ਪੰਜਾਬ ਦੇ ਹੁਸ਼ਿਆਰਪੁਰ ਜਿਲ੍ਹੇ ਵਿਚਲੇ ਮਾਹਿਲਪੁਰ ਕਸਬੇ ਨਾਲ਼ ਸਬੰਧਿਤ ਡਾ. ਪੁਨੀਤ ਵਰਮਾ ਆਸਟ੍ਰੇਲੀਆ ਵਿੱਚ ਹਵਾ ਦੀ ਗੁਣਵੱਤਾ ਦਾ ਮੁਲਾਂਕਣ ਕਰਨ ਅਤੇ ਵਾਤਾਵਰਣ ਲਾਇਸੈਂਸ ਅਰਜ਼ੀਆਂ ਲਈ ਮਾਡਲਿੰਗ ਨਾਲ਼ ਸਬੰਧਿਤ ਸਰਕਾਰੀ ਅਦਾਰੇ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ।
ਡਾ. ਵਰਮਾ ਨੇ ਆਪਣੀ ਮੁੱਢਲੀ ਸਕੂਲੀ ਪੜ੍ਹਾਈ ਮਾਹਿਲਪੁਰ ਤੋਂ ਹੀ ਕੀਤੀ - ਉਨ੍ਹਾਂ ਦੇ ਮਾਪੇ ਸਰਕਾਰੀ ਅਧਿਆਪਕ ਸਨ।
ਫਿਰ ਨਵਾਂ ਸ਼ਹਿਰ ਤੋਂ ਮਕੈਨੀਕਲ ਇੰਜੀਨੀਅਰਿੰਗ ਵਿੱਚ ਬੈਚਲਰਸ ਦੀ ਪੜ੍ਹਾਈ ਕਰਨ ਪਿੱਛੋਂ ਡਾ. ਵਰਮਾ ਨੇ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ ਰੁੜਕੀ ਤੋਂ ਐਨਰਜੀ ਸਿਸਟਮ ਇੰਜਨੀਅਰਿੰਗ ਵਿੱਚ ਮਾਸਟਰਜ਼ ਕੀਤੀ ਜਿੱਥੇ ਉਨ੍ਹਾਂ ਬਾਇਓਡੀਜ਼ਲ ਦੀ ਗੁਣਵੱਤਾ 'ਤੇ ਵੱਖ-ਵੱਖ ਕਿਸਮ ਦੀ ਅਲਕੋਹਲ ਦੇ ਪ੍ਰਭਾਵ ਬਾਰੇ ਖੋਜ ਕੀਤੀ।
ਐੱਸ ਬੀ ਐਸ ਪੰਜਾਬੀ ਨਾਲ਼ ਇੰਟਰਵਿਊ ਵਿੱਚ ਉਨ੍ਹਾਂ ਦੱਸਿਆ ਕਿ ਉਹ 2016 ਵਿੱਚ ਆਸਟ੍ਰੇਲੀਆ ਆਏ ਤੇ ਉਨ੍ਹਾਂ ਕੁਈਨਜ਼ਲੈਂਡ ਯੂਨੀਵਰਸਿਟੀ ਆਫ ਟੈਕਨਾਲੋਜੀ (QUT) ਤੋਂ ਵਾਤਾਵਰਣ ਇੰਜੀਨੀਅਰਿੰਗ ਵਿੱਚ ਪੀ.ਐਚ.ਡੀ. ਕੀਤੀ ਹੈ।
"ਪੜ੍ਹਨ ਅਤੇ ਸਿਖਣ ਵਜੋਂ ਇਹ ਇੱਕ ਔਖਾ ਸਮਾਂ ਸੀ ਪਰ ਵਜੀਫਾ/ਸਕੌਲਰਸ਼ਿਪ ਲੱਗੇ ਹੋਣ ਕਰਕੇ ਆਰਥਿਕ ਤੌਰ 'ਤੇ ਮੈਨੂੰ ਕੋਈ ਬਹੁਤੀ ਮੁਸ਼ਕਿਲ ਨਹੀਂ ਆਈ," ਉਨ੍ਹਾਂ ਦੱਸਿਆ।
ਉਨਾਂ ਦੀ ਪੀ.ਐਚ.ਡੀ.ਵਿਚਲੀ ਖੋਜ-ਪੜਤਾਲ ਡੀਜ਼ਲ ਇੰਜਣ ਵਿੱਚ ਸੂਟ ਕਣਾਂ ਦੇ ਆਕਾਰ ਜਾਂ ਨੈਨੋਸਟ੍ਰਕਚਰ ਵਿੱਚ ਆਕਸੀਜਨ ਵਾਲੇ ਬਾਲਣ ਦੀ ਭੂਮਿਕਾ 'ਤੇ ਕੇਂਦਰਿਤ ਸੀ।

Dr Puneet Verma’s graduation photograph with his PhD supervisor Prof. Zoran Ristovski. Credit: Supplied
ਉਨ੍ਹਾਂ ਬੀ ਐਚ ਪੀ ਮਿਨਰਲਜ਼ ਵਿੱਚ ਇੱਕ ਏਅਰ ਕੁਆਲਿਟੀ ਸਪੈਸ਼ਲਿਸਟ ਵਜੋਂ ਵੀ ਕੰਮ ਕੀਤਾ ਹੈ, ਜਿਥੇ ਉਹ ਮਾਈਨਿੰਗ ਸਾਈਟਾਂ ਵਿੱਚ ਹਵਾ ਦੀ ਗੁਣਵੱਤਾ ਦੀ ਨਿਗਰਾਨੀ ਅਤੇ ਪ੍ਰਬੰਧਨ ਵਿੱਚ ਮਾਹਿਰ ਸੇਵਾਵਾਂ ਪ੍ਰਦਾਨ ਕਰਦੇ ਰਹੇ ਹਨ।
ਡਾ. ਵਰਮਾ ਨੂੰ ਇੰਟਰਨੈਸ਼ਨਲ ਲੈਬਾਰਟਰੀ ਆਫ ਏਅਰ ਕੁਆਲਿਟੀ ਐਂਡ ਹੈਲਥ, ਆਸਟ੍ਰੇਲੀਆ ਅਤੇ ਐਂਗਲਰ-ਬੰਟ-ਇੰਸਟੀਚਿਊਟ, ਕਾਰਲਸਰੂਹ ਇੰਸਟੀਚਿਊਟ ਆਫ ਟੈਕਨਾਲੋਜੀ, ਜਰਮਨੀ ਵਿੱਚ ਵਿਜ਼ਿਟਿੰਗ ਰਿਸਰਚ ਫੈਲੋ ਵਜੋਂ ਕੰਮ ਕਰਨ ਦਾ ਵੀ ਮਾਣ ਮਿਲਿਆ ਹੈ।
ਆਪਣੇ ਪੇਸ਼ੇਵਰ ਯੋਗਦਾਨਾਂ ਤੋਂ ਇਲਾਵਾ, ਡਾ. ਵਰਮਾ ਵਿਗਿਆਨਕ ਭਾਈਚਾਰੇ ਵਿੱਚ ਸਰਗਰਮੀ ਨਾਲ ਹਿੱਸਾ ਲੈਂਦੇ ਹਨ। ਉਨ੍ਹਾਂ ਵੱਖ-ਵੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਾਨਫਰੰਸਾਂ ਅਤੇ ਸੰਸਥਾਵਾਂ ਵਿੱਚ ਇੱਕ ਗੈਸਟ ਲੈਕਚਰ ਵਜੋਂ ਵੀ ਹਾਜ਼ਰੀ ਭਰੀ ਹੈ।

Dr Puneet Verma while presenting his research at the International Clean Air and Environment Conference in Adelaide, 2022. Credit: Supplied
ਹਾਲ ਹੀ ਵਿੱਚ ਸਟੈਨਫੋਰਡ ਯੂਨੀਵਰਸਿਟੀ ਦੁਆਰਾ ਜਾਰੀ ਵੱਕਾਰੀ ਰੈਂਕਿੰਗ ਦੇ ਅਨੁਸਾਰ, ਉਨ੍ਹਾਂ ਦੇ ਪ੍ਰਭਾਵਸ਼ਾਲੀ ਕੰਮ ਸਦਕੇ ਉਨ੍ਹਾਂ ਨੂੰ ਆਪਣੇ ਖੇਤਰ ਦੇ ਵਿਗਿਆਨੀਆਂ ਵਿੱਚੋਂ ਚੋਟੀ ਦੇ 2 ਪ੍ਰਤੀਸ਼ਤ ਮਾਹਿਰਾਂ ਵਿੱਚ ਮਾਣ ਮਿਲਿਆ ਹੈ।
ਉਹ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਲਗਨ ਅਤੇ ਮੇਹਨਤ ਨਾਲ਼ ਪੜ੍ਹਾਈ ਕਰਨ ਤੇ ਅੰਗ੍ਰੇਜ਼ੀ ਵਿਚਲੀ ਮੁਹਾਰਤ ਬੇਹਤਰ ਕਰਨ ਦੀ ਸਲਾਹ ਦਿੰਦੇ ਹਨ।
ਕੁਝ ਵੀ ਸੰਭਵ ਹੈ, ਬਸ਼ਰਤੇ ਕਿ ਤੁਸੀਂ ਮੇਹਨਤ ਤੇ ਲਗਨ ਨਾਲ਼ ਆਪਣੇ ਬਣਦੇ ਖੇਤਰ ਵਿੱਚ ਕੰਮ ਕਰੋ। ਵਿਦਿਆਰਥੀਆਂ ਨੂੰ ਚਾਹੀਦਾ ਕਿ ਉਹ ਕੰਮ ਦੀ ਬਜਾਇ ਪੜ੍ਹਾਈ ਤੇ ਜ਼ਿਆਦਾ ਧਿਆਨ ਦੇਣ। ਜਲਦ ਪੜ੍ਹਾਈ ਮੁੱਕਣ ਨਾਲ਼ ਜਿਥੇ ਜਲਦ ਨੌਕਰੀ ਦੇ ਰਾਹ ਖੁੱਲਣਗੇ ਓਥੇ ਆਸਟ੍ਰੇਲੀਆ ਵਿੱਚ ਪੱਕੇ ਪੈਰੀਂ ਸਥਾਪਿਤ ਹੋਣ ਵਿੱਚ ਵੀ ਮਦਤ ਮਿਲੇਗੀ।ਡਾ. ਪੁਨੀਤ ਵਰਮਾ, ਸੀਨੀਅਰ ਵਾਤਾਵਰਣ ਅਧਿਕਾਰੀ
ਉਨ੍ਹਾਂ ਆਪਣੇ ਖੋਜ ਖੇਤਰ ਵਿੱਚ ਕਈ ਪੁਰਸਕਾਰ ਵੀ ਪ੍ਰਾਪਤ ਕੀਤੇ ਹਨ, ਜਿਸ ਵਿੱਚ ਟਰੈਫਿਕ ਅਤੇ ਟ੍ਰਾਂਸਪੋਰਟੇਸ਼ਨ ਇੰਜੀਨੀਅਰਿੰਗ ਦੇ ਜਰਨਲ ਤੋਂ 'ਯੰਗ ਅਕਾਦਮਿਕ ਸੰਪਾਦਕ' ਅਵਾਰਡ ਵੀ ਸ਼ਾਮਲ ਹੈ।
ਉਹ ਭਾਵੇਂ ਹਵਾ ਦੀ ਗੁਣਵੱਤਾ ਅਤੇ ਸਥਿਰਤਾ ਖੇਤਰ ਵਿੱਚ ਆਸਟ੍ਰੇਲੀਆ ਦੇ ਇੱਕ ਉੱਚ ਪੱਧਰੀ ਪੇਸ਼ੇਵਰ ਵਜੋਂ ਸਥਾਪਿਤ ਹੋ ਚੁੱਕੇ ਪਰ ਅੱਜ ਵੀ ਆਪਣੇ ਪਿਛੋਕੜ ਨਾਲ਼ ਜੁੜੇ ਹੋਏ ਹਨ ਤੇ ਨਵੇਂ ਆਓਂਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਨੌਜਵਾਨ ਪ੍ਰਵਾਸੀਆਂ ਦੀ ਮਦਦ ਲਈ ਵਚਨਬੱਧ ਹਨ।
ਹੋਰ ਜਾਣਕਾਰੀ ਲਈ ਡਾ. ਵਰਮਾ ਨਾਲ਼ ਕੀਤੀ ਇਹ ਆਡੀਓ ਇੰਟਰਵਿਊ ਸੁਣੋ....