ਰੇਖਾ ਸ਼ਰਮਾ ਜੋ ਕਿ ਪਿਛਲੇ 25 ਸਾਲਾਂ ਤੋਂ ਵੱਧ ਸਮੇਂ ਤੋਂ ਹੋਮਿਓਪੈਥੀ ਦਾ ਅਭਿਆਸ ਕਰ ਰਹੇ ਹਨ, ਦੱਸਦੇ ਹਨ ਕਿ ਇਹ ਦਵਾਈ ਦੀ ਇੱਕ ਸੰਪੂਰਨ ਪ੍ਰਣਾਲੀ ਹੈ ਜੋ ਕਿ 'ਲਾਇਕ ਕਿਉਰ ਲਾਇਕ' ਦੇ ਸਿਧਾਂਤ 'ਤੇ ਅਧਾਰਤ ਹੈ।
ਉਹ ਕਹਿੰਦੇ ਹਨ, "ਜੇਕਰ ਸਹੀ ਢੰਗ ਨਾਲ ਚੁਣਿਆ ਜਾਵੇ ਅਤੇ ਸਹੀ ਸਮੇਂ 'ਤੇ ਸਹੀ ਖੁਰਾਕਾਂ ਦੀ ਤਜਵੀਜ਼ ਕੀਤੀ ਜਾਵੇ ਤਾਂ ਹੋਮੀਓਪੈਥੀ ਡਾਕਟਰੀ ਵਿਗਿਆਨ ਵਿੱਚ ਇਲਾਜ ਦਾ ਸਭ ਤੋਂ ਤੇਜ਼ ਤਰੀਕਾ ਸਾਬਿਤ ਹੁੰਦੀ ਹੈ।"

A representation of homeopathic medicine Credit: Pixabay
"ਹੋਮੀਓਪੈਥਿਕ ਉਪਚਾਰ ਦੀ ਚੋਣ ਕਰਨ ਤੋਂ ਪਹਿਲਾਂ ਕਿਸੇ ਵਿਅਕਤੀ ਦੀ ਸਮੁੱਚੀ ਸਿਹਤ ਨੂੰ ਸਮਝਣ ਲਈ ਮਨੋਵਿਗਿਆਨਕ ਲੱਛਣਾਂ, ਜਿਵੇਂ ਕਿ ਭਾਵਨਾਵਾਂ, ਵਿਚਾਰਾਂ ਅਤੇ ਵਿਵਹਾਰਾਂ ਨੂੰ ਅਕਸਰ ਧਿਆਨ ਵਿੱਚ ਰੱਖਿਆ ਜਾਂਦਾ ਹੈ।"
ਸ਼੍ਰੀਮਤੀ ਸ਼ਰਮਾ ਨੇ ਹਾਲਾਂਕਿ ਸਾਵਧਾਨ ਕੀਤਾ ਹੈ ਕਿ ਮਰੀਜ਼ਾਂ ਨੂੰ ਹੋਮੀਓਪੈਥਿਕ ਉਪਚਾਰ ਦਾ ਰਸਤਾ ਚੁਣਨ ਤੋਂ ਪਹਿਲਾਂ ਆਪਣੇ ਸਿਹਤ ਸੰਭਾਲ ਪ੍ਰਦਾਤਾ ਨਾਲ ਆਪਣੀ ਸਥਿਤੀ ਬਾਰੇ ਸਲਾਹ ਕਰਨੀ ਚਾਹੀਦੀ ਹੈ।
"ਹੋਮੀਓਪੈਥਿਕ ਉਪਚਾਰਾਂ ਨੂੰ ਆਮ ਤੌਰ 'ਤੇ ਸੁਰੱਖਿਅਤ ਮੰਨਿਆ ਜਾਂਦਾ ਹੈ, ਕਿਉਂਕਿ ਇਹ ਪਤਲੇ ਰੂਪਾਂ ਵਿੱਚ ਤਿਆਰ ਕੀਤੇ ਜਾਂਦੇ ਹਨ ਜਿਸ ਕਰਕੇ ਇਨ੍ਹਾਂ ਤੋਂ ਗੰਭੀਰ ਮਾੜੇ ਪ੍ਰਭਾਵਾਂ ਦੀ ਉਮੀਦ ਨਹੀਂ ਕੀਤੀ ਜਾਂਦੀ।"
ਸ਼੍ਰੀਮਤੀ ਸ਼ਰਮਾ ਸਲਾਹ ਦਿੰਦੇ ਹਨ ਕਿ, "ਹੋਮਿਓਪੈਥੀ ਨੂੰ ਸਬੂਤ-ਆਧਾਰਿਤ ਡਾਕਟਰੀ ਇਲਾਜ ਦੇ ਬਦਲ ਵਜੋਂ ਨਹੀਂ ਵਰਤਿਆ ਜਾਣਾ ਚਾਹੀਦਾ ਹੈ, ਖਾਸ ਕਰਕੇ ਗੰਭੀਰ ਜਾਂ ਜਾਨਲੇਵਾ ਸਥਿਤੀਆਂ ਵਿੱਚ।"
ਹਾਲਾਂਕਿ ਹੋਮਿਓਪੈਥੀ ਨੂੰ ਦਸਤ, ਸਾਹ ਦੀ ਲਾਗ, ਦਮਾ, ਚਮੜੀ ਦੇ ਰੋਗ, ਇਨਸੌਮਨੀਆ, ਤਣਾਅ, ਚਿੰਤਾ ਅਤੇ ਉਦਾਸੀ ਸਮੇਤ ਕਈ ਤਰ੍ਹਾਂ ਦੀਆਂ ਸਿਹਤ ਸਥਿਤੀਆਂ ਦਾ ਇਲਾਜ ਕਰਨ ਲਈ ਕਾਰਗਰ ਮੰਨਿਆ ਜਾਂਦਾ ਹੈ, ਇਹਨਾਂ ਹਾਲਤਾਂ ਲਈ ਹੋਮਿਓਪੈਥੀ ਦੀ ਪ੍ਰਭਾਵਸ਼ੀਲਤਾ ਦੇ ਵਿਗਿਆਨਕ ਸਬੂਤ ਬਹਿਸ ਅਤੇ ਚਰਚਾ ਦਾ ਵਿਸ਼ਾ ਰਹੇ ਹਨ।
ਮੌਸਮੀ ਐਲਰਜੀ ਦੇ ਇਲਾਜ ਲਈ ਹੋਮਿਓਪੈਥੀ ਦੀ ਵਰਤੋਂ:
ਸ਼੍ਰੀਮਤੀ ਸ਼ਰਮਾ ਦਾ ਦਾਅਵਾ ਹੈ ਕਿ ਹੋਮਿਓਪੈਥੀ ਮੌਸਮੀ ਐਲਰਜੀ ਲਈ 'ਬਹੁਤ ਪ੍ਰਭਾਵਸ਼ਾਲੀ' ਸਾਬਿਤ ਹੁੰਦੀ ਹੈ।
ਉਹ ਕਹਿੰਦੇ ਹਨ, “ਜੇਕਰ ਕੋਈ ਵਿਅਕਤੀ ਐਲਰਜੀ ਦੇ ਗੰਭੀਰ ਪੜਾਅ ਤੋਂ ਪੀੜਤ ਹੈ, ਤਾਂ ਅਸੀਂ ਮੁੱਖ ਤੌਰ 'ਤੇ ਲੱਛਣਾਂ ਦੇ ਅਨੁਸਾਰ ਦਵਾਈ ਦੇ ਕੇ ਤੁਰੰਤ ਰਾਹਤ ਪ੍ਰਦਾਨ ਕਰਨ 'ਤੇ ਧਿਆਨ ਕੇਂਦਰਤ ਕਰਦੇ ਹਾਂ।"
"ਹਾਲਾਂਕਿ, ਜੇਕਰ ਸਾਡੇ ਕੋਲ ਕੋਈ ਅਜਿਹਾ ਮਰੀਜ਼ ਹੈ ਜੋ ਹਰ ਸਾਲ ਐਲਰਜੀ ਦਾ ਸ਼ਿਕਾਰ ਹੁੰਦਾ ਹੈ, ਤਾਂ ਅਸੀਂ ਮਰੀਜ਼ ਦੇ ਇਤਿਹਾਸ ਅਤੇ ਜੀਵਨ ਸ਼ੈਲੀ ਦੇ ਅਧਾਰ 'ਤੇ ਹੋਮਿਓਪੈਥੀ ਦਵਾਈ ਦੀ ਚੋਣ ਕਰਾਂਗੇ।"
ਇਸ ਇੰਟਰਵਿਊ ਨੂੰ ਪੰਜਾਬੀ ਵਿੱਚ ਸੁਣਨ ਲਈ ਪੰਨੇ ਦੇ ਉੱਪਰ ਦਿੱਤੇ ਆਡੀਓ ਆਈਕਨ 'ਤੇ ਕਲਿੱਕ ਕਰੋ।
ਨੋਟ: ਲੇਖ ਵਿੱਚ ਪ੍ਰਦਾਨ ਕੀਤੀ ਗਈ ਆਮ ਜਾਣਕਾਰੀ ਕੋਈ ਵੀ ਡਾਕਟਰੀ ਸਲਾਹ ਨਹੀਂ ਹੈ। ਆਪਣੀ ਸਹਿਤ ਅਤੇ ਖਾਸ ਜਾਣਕਾਰੀ ਲਈ ਕਿਰਪਾ ਕਰਕੇ ਆਪਣੇ ਜੀਪੀ ਨਾਲ ਸਲਾਹ ਕਰੋ।




