ਅਗਲੇ ਮਹੀਨੇ ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਆਸਟ੍ਰੇਲੀਆ ਮੁੜਨ ਦੀ ਇਜਾਜਤ ਮਿਲ ਸਕਦੀ ਹੈ। ਫੈਡਰਲ ਸਰਕਾਰ ਅਜਿਹਾ ਕਰਨ ਲਈ ਵਿਦਿਅਕ ਸੰਸਥਾਵਾਂ, ਰਾਜਾਂ ਅਤੇ ਪ੍ਰਦੇਸ਼ਾਂ ਦੀਆਂ ਸਰਕਾਰਾਂ ਨਾਲ ਮਿਲ ਕੇ ਇੱਕ ਨੀਤੀ ਬਣਾ ਰਹੀ ਹੈ।
ਸਕੌਟ ਮੌਰੀਸਨ ਨੇ ਕਿਹਾ ਕਿ ਅਜਿਹੇ ਪਰੋਗਰਾਮ ਉਲੀਕੇ ਜਾ ਰਹੇ ਹਨ ਜਿਹਨਾਂ ਨਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਰਾਹ ਖੋਲ੍ਹਿਆ ਜਾ ਸਕੇਗਾ ਪਰ ਨਾਲ ਹੀ ਉਹਨਾਂ ਕਿਹਾ ਕਿ ਅਜਿਹਾ ਉਦੋਂ ਤੱਕ ਕਰਨਾ ਸੰਭਵ ਨਹੀਂ ਹੋਵੇਗਾ ਜਦੋਂ ਤੱਕ ਦੇਸ਼ ਅੰਦਰੀਆਂ ਹੱਦਾਂ ਖੁੱਲ ਨਹੀਂ ਜਾਂਦੀਆਂ।
ਆਸਟ੍ਰੇਲੀਆ ਦੀਆਂ ਯੂਨਿਵਰਸਟੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਕੋਵਿਡ-19 ਕਾਰਨ ਲੱਗੀਆਂ ਪਾਬੰਦੀਆਂ ਦੇ ਮੱਦੇਨਜ਼ਰ ਉਹਨਾਂ ਨੂੰ ਅਗਲੇ ਚਾਲ ਸਾਲਾਂ ਦੌਰਾਨ 16 ਬਿਲੀਅਨ ਡਾਲਰਾਂ ਦਾ ਘਾਟਾ ਸਹਿਣਾ ਪਵੇਗਾ। ਇੰਟਰਨੈਸ਼ਨਲ ਐਜੂਕੇਸ਼ਨ ਐਸੋਸ਼ਿਏਸ਼ਨ ਆਫ ਆਸਟ੍ਰੇਲੀਆ ਦੇ ਮੁਖੀ ਫਿਲ ਹਨੀਵੁੱਡ ਨੇ ਇਸ ਐਲਾਨ ਦਾ ਸਵਾਗਤ ਕਰਦੇ ਹੋਏ ਕਿਹਾ ਹੈ ਕਿ ਇਹ ਨੀਤੀ ਹੁਣ ਦੇਸ਼ ਵਿਚਲੀਆਂ ਸਰਹੱਦਾਂ ਉੱਤੇ ਨਿਰਭਰ ਕਰੇਗੀ।
ਅੰਤਰਰਾਜੀ ਸਰਹੱਦਾਂ ਦੀ ਗੱਲ ਕਰੀਏ ਤਾਂ ਸਾਊਥ ਆਸਟ੍ਰੇਲੀਆ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ ਰਾਜ ਦੀਆਂ ਸਰਹੱਦਾਂ ਨੂੰ 20 ਜੂਲਾਈ ਨੂੰ ਖੋਲ ਦੇਵੇਗਾ। ਇਸ ਸਮੇਂ ਨਿਊ ਸਾਊਥ ਵੇਲਜ਼, ਵਿਕਟੋਰੀਆ ਅਤੇ ਏਸੀਟੀ ਹੀ ਅਜਿਹੇ ਰਾਜ ਹਨ ਜਿਹਨਾਂ ਨੇ ਸਰਹੱਦਾਂ ਉੱਤੇ ਕੋਈ ਪਾਬੰਦੀ ਨਹੀਂ ਲਗਾਈ ਹੋਈ ਹੈ। ਸਾਊਥ ਆਸਟ੍ਰੇਲੀਆ ਦੇ ਪਰੀਮੀਅਰ ਵਲੋਂ ਅਗਲੇ ਹਫਤੇ ਤੱਕ ਐਲਾਨ ਕੀਤੇ ਜਾਣ ਦੀ ਉਮੀਦ ਹੈ।
ਕੂਈਨਜ਼ਲੈਂਡ ਸੂਬਾ ਆਪਣੀਆਂ ਸਰਹੱਦਾਂ 10 ਜੂਲਾਈ ਨੂੰ ਖੋਲ੍ਹਣ ਜਾ ਰਿਹਾ ਹੈ। ਜਦਕਿ ਤਸਮਾਨੀਆ ਵੀ ਅਗਲੇ ਮਹੀਨੇ ਹੀ ਸਰਹੱਦਾਂ ਨੂੰ ਖੋਲੇਗਾ ਪਰ ਉਸ ਨੇ ਅਜੇ ਤੱਕ ਕਿਸੇ ਤਰੀਕ ਦਾ ਐਲਾਨ ਨਹੀਂ ਕੀਤਾ ਹੈ।
ਨੈਸ਼ਨਲ ਕੈਬਿਨੇਟ ਨੇ ਖੇਡਾਂ ਦੇ ਉਹਨਾਂ ਮੈਦਾਨਾਂ ਜਿਹਨਾਂ ਵਿੱਚ 40 ਹਜ਼ਾਰ ਤੋਂ ਘੱਟ ਲੋਕ ਬੈਠ ਸਕਦੇ ਹਨ, ਨੂੰ 10 ਹਜ਼ਾਰ ਲੋਕਾਂ ਵਾਸਤੇ ਜੂਲਾਈ ਵਿੱਚ ਖੋਲਣ ਦਾ ਫੈਸਲਾ ਲਿਆ ਹੈ। ਇਸ ਦੇ ਨਾਲ ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਲੋਕ ਸਮਾਜਕ ਦੂਰੀਆਂ ਦੀ ਪਾਲਣਾ ਕਰਦੇ ਹੋਏ ਹੀ ਇਹਨਾਂ ਵਿੱਚ ਬੈਠ ਸਕਣ।
ਛੱਤਾਂ ਵਾਲੇ ਖੇਡ ਮੈਦਾਨਾਂ ਦੀ ਮੌਜੂਦਾ 100 ਵਾਲੀ ਸੀਮਾ ਨੂੰ ਖਤਮ ਕਰ ਦਿੱਤਾ ਜਾਵੇਗਾ ਪਰ ਪ੍ਰਤੀ ਵਿਅਕਤੀ ਚਾਰ ਵਰਗ ਮੀਟਰ ਦੀ ਸੀਮਾ ਲਾਗੂ ਰਹੇਗੀ। ਇਸ ਨਾਲ ਵਿਆਹਾਂ ਅਤੇ ਅੰਤਿਮ ਸੰਸਕਾਰਾਂ ਨੂੰ ਸਹਾਇਤਾ ਮਿਲ ਸਕੇਗੀ।
ਨਾਈਟ-ਕਲੱਬ ਹਾਲ ਦੀ ਘੜੀ ਬੰਦ ਹੀ ਰੱਖੇ ਜਾਣਗੇ। ਬੇਸ਼ਕ ਅਗਲੇ ਮਹੀਨੇ ਤੋਂ 10 ਹਜ਼ਾਰ ਦੀ ਸੀਮਾ ਵਾਲੇ ਖੇਡ ਮੈਦਾਨਾਂ ਨੂੰ ਖੋਲਿਆ ਜਾਵੇਗਾ, ਪਰ ਫੈਡਰਲ ਸਰਕਾਰ ਨੇ ਸੜਕਾਂ ਤੇ ਹੋਣ ਵਾਲੇ ਪ੍ਰਦਸ਼ਨਾਂ ਪ੍ਰਤੀ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ। ਸ਼੍ਰੀ ਮੌਰੀਸਨ ਨੇ ਕਿਹਾ ਹੈ ਕਿ ਅਜਿਹਾ ਕਰਨ ਨਾਲ ਸਿਹਤ ਅਤੇ ਵਿੱਤੀ ਖਤਰੇ ਪੈਦਾ ਹੁੰਦੇ ਹਨ।
ਚੀਫ ਮੈਡੀਕਲ ਅਫਸਰ ਪ੍ਰੋਫੈਸਰ ਬਰੈਂਡਨ ਮਰਫੀ ਨੇ ਕਿਹਾ ਹੈ ਕਿ ਪ੍ਰਦਸ਼ਨਕਾਰੀਆਂ ਨੂੰ ਮੂੰਹਾਂ ਤੇ ਲਗਾਉਣ ਲਈ ਮਾਸਕ ਅਤੇ ਹੱਥਾਂ ਵਾਸਤੇ ਸੈਨੀਟਾਈਜ਼ਰ ਦੇਣ ਨਾਲ ਕਰੋਨਾਵਾਇਰਸ ਦਾ ਖਤਰਾ ਪੂਰੀ ਤਰਾਂ ਖਤਮ ਨਹੀਂ ਹੋ ਜਾਂਦਾ।