29-ਸਾਲਾ ਸ੍ਰੀਮਤੀ ਛਿੱਬਰ ਆਪਣੇ ਭਾਰਤੀ ਸਟਾਈਲ ਖਾਣੇ ਨੂੰ ਨਵੇਂ ਅਤੇ ਵੱਖਰੇ ਅੰਦਾਜ਼ ਨਾਲ਼ ਪੇਸ਼ ਕਰਦਿਆਂ ਹੁਣ ਤੱਕ ਮਾਸਟਰ ਸ਼ੈੱਫ ਦੇ ਦੇ 13ਵੇਂ ਐਡੀਸ਼ਨ ਦੌਰਾਨ ਚੋਟੀ ਦੇ ਦਸ ਨਾਵਾਂ ਵਿਚੋਂ ਇੱਕ ਬਣਨ ਦਾ ਸੁਪਨਾ ਸਾਕਾਰ ਕਰਨ ਵਿੱਚ ਕਾਮਯਾਬ ਰਹੀ ਹੈ।
ਸ੍ਰੀਮਤੀ ਛਿੱਬਰ ਜੋ ਪੇਸ਼ੇ ਵਜੋਂ ਇੱਕ ਫਾਰਮਾਸਿਸਟ ਹੈ ਬਚਪਨ ਵਿੱਚ ਹੀ ਨਵੀਂ ਦਿੱਲੀ, ਭਾਰਤ ਤੋਂ ਪਰਿਵਾਰ ਸਮੇਤ ਆਸਟ੍ਰੇਲੀਆ ਆ ਗਈ ਸੀ।
ਐੱਸ ਬੀ ਐੱਸ ਪੰਜਾਬੀ ਨਾਲ਼ ਇੱਕ ਇੰਟਰਵਿਊ ਦੌਰਾਨ ਉਸਨੇ ਦੱਸਿਆ ਕਿ ਉਸਨੂੰ ਹਮੇਸ਼ਾਂ ਤੋਂ ਹੀ ਖਾਣਾ ਬਣਾਉਣ ਦਾ ਸ਼ੌਕ ਰਿਹਾ ਹੈ ਅਤੇ ਉਹ ਮਾਸਟਰ ਸ਼ੈੱਫ ਦੇ ਇਸ ਮੰਚ ਨੂੰ ਆਪਣੇ ਸ਼ੌਕ ਨੂੰ ਹੋਰ ਨਿਖਾਰਨ ਅਤੇ ਭਾਰਤੀ ਕਿਸਮ ਦੇ ਖਾਣੇ ਬਣਾਉਣ ਅਤੇ ਪੇਸ਼ ਕਰਨ ਦੀ ਵਿਧੀ ਨੂੰ ਆਸਟ੍ਰੇਲੀਆ ਵਿੱਚ ਹੋਰ ਮਕਬੂਲ ਹੁੰਦਿਆਂ ਵੇਖਣਾ ਚਾਹੁੰਦੀ ਹੈ।
ਮਾਸਟਰ ਸ਼ੈੱਫ ਦੇ ਸੀਜ਼ਨ ਦੌਰਾਨ ਉਸਨੂੰ ਹੁਣ ਤੱਕ ਕਾਫ਼ੀ ਪ੍ਰਸ਼ੰਸਾ ਅਅਤੇ ਸ਼ਾਬਾਸ਼ੇ ਮਿਲੀ ਹੈ - "ਇਹੋ ਜਿਹੇ ਮੌਕੇ ਵਾਰ ਵਾਰ ਨਹੀਂ ਮਿਲਦੇ। ਮੈਂ ਆਪਣੇ ਇਸ ਪ੍ਰਦਰਸ਼ਨ ਤੋਂ ਕਾਫੀ ਖੁਸ਼ ਅਤੇ ਸੰਤੁਸ਼ਟ ਹਾਂ," ਉਸਨੇ ਕਿਹਾ।

MasterChef Australia judges praised Depinder’sTiffin style Indian meal. Source: MasterChef Australia
ਇਸ ਟੀ ਵੀ ਪ੍ਰੋਗਰਾਮ ਦੌਰਾਨ ਸ੍ਰੀਮਤੀ ਛਿੱਬਰ ਦੁਆਰਾ ਬਣਾਏ ਗਏ 'ਕਰੀ ਕੇਕ' ਅਤੇ 'ਘਰ ਦੇ ਖਾਣੇ' ਜਿਸ ਵਿੱਚ ਟਿਫ਼ਨ-ਸਟਾਈਲ ਛੋਲੇ, ਚਪਾਤੀ, ਆਚਾਰ, ਸਲਾਦ ਆਦਿ ਪੇਸ਼ ਕੀਤਾ ਗਿਆ ਸੀ, ਨੂੰ ਵੀ ਕਾਫ਼ੀ ਸਰਾਹਿਆ ਗਿਆ ਹੈ।
ਮਾਸਟਰ ਸ਼ੈੱਫ ਦੇ ਤਿੰਨ ਮਕਬੂਲ ਜੱਜਾਂ ਨੇ ਉਸਦੇ ਖਾਣੇ ਦੀ ਸਿਫ਼ਤ ਕਰਦਿਆਂ ਉਸਨੂੰ ਰੈਸਟੋਰੈਂਟ ਖੋਲਣ ਅਤੇ ਹਾਸੇ-ਹਾਸੇ ਵਿੱਚ ਆਪਣੇ ਘਰ ਖਾਣੇ ਦਾ ਨਿਓਤਾ ਦੇਣ ਦੀ ਵੀ ਗੱਲ ਆਖੀ।
ਇਸ ਦੌਰਾਨ ਸ੍ਰੀਮਤੀ ਛਿੱਬਰ ਨੇ ਆਪਣੀ ਖਾਣਾ ਬਣਾਉਣ ਦੀ ਖੂਬੀ ਅਤੇ ਹੁਨਰ ਦਾ ਸਿਹਰਾ ਆਪਣੇ ਪਰਿਵਾਰ ਸਿਰ ਬੰਨ੍ਹਿਆ ਹੈ।

MasterChef Australia contestant Depinder Chhibber. Source: Supplied by Mrs Chhibber
ਉਸਨੇ ਕਿਹਾ ਕਿ ਉਸਨੂੰ ਆਪਣੀ ਮੰਮੀ, ਨਾਨੀ, ਦਾਦੀ, ਚਾਚੀਆਂ-ਤਾਈਆਂ ਵਾਲੇ ਵੱਡੇ ਪੰਜਾਬੀ ਪਰਿਵਾਰ ਵਿੱਚੋਂ ਹਮੇਸ਼ਾਂ ਕੁਝ-ਨਾ-ਕੁਝ ਨਵਾਂ ਅਤੇ ਰਵਾਇਤੀ ਸਿੱਖਣ ਦਾ ਮੌਕਾ ਮਿਲਦਾ ਰਿਹਾ ਹੈ।
ਤਕਰੀਬਨ ਵੀਹ ਸਾਲ ਪਹਿਲਾਂ ਭਾਰਤ ਅਤੇ ਦਿੱਲੀ ਸ਼ਹਿਰ ਤੋਂ ਆਸਟ੍ਰੇਲੀਆ ਆਏ ਉਸਦੇ ਪੰਜਾਬੀ ਪਰਿਵਾਰ ਦਾ ਪਹਿਲਾ ਟਿਕਾਣਾ ਨਿਊਕਾਸਲ ਸੀ।
ਐਸ ਬੀ ਐਸ ਪੰਜਾਬੀ ਨੂੰ ਦਿੱਤੀ ਇੰਟਰਵਿਊ ਵਿੱਚ ਸ੍ਰੀਮਤੀ ਛਿੱਬਰ ਨੇ ਨਵੇਂ ਆਏ ਪਰਵਾਸੀਆਂ ਵਜੋਂ ਆਪਣੇ ਪਰਿਵਾਰ ਦੇ ਮੁੱਢਲੇ ਸੰਘਰਸ਼ ਦਾ ਵੀ ਜ਼ਿਕਰ ਕੀਤਾ।
ਬਚਪਨ ਤੋਂ ਜਵਾਨੀ ਵੱਲ ਪੈਰ ਧਰਦਿਆਂ ਉਸ ਨੇ ਆਪਣੇ ਪਰਿਵਾਰ ਦੇ ਵਿਰਸੇ ਵਿੱਚ ਮਿਲੇ ਮਿਹਨਤੀ ਸੁਭਾਅ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਂਦਿਆਂ ਨਾ ਸਿਰਫ ਆਪਣੀ ਫਾਰਮੇਸੀ ਦੀ ਪੜ੍ਹਾਈ ਮੁਕੰਮਲ ਕੀਤੀ ਬਲਕਿ ਉਹ ਘਰ ਦੇ ਕੰਮਾਂ-ਕਾਰਾਂ ਵਿੱਚ ਵੀ ਆਪਣੇ ਪਰਿਵਾਰ ਦਾ ਹੱਥ ਵਟਾਉਂਦੀ ਰਹੀ।

Her biggest supporter is her husband Gurkirat Singh, who she married in 2018. Source: Supplied by Mrs Chhibber
"ਸਾਡੇ ਪਰਿਵਾਰ ਦੀਆਂ ਕਦਰਾਂ-ਕੀਮਤਾਂ ਰਵਾਇਤੀ ਢੰਗਾਂ ਤੋਂ ਹਮੇਸ਼ਾਂ ਵੱਖਰੀਆਂ ਰਹੀਆਂ ਹਨ। ਮੈਂ ਆਪਣੀ ਮਾਂ-ਬਾਪ ਦੀ ਖਾਸ ਸ਼ੁਕਰਗੁਜ਼ਾਰ ਹਾਂ ਜਿੰਨ੍ਹਾਂ ਮੈਨੂੰ ਹਰ ਉਹ ਸੁਫਨਾ ਪੂਰਾ ਕਰਨ ਦੀ ਖੁੱਲ੍ਹ ਦਿੱਤੀ ਜਿਸ ਵਾਰੇ ਮੈਂ ਕਦੇ ਸੋਚਿਆ ਸੀ,” ਉਸਨੇ ਕਿਹਾ।
ਮਾਸਟਰ ਸ਼ੈਫ ਰਾਹੀਂ ਆਸਟ੍ਰੇਲੀਅਨ ਦਰਸ਼ਕਾਂ ਵਿੱਚ ਖਾਸ ਜਗਾਹ ਬਣਾਉਣ ਵਿੱਚ ਕਾਮਯਾਬ ਹੋਈ ਸ੍ਰੀਮਤੀ ਛਿੱਬਰ 'ਆਮ' ਭਾਰਤੀ ਖਾਣੇ ਨੂੰ 'ਖ਼ਾਸ' ਬਣਦਾ ਵੇਖਣਾ ਚਾਹੁੰਦੀ ਹੈ।
ਉਸਦਾ ਸੁਪਨਾ ਇੱਕ ਕਿਤਾਬ ਲਿਖਣ ਦਾ ਵੀ ਹੈ ਜਿਸ ਵਿੱਚ ਉਹ ਰਵਾਇਤੀ ਢੰਗਾਂ ਦੇ ਨਾਲ-ਨਾਲ ਵਕਤੀ ਤੌਰ ਉੱਤੇ ਅਪਣਾਏ ਨਵੇਂ ਅਤੇ ਵੱਖਰੇ ਅੰਦਾਜ਼ ਰਾਹੀਂ ਖਾਣਾ ਬਣਾਉਣ ਅਤੇ ਪਰੋਸਣ ਦੇ ਢੰਗਾਂ ਨੂੰ ਹੋਰ ਲੋਕਾਂ ਤੱਕ ਲਿਜਾਣਾ ਚਾਹੁੰਦੀ ਹੈ।
ਉਸ ਦਾ ਕਹਿਣਾ ਹੈ ਕਿ ਉਹ ਭਾਰਤੀ ਖਾਣੇ ਨੂੰ ਦੂਜੇ ਮੁਲਕਾਂ ਜਿਵੇਂ ਕਿ ਯੂਕੇ ਵਿੱਚ ਮਿਲਦੀ ਪ੍ਰਸਿੱਧੀ ਤੋਂ ਕਾਫ਼ੀ ਪ੍ਰਭਾਵਤ ਹੈ ਅਤੇ ਉਹ ਚਾਹੁੰਦੀ ਹੈ ਕਿ ਆਸਟ੍ਰੇਲੀਆ ਵਿੱਚ ਵੀ ਇਸਨੂੰ ਹੋਰ ਮਾਣ-ਸਤਿਕਾਰ ਮਿਲੇ।

Born in New Delhi, Depinder Chhibber moved to Newcastle at the age of 11. Her family is now based in Sydney. Source: Supplied by Mrs Chhibber
"ਮੈਂ ਇਸ ਮੰਚ ਰਾਹੀਂ ਇਸ ਗੱਲ ਦਾ ਪ੍ਰਚਾਰ ਕਰਨਾ ਚਾਹੁੰਦੀ ਹਾਂ ਕਿ ਭਾਰਤੀ ਖਾਣਾ ਸਿਰਫ਼ ਬਟਰ ਚਿਕਨ ਜਾਂ ਕੜ੍ਹੀ ਜਾਂ ਨਾਨ ਤੱਕ ਹੀ ਸੀਮਤ ਨਹੀਂ ਹੈ। ਲੋਕਾਂ ਨੂੰ ਇਸ ਧਾਰਨਾ ਤੋਂ ਬਾਹਰ ਆਉਣਾ ਚਾਹੀਦਾ ਹੈ।
“ਭਾਰਤੀ ਖਾਣੇ ਸਾਡੀ ਹਜ਼ਾਰਾਂ ਸਾਲ ਪੁਰਾਣੀ ਸੱਭਿਅਤਾ ਦੀ ਇੱਕ ਵੱਡੀ ਪ੍ਰਾਪਤੀ ਹੈ ਜਿਸ ਵਿੱਚ ਸੈਂਕੜੇ ਸੁਆਦ, ਖੁਸ਼ਬੋਆਂ, ਰੰਗ ਅਤੇ ਪਿਆਰ-ਸਤਿਕਾਰ ਨਾਲ ਖਾਣਾ ਪਰੋਸਣ ਦੀ ਵਿਧੀ ਸ਼ਾਮਲ ਹੈ," ਉਸਨੇ ਕਿਹਾ।
ਪੂਰੀ ਜਾਣਕਾਰੀ ਲਈ ਇਹ ਇੰਟਰਵਿਊ ਸੁਣੋ:

The top 10 contestants of MasterChef Australia 2021. Source: Supplied by MasterChef Australia