ਆਰ (OSR) ਜਲਦੀ ਹੀ 2023 ਦੇ ਸ਼ੁਰੂ ਵਿੱਚ ਆਸਟ੍ਰੇਲੀਆ ਭਰ ਵਿੱਚ ਹੋਰ ਟੈਸਟ ਕੇਂਦਰਾਂ ਵਿੱਚ ਅਤੇ ਮਾਰਚ 2023 ਤੋਂ ਭਾਰਤ ਵਿੱਚ ਵੀ ਉਪਲਬਧ ਹੋਵੇਗਾ।
ਆਸਟ੍ਰੇਲੀਆਈ ਗ੍ਰਹਿ ਮਾਮਲਿਆਂ ਦਾ ਵਿਭਾਗ ਕੁਝ ਉਪ-ਕਲਾਸਾਂ ਲਈ ਇਮੀਗ੍ਰੇਸ਼ਨ ਉਦੇਸ਼ਾਂ ਲਈ IELTS One Skill Retake (OSR) ਨੂੰ ਸਵੀਕਾਰ ਕਰਦਾ ਹੈ। ਇਹ ਸਮਝਣ ਲਈ ਵਿਭਾਗ ਦੀ ਵੈੱਬਸਾਈਟ ਨੂੰ ਦੇਖਣਾ ਮਹੱਤਵਪੂਰਨ ਹੈ ਕਿ ਤੁਸੀਂ ਕਿਹੜੇ ਵੀਜ਼ਾ ਸਬ-ਕਲਾਸਾਂ ਲਈ ਓ ਐਸ ਆਰ ਦੀ ਵਰਤੋਂ ਕਰ ਸਕਦੇ ਹੋ।
'ਆਈਲੈਟਸ ਵੱਨ ਸਕਿੱਲ ਰੀਟੇਕ' ਦੀ ਫੀਸ, ਵੈਧਤਾ ਅਤੇ ਹੋਰ ਜਾਣਕਾਰੀ ਬਾਰੇ ਜਾਣਨ ਲਈ, ਇਸ ਇੰਟਰਵਿਊ ਨੂੰ ਸੁਣੋ।