ਇੱਥੇ ਕੋਈ ਨਾ ਮਿਲਦਾ ਆਪੇ, ਰੱਬ ਮਿਲਾਉਂਦਾ ਏ; ਪ੍ਰੀਤਮ ਢਿੱਲੋਂ ਅਤੇ ਆਸਟ੍ਰੇਲੀਅਨ ਜੰਮਪਲ ਬੌਨੀ ਦੀ ਦਿਲਚਸਪ ਕਹਾਣੀ

Pritam and Bonnie

ਪ੍ਰੀਤਮ ਢਿੱਲੋਂ ਅਤੇ ਬੌਨੀ ਦੀ ਤਸਵੀਰ। Credit: Supplied

ਭਾਰਤੀ, ਖਾਸ ਕਰ ਪੰਜਾਬੀ ਮੁੰਡੇ-ਕੁੜੀਆਂ ਵੱਲੋਂ ਦੂਜੇ ਸਭਿਆਚਾਰਾਂ ਵਿੱਚ ਵਿਆਹ ਕਰਵਾਉਣਾ ਕੋਈ ਨਵੀਂ ਗੱਲ ਨਹੀਂ ਹੈ ਪਰ ਅਜਿਹੇ ਰਿਸ਼ਤੇ ਵਿੱਚ ਸਮਝ ਅਤੇ ਸਤਿਕਾਰ ਨਾਲ ਇੱਕ-ਦੂਜੇ ਦੇ ਸਭਿਆਚਾਰਾਂ ਨੂੰ ਸਮਝਣਾ ਬੇਹੱਦ ਮਹੱਤਵਪੂਰਨ ਹੋ ਜਾਂਦਾ ਹੈ। ਪੰਜਾਬੀ ਮੂਲ ਦੇ ਪ੍ਰੀਤਮ ਢਿੱਲੋਂ ਅਤੇ ਆਸਟ੍ਰੇਲੀਅਨ ਮੂਲ ਦੀ ਬੌਨੀ ਅਜਿਹੇ ਪਤੀ-ਪਤਨੀ ਹਨ ਜੋ ਨਾ ਸਿਰਫ ਇੱਕ-ਦੂਜੇ ਦੇ ਸਭਿਆਚਾਰਾਂ ਨੂੰ ਚੰਗੀ ਤਰ੍ਹਾਂ ਸਮਝ ਰਹੇ ਹਨ ਬਲਕਿ ਆਪਣੀਆਂ ਦਿਲਚਸਪ ਵੀਡੀਓਜ਼ ਰਾਹੀਂ ਹੋਰਨਾਂ ਨੂੰ ਵੀ ਪੰਜਾਬ ਅਤੇ ਆਸਟ੍ਰੇਲੀਆ ਦੇ ਰੋਚਕ ਪਹਿਲੂਆਂ ਬਾਰੇ ਜਾਣੂ ਕਰਵਾ ਰਹੇ ਹਨ।


ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦੇ ਹੋਏ ਪ੍ਰੀਤਮ ਢਿੱਲੋਂ ਅਤੇ ਬੌਨੀ ਨੇ ਅੰਤਰ-ਸੱਭਿਆਚਾਰਕ (ਇੰਟਰਕਲਚਰਲ) ਵਿਆਹਾਂ ਦੇ ਸਫ਼ਲ ਨਿਭਾਅ ਬਾਰੇ ਆਪਣੇ ਵਿਚਾਰ ਅਤੇ ਨਿੱਜੀ ਤਜ਼ਰਬੇ ਸਾਂਝੇ ਕੀਤੇ ਹਨ।

ਸੋਸ਼ਲ ਮੀਡੀਆ ਉੱਤੇ ਵੀਡੀਓਜ਼ ਅਪਲੋਡ ਕਰਨ ਦਾ ਮਕਸਦ ਆਸਟ੍ਰੇਲੀਆ ਵਿੱਚ ਬਹੁ-ਸੱਭਿਆਚਾਰਵਾਦ ਬਾਰੇ ਜਾਗਰੂਕਤਾ ਫੈਲਾਉਣਾ ਅਤੇ ਪੰਜਾਬੀ ਸੱਭਿਆਚਾਰ ਨੂੰ ਜਿੰਦਾ ਰੱਖਣਾ ਹੈ।
ਪ੍ਰੀਤਮ ਢਿੱਲੋਂ ਅਤੇ ਬੌਨੀ

ਪ੍ਰੀਤਮ ਸਿੰਘ ਢਿੱਲੋਂ ਮੂਲ ਰੂਪ ਤੋਂ ਪੰਜਾਬ ਦੇ ਜਿਲ੍ਹਾ ਤਰਨਤਾਰਨ ਨਾਲ ਸਬੰਧਤ ਹੈ। ਉਹ 2014 ਵਿੱਚ ਆਸਟ੍ਰੇਲੀਆ ਆਇਆ ਸੀ। ਉਸ ਦੀ ਮੁਲਾਕਾਤ 2019 ਵਿੱਚ ਵੈਸਟਰਨ ਆਸਟ੍ਰੇਲੀਆ ਦੇ ਪਰਥ ਤੋਂ ਕਰੀਬ 200 ਕਿਲੋਮੀਟਰ ਦੂਰ ਪੈਂਦੇ ਇਲਾਕੇ ਬਨਬਰੀ ਵਿੱਚ ਆਸਟ੍ਰੇਲੀਆ ਦੀ ਜੰਮਪਲ ਬੌਨੀ ਨਾਲ ਹੋਈ।

Pritam & Bonnie Marriage Pic
ਪ੍ਰੀਤਮ ਢਿੱਲੋਂ ਅਤੇ ਬੌਨੀ ਦੇ ਵਿਆਹ ਦੀ ਤਸਵੀਰ। Credit: FB/thedhillondiaries

ਦੋਸਤੀ ਤੋਂ ਸ਼ੁਰੂ ਹੋਈ ਗੱਲਬਾਤ ਵਿਆਹ ਤੱਕ ਪੁੱਜੀ ਅਤੇ ਨਵੰਬਰ 2024 ਵਿੱਚ ਪ੍ਰੀਤਮ ਸਿੰਘ ਅਤੇ ਬੌਨੀ ਵਲੋਂ ਰਾਜਸਥਾਨ (ਭਾਰਤ) ਜਾ ਕੇ ਸਿੱਖ ਰੀਤੀ ਰਿਵਾਜਾਂ ਮੁਤਾਬਿਕ ਵਿਆਹ ਕਰਵਾਇਆ ਗਿਆ।

bonnie 2.jpg
ਪ੍ਰੀਤਮ ਢਿੱਲੋਂ ਅਤੇ ਬੌਨੀ ਦੇ ਰਾਜਸਥਾਨ ਦੇ ਖੇਤਾਂ ਵਿੱਚ ਇੱਕ ਵੀਡੀਓ ਸ਼ੂਟ ਦੌਰਾਨ। Credit: fb/thedhillondiaries

ਹਾਲਾਂਕਿ ਦੋਵਾਂ ਵਲੋਂ ਵਿਆਹ ਤੋਂ ਪਹਿਲਾਂ ਵੀ ਸੋਸ਼ਲ ਮੀਡੀਆ ਉੱਤੇ ਵੀਡੀਓਜ਼ ਪਾਈਆਂ ਜਾਂਦੀਆਂ ਸਨ ਪਰ ਦੋਵਾਂ ਦੇ ਵਿਆਹ ਦੀਆਂ ਰਸਮਾਂ ਅਤੇ ਆਸਟ੍ਰੇਲੀਅਨ ਕੁੜੀ ਦੀਆਂ ਬਾਹਾਂ ਵਿੱਚ ਚੂੜਾ ਅਤੇ ਪੰਜਾਬੀ ਪਹਿਰਾਵੇ ਵਾਲੀਆਂ ਵੀਡੀਓਜ਼ ਤੋਂ ਬਾਅਦ ਇਹ ਜੋੜਾ ਹੋਰ ਚਰਚਾ ਵਿੱਚ ਆ ਗਿਆ।

ਸਾਡੇ ਰਿਸ਼ਤੇ ਬਾਰੇ ਆਸਟ੍ਰੇਲੀਅਨ ਅਤੇ ਭਾਰਤੀ ਲੋਕਾਂ ਵਲੋਂ ਬਹੁਤ ਤਲਖ ਟਿੱਪਣੀਆਂ ਵੀ ਕੀਤੀਆਂ ਗਈਆਂ ਪਰ ਸਾਡੀ ਆਪਸੀ ਸਮਝ ਅਤੇ ਸਹਿਮਤੀ ਨਾਲ ਅਸੀਂ ਅੱਗੇ ਵਧੇ ਇੱਕ ਨਵੀਂ ਜ਼ਿੰਦਗੀ ਸ਼ੁਰੂ ਕੀਤੀ
ਪ੍ਰੀਤਮ ਅਤੇ ਬੌਨੀ

ਪ੍ਰੀਤਮ ਅਤੇ ਬੌਨੀ ਨੇ ਰਾਜਸਥਾਨ (ਭਾਰਤ) ਵਿਖੇ ਨਵੰਬਰ 2024 ਵਿੱਚ ਸਿੱਖ ਮਰਿਆਦਾ ਮੁਤਾਬਿਕ ਵਿਆਹ ਕਰਵਾਇਆ ਹੈ।ਇਸ ਦੌਰਾਨ ਬੌਨੀ ਨੇ ਕਈ ਮਹੀਨੇ ਪ੍ਰੀਤਮ ਦੇ ਪਰਿਵਾਰ ਨਾਲ ਸਮਾਂ ਬਤੀਤ ਕੀਤਾ ਅਤੇ ਪੰਜਾਬੀ ਸੱਭਿਆਚਾਰਕ ਤਾਣੇ-ਬਾਣੇ ਅਤੇ ਰਿਸ਼ਤਿਆਂ ਦੀ ਅਹਿਮੀਅਤ ਨੂੰ ਸਮਝਿਆ।

ਆਸਟ੍ਰੇਲੀਆ ਦੀ ਜੰਮਪਲ ਬੌਨੀ ਦਾ ਕਹਿਣਾ ਹੈ ਕਿ ਉਹ ਪ੍ਰੀਤਮ ਨਾਲ ਮਿਲਣ ਤੋਂ ਪਹਿਲਾਂ ਪੰਜਾਬ ਅਤੇ ਪੰਜਾਬੀ ਸੱਭਿਆਚਾਰ ਬਾਰੇ ਬਿਲਕੁਲ ਅਣਜਾਣ ਸੀ ਪਰ ਹੁਣ ਉਸ ਨੂੰ ਪੰਜਾਬ ਬਾਰੇ ਹੋਰ ਜਾਨਣਾ ਅਤੇ ਸਿੱਖਣਾ ਚੰਗਾ ਲੱਗਦਾ ਹੈ।

ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ। 

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ  'ਤੇ ਫਾਲੋ ਕਰੋ।


Share

Follow SBS Punjabi

Download our apps

Watch on SBS

Punjabi News

Watch now