ਆਸਟ੍ਰੇਲੀਆਈ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਬਿਹਤਰ ਕਰਨ ਲਈ ਇੱਕ ਮਹੱਤਵਪੂਰਨ ਬਦਲਾਅ ਤਹਿਤ ਅਲਬਨੀਜ਼ ਸਰਕਾਰ ਨੇ ਹੁਨਰਮੰਦ ਪ੍ਰਵਾਸੀਆਂ, ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਪਰਿਵਾਰਾਂ ਲਈ ਕਈ ਸੁਧਾਰ ਸੁਝਾਏ ਹਨ।
ਗ੍ਰਹਿ ਮਾਮਲਿਆਂ ਦੇ ਮੰਤਰੀ ਕਲੇਰ ਓ'ਨੀਲ ਨੇ ਸਮੀਖਿਆ ਤੋਂ ਬਾਅਦ ਲਗਭਗ ਹਰ ਵੀਜ਼ਾ ਸ਼੍ਰੇਣੀ ਵਿੱਚ ਤਬਦੀਲੀ ਦਾ ਐਲਾਨ ਕੀਤਾ ਹੈ।
ਆਸਟ੍ਰੇਲੀਆ ਵਿੱਚ 2010 ਅਤੇ 2022 ਦੇ ਵਿਚਕਾਰ, ਮਾਪਿਆਂ ਦੀ ਵੀਜ਼ਾ ਅਰਜ਼ੀਆਂ ਦਾ ਬੈਕਲਾਗ ਲਗਭਗ 35,000 ਤੋਂ ਵਧ ਕੇ 120,000 ਹੋ ਗਿਆ ਹੈ। ਫਿਰ ਵੀ, ਉਪਲਬਧ ਮਾਪਿਆਂ ਦੇ ਵੀਜ਼ਿਆਂ ਦੀ ਗਿਣਤੀ ਪ੍ਰਤੀ ਸਾਲ 8,500 ਸਥਾਨਾਂ 'ਤੇ ਸੀਮਤ ਰੱਖੀ ਗਈ ਹੈ।
ਪੇਰੈਂਟ ਅਤੇ ਪਰਿਵਾਰਿਕ ਵੀਜ਼ਾ ਸ਼੍ਰੇਣੀ ਵਿੱਚ ਮਾਹਿਰ, ਸਿਡਨੀ ਦੇ ਰਾਜਵੰਤ ਸਿੰਘ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਰਿਵਾਰਕ ਪਰਵਾਸ ਦੀ ਮੰਗ ਉਪਲਬਧ ਸਥਾਨਾਂ ਨਾਲੋਂ ਬਹੁਤ ਜ਼ਿਆਦਾ ਰਹੀ ਹੈ।
ਰਾਜਵੰਤ ਸਿੰਘ ਨੇ ਕਿਹਾ ਕਿ "ਆਸਟ੍ਰੇਲੀਆ ਦੀ ਮਾਈਗ੍ਰੇਸ਼ਨ ਪ੍ਰਣਾਲੀ ਦੀ ਸਮੀਖਿਆ ਤੋਂ ਬਾਅਦ ਸਰਕਾਰ ਕਈ ਸੰਭਾਵਿਤ ਸੁਧਾਰ ਵਿਕਲਪਾਂ 'ਤੇ ਵਿਚਾਰ ਕਰ ਰਹੀ ਹੈ, ਜਿਸ ਵਿੱਚ ਲਾਟਰੀ ਸਿਸਟਮ ਦੀ ਸ਼ੁਰੂਆਤ, ਅਸਥਾਈ ਪੇਰੈਂਟ ਵੀਜ਼ਾ ਵਿੱਚ ਸੁਧਾਰ ਕਰਨਾ ਅਤੇ ਸਥਾਈ ਨਿਵਾਸ ਤੱਕ ਪਹੁੰਚ ਨੂੰ ਹਟਾਉਣਾ ਸ਼ਾਮਲ ਹੈ। ਸਰਕਾਰ ਆਉਣ ਵਾਲੇ ਸਮੇਂ ਵਿੱਚ ਸਥਾਈ ਪੇਰੈਂਟ ਵੀਜ਼ਾ ਮਾਈਗ੍ਰੇਸ਼ਨ ਨੂੰ ਖਤਮ ਕਰ ਸਕਦੀ ਹੈ।"
"ਵੀਜ਼ਾ ਬੈਕਲਾਗ ਨੂੰ ਰੋਕਣ ਲਈ ਸਰਕਾਰ ਪੇਰੈਂਟ ਵੀਜ਼ਾ ਸ਼੍ਰੇਣੀ ਲਈ ਲਾਟਰੀ ਪ੍ਰਣਾਲੀ ਸ਼ੁਰੂ ਕਰਨ 'ਤੇ ਵੀ ਵਿਚਾਰ ਕਰ ਰਹੀ ਹੈ। ਲਾਟਰੀ ਮਾਡਲ ਕੈਨੇਡਾ ਅਤੇ ਨਿਊਜ਼ੀਲੈਂਡ ਵਰਗੇ ਦੇਸ਼ਾਂ ਵਿੱਚ ਸਫਲ ਰਿਹਾ ਹੈ, ਜਿੱਥੇ ਇਸ ਨੇ ਸੀਮਤ ਥਾਵਾਂ ਤੱਕ ਪਹੁੰਚ ਦਾ ਪ੍ਰਬੰਧਨ ਕਰਨ ਵਿੱਚ ਮਦਦ ਕੀਤੀ ਹੈ," ਉਨ੍ਹਾਂ ਕਿਹਾ।
"ਸਰਕਾਰ ਭਵਿੱਖ ਵਿੱਚ ਲੰਬੇ ਸਮੇਂ ਦੀ ਅਸਥਾਈ ਠਹਿਰ (ਸਬਕਲਾਸ 870) ਨੂੰ ਵੀ ਘਟਾ ਸਕਦੀ ਹੈ - ਜਦੋਂ ਕਿ ਮਾਪਿਆਂ ਲਈ ਵਧੇਰੇ ਕਿਫਾਇਤੀ ਥੋੜ੍ਹੇ ਸਮੇਂ ਲਈ ਠਹਿਰਣ ਦਾ ਵੀਜ਼ਾ ਪੇਸ਼ ਕੀਤਾ ਜਾ ਸਕਦਾ ਹੈ।"
186 ਪੰਨਿਆਂ ਦੀ ਮਾਈਗ੍ਰੇਸ਼ਨ ਸਮੀਖਿਆ ਵਿੱਚ ਪਾਇਆ ਗਿਆ ਹੈ ਕਿ ਮਾਤਾ-ਪਿਤਾ ਵੀਜ਼ਾ ਧਾਰਕਾਂ ਦੀ ਲਾਗਤ, ਵੀਜ਼ਾ ਫੀਸਾਂ ਤੋਂ ਕਾਫ਼ੀ ਜ਼ਿਆਦਾ ਹੈ। ਟ੍ਰੇਜ਼ਰੀ ਦਾ ਅੰਦਾਜ਼ਾ ਹੈ ਕਿ ਹਰੇਕ ਮਾਤਾ-ਪਿਤਾ-ਵੀਜ਼ਾ ਸਥਾਈ ਪ੍ਰਵਾਸੀ ਆਸਟ੍ਰੇਲੀਆ ਵਿੱਚ ਉਹਨਾਂ ਦੇ ਬਾਕੀ ਰਹਿੰਦੇ ਜੀਵਨ ਕਾਲ ਵਿੱਚ $393,000 ਖਰਚ ਕਰਦਾ ਹੈ।
ਰਿਪੋਰਟ ਅਨੁਸਾਰ ਮਾਤਾ-ਪਿਤਾ ਵੀਜ਼ਾ ਅਰਜ਼ੀਆਂ ਲਈ ਪ੍ਰਕਿਰਿਆ ਦਾ ਸਮਾਂ "30 ਤੋਂ 50 ਸਾਲ ਦੇ ਵਿਚਕਾਰ" ਹੈ, ਤੇ ਜੇਕਰ ਬਿਨੈਕਾਰ ਯੋਗਦਾਨ ਪਾਉਣ ਵਾਲੇ ਮਾਤਾ-ਪਿਤਾ ਵੀਜ਼ਾ ਲਈ $48,000 ਦੀ ਰਕਮ ਕੱਢ ਸਕਦੇ ਹਨ ਤਾਂ ਇਹ ਘਟਕੇ 15 ਸਾਲ ਦੇ ਕਰੀਬ ਰਹਿ ਜਾਂਦਾ ਹੈ।
ਹੋਰ ਵੇਰਵੇ ਲਈ ਇਹ ਆਡੀਓ ਸੁਣੋ....






