ਭਾਰਤੀ ਭਾਈਚਾਰੇ ਨੇ ਐਤਵਾਰ ਨੂੰ ਮੈਲਬੌਰਨ ਦੇ ਉੱਤਰ ਵਿਚ ਸ੍ਰੀ ਗੁਰੂ ਸਿੰਘ ਸਭਾ - ਕ੍ਰੇਗੀਬਰਨ ਗੁਰੂਦੁਆਰੇ (ਐਸ.ਜੀ.ਐੱਸ.ਐੱਸ) ਵਿਖੇ ਇਕੱਠੇ ਹੋ ਕੇ ਭਾਰਤ ਵਿਚ ਵਿਰੋਧ ਪ੍ਰਦਰਸ਼ਨ ਦੌਰਾਨ ਆਪਣੀ ਜਾਨ ਗੁਆਉਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ।
ਕ੍ਰੇਗੀਬਰਨ ਗੁਰੂਦੁਆਰੇ ਦੇ ਪ੍ਰਧਾਨ ਪਰਮਜੀਤ ਸਿੰਘ ਗਰੇਵਾਲ ਨੇ ਐਸਬੀਐਸ ਪੰਜਾਬੀ ਨੂੰ ਦੱਸਿਆ ਕਿ ਭਾਈਚਾਰੇ ਦੇ ਮੈਂਬਰਾਂ ਨੇ ਉੰਨਾ ਕਿਸਾਨਾਂ ਦੇ ਪਰਿਵਾਰਾਂ ਨੂੰ $600 ਦੀ ਵਿੱਤੀ ਸਹਾਇਤਾ ਦੇਣ ਦਾ ਫੈਸਲਾ ਕੀਤਾ ਹੈ।
ਉਨ੍ਹਾਂ ਕਿਹਾ, “ਅਸੀਂ ਭਾਈਚਾਰੇ ਦੇ ਮੈਂਬਰਾਂ ਨੂੰ ਵੀ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਜੇ ਉਹ ਆਪਣੇ ਜੱਦੀ ਇਲਾਕਿਆਂ ਦੇ ਕਿਸੇ ਐਸੇ ਪਰਿਵਾਰ ਬਾਰੇ ਜਾਣਦੇ ਹਨ, ਜੋ ਕਿ ਇਸ ਪ੍ਰਦਰਸ਼ਨ ਦੌਰਾਨ ਆਪਣੇ ਅਜ਼ੀਜ਼ਾਂ ਨੂੰ ਗੁਆ ਚੁੱਕਾ ਹਨ ਤਾਂ ਉਹ ਸਾਡੇ ਨਾਲ ਸੰਪਰਕ ਜਰੂਰ ਕਰਨ ਤਾਂ ਜੋ ਅਸੀਂ ਉਨ੍ਹਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਵਾ ਸਕੀਏ।”
ਅੰਦੋਲਨ ਦੇ ਨੇਤਾਵਾਂ ਦੇ ਅਨੁਸਾਰ, ਹੁਣ ਤੱਕ 70 ਤੋਂ ਵੱਧ ਕਿਸਾਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ, ਅਤੇ ਇਸ ਵਿੱਚ ਉਹ ਕਿਸਾਨ ਵੀ ਸ਼ਾਮਲ ਹਨ ਜਿਨ੍ਹਾਂ ਨੇ ਇਨ੍ਹਾਂ ਪ੍ਰਦਰਸ਼ਨਾਂ ਦੌਰਾਨ ਖੁਦਕੁਸ਼ੀ ਕਰ ਲਈ ਸੀ।

ਸ੍ਰੀ ਗਰੇਵਾਲ ਨੇ ਭਾਰਤ ਤੋਂ ਬਾਹਰ ਵਸਦੇ ਜ਼ਿਮੀਂਦਾਰਾਂ ਨੂੰ ਇਸ ਸਾਲ ਕਿਸਾਨਾਂ ਤੋਂ ਜ਼ਮੀਨ ਦਾ ਠੇਕਾ ਵਸੂਲ ਨਾ ਕਰਨ ਦੀ ਵੀ ਅਪੀਲ ਕੀਤੀ।
“ਅਸੀਂ ਸਾਰੇ ਗੈਰ-ਰਿਹਾਇਸ਼ੀ ਭਾਰਤੀਆਂ (ਐਨ.ਆਰ.ਆਈਜ਼) ਨੂੰ ਬੇਨਤੀ ਕਰਦੇ ਹਾਂ ਕਿ ਜਿਨ੍ਹਾਂ ਨੇ ਆਪਣੀ ਜ਼ਮੀਨ ਭਾਰਤ ਵਿਚ ਕਿਸਾਨਾਂ ਨੂੰ ਠੇਕੇ ਤੇ ਦਿੱਤੀ ਹੋਈ ਹੈ, ਉਹ ਇਸ ਸਾਲ ਕਿਸਾਨਾਂ ਤੋਂ ਠੇਕੇ ਦੀ ਕੋਈ ਵੀ ਰਕਮ ਨਾ ਲੈਣ ਤਾਂ ਜੋ ਇਸ ਸਮੇਂ ਪ੍ਰਦਰਸ਼ਨ ਵਿੱਚ ਬੈਠੇ ਕਿਸਾਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾ ਸਕੇ। ”
ਸਰਕਾਰ ਅਤੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਦਰਮਿਆਨ ਹੁਣ ਤੱਕ ਅੱਠ ਗੇੜ ਦੀ ਗੱਲਬਾਤ ਹੋ ਚੁੱਕੀ ਹੈ, ਪਰ ਹੁਣ ਤੱਕ ਇਸਦਾ ਕੋਈ ਵੀ ਸਿੱਟਾ ਨਹੀਂ ਨਿਕਲਿਆ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ






