ਜਦੋਂ ਐਚ ਆਈ ਵੀ ਆਸਟ੍ਰੇਲੀਆ ਵਿੱਚ ਐਨ ਸਿਖਰਾਂ ਤੇ ਸੀ ਤਾਂ 19 ਸਾਲਾਂ ਦੇ ਰਿਚਰਡ ਕੀਨ ਨੂੰ ਵੀ ਦੱਸਿਆ ਗਿਆ ਸੀ ਕਿ ਉਸ ਦੀ ਜਿੰਦਗੀ ਇਸ ਰੋਗ ਕਾਰਨ ਬਹੁਤ ਪ੍ਰਭਾਵਤ ਹੋ ਸਕਦੀ ਹੈ। ਉਹ ਵੀ ਇਸ ਐਚ ਆਈ ਵੀ ਦੀ ਲਾਗ ਨਾਲ ਪ੍ਰਭਾਵਿਤ ਪਾਇਆ ਗਿਆ ਸੀ ਜਿਸ ਨੂੰ ਕਿ ਜਿੰਦਗੀ ਦਾ ਅੰਤ ਮੰਨਿਆ ਜਾਂਦਾ ਸੀ।
ਸ਼੍ਰੀ ਕੀਨ ਨੂੰ ਐਚ ਆਈ ਵੀ ਦੇ ਨਾਲ ਜਿੰਦਗੀ ਬਤੀਤ ਕਰਦੇ ਹੋਏ ਤਕਰੀਬਨ 32 ਸਾਲ ਹੋ ਚੁੱਕੇ ਹਨ, ਅਤੇ ਇਸ ਨੇ ਆਪਣੀ ਜਿੰਦਗੀ ਦਾ ਬਹੁਤ ਹਿੱਸਾ ਉਹਨਾਂ ਲੋਕਾਂ ਦੀ ਮੱਦਦ ਕਰਨ ਵਿੱਚ ਬਿਤਾਇਆ ਹੈ ਜੋ ਕਿ ਐਚ ਆਈ ਵੀ ਨਾਲ ਪੀੜਤ ਹਨ।
ਇਹ ਇਸ ਸਮੇਂ ਲਿਵਿੰਗ ਪੋਸਿਟਿਵ ਆਸਟ੍ਰੇਲੀਆ ਨਾਮੀ ਗੈਰ ਲਾਭਕਾਰੀ ਸੰਸਥਾ ਦਾ ਮੁਖੀ ਹੈ ਅਤੇ ਜਿਸ ਦਾ ਮਕਸਦ ਲੋਕਾਂ ਵਿੱਚੋਂ ਇਸ ਬਿਮਾਰੀ ਦਾ ਡਰ ਕੱਢਣਾ ਹੈ।
1980ਵਿਆਂ ਵਿੱਚ ਜਿਸ ਤਰਾਂ ਨਾਲ ਇਹ ਰੋਗ ਲੋਕਾਂ ਵਿੱਚ ਫੈਲਿਆ ਅਤੇ ਸਮਲਿੰਗੀ ਲੋਕਾਂ ਦੀਆਂ ਜਿੰਦਗੀਆਂ ਨੂੰ ਪ੍ਰਭਾਵਤ ਕਰਦਾ ਰਿਹਾ, ਲਗਦਾ ਇਹੀ ਸੀ ਕਿ ਐਚ ਆਈ ਵੀ / ਏਡਜ਼ ਸੰਸਾਰ ਭਰ ਵਿੱਚ ਭਿਅੰਕਰ ਤਬਾਹੀ ਮਚਾ ਦੇਵੇਗਾ। ਲਗਦਾ ਇਹ ਵੀ ਸੀ ਕਿ ਆਉਣ ਵਾਲੇ ਲੰਬੇ ਸਮੇਂ ਤੱਕ ਇਸ ਸਮੱਸਿਆ ਦਾ ਕੋਈ ਇਲਾਜ, ਕੋਈ ਬਚਾਅ ਜਾਂ ਇਸ ਦਾ ਕੋਈ ਵੀ ਜਵਾਬ ਨਹੀਂ ਲੱਭ ਸਕੇਗਾ।
ਆਸਟ੍ਰੇਲੀਆ ਨੇ ਇੱਕ ਜਨਤਕ ਮੁਹਿੰਮ ਚਲਾਉਂਦੇ ਹੋਏ ਲੋਕਾਂ ਨੂੰ ਐਚ ਆਈ ਵੀ ਦੀ ਲਾਗ ਨੂੰ ਦਬਾਉਣ ਦਾ ਉਪਰਾਲਾ ਕੀਤਾ ਸੀ ਅਤੇ ਇਸ ਦੇ ਚੰਗੇ ਠੋਸ ਅਤੇ ਕਾਰਗਰ ਨਤੀਜੇ ਵੀ ਦੇਖਣ ਨੂੰ ਮਿਲੇ ਸਨ। ਇਸ ਰੋਗ ਦੀ ਸ਼ੁਰੂਆਤ ਤੋਂ ਲੈ ਕਿ ਹੁਣ ਤੱਕ ਸੰਸਾਰ ਭਰ ਵਿੱਚ 36 ਮਿਲੀਅਨ ਲੋਕਾਂ ਦੀ ਜਾਨ ਜਾ ਚੁੱਕੀ ਹੈ ਜਦਕਿ ਆਸਟ੍ਰੇਲੀਆ ਵਿੱਚ ਹੀ 8000 ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ। ਸ਼੍ਰੀ ਕੀਨ ਦਾ ਕਹਿਣਾ ਹੈ ਕਿ ਇਸ ਸਮੇਂ, ਇਸ ਰੋਗ ਦੇ ਉਪਚਾਰ ਲਈ ਸਿਰਫ ਇੱਕ ਗੋਲੀ ਹੀ ਰੋਜ਼ ਖਾਣ ਦੀ ਲੋੜ ਹੈ, ਪਰ ਇਸ ਬਾਰੇ ਬਹੁਤ ਸਾਰੇ ਲੋਕਾਂ ਨੂੰ ਪਤਾ ਵੀ ਨਹੀਂ ਹੈ। ਇਸ ਲਈ ਜਰੂਰੀ ਹੈ ਕਿ ਬਹੁ-ਸਭਿਅਕ ਭਾਈਚਾਰੇ ਵਿੱਚ ਇਸ ਬਾਰੇ ਜੋਰ-ਸ਼ੋਰ ਨਾਲ ਪ੍ਰਚਾਰ ਕੀਤਾ ਜਾਵੇ।
ਐਚ ਆਈ ਵੀ ਨਾਲ ਪੀੜਤ ਵਿਅਕਤੀਆਂ ਦੀ ਆਸਟ੍ਰੇਲੀਆ ਵਿਚਲੀ ਗਿਣਤੀ ਪਿਛਲੇ ਸਮਿਆਂ ਦੇ ਮੁਕਾਬਲੇ ਇਸ ਸਮੇਂ ਸਭ ਤੋਂ ਘੱਟ ਹੈ। ਨਿਊ ਸਾਊਥ ਵੇਲਜ਼ ਦੇ ਕਿਰਬੀ ਇੰਸਟੀਚਿਊਟ ਵਲੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸਾਲ 2020 ਵਿੱਚ ਆਸਟ੍ਰੇਲੀਆ ਭਰ ਵਿੱਚ 633 ਲੋਕ ਐਚ ਆਈ ਤੋਂ ਪੀੜਤ ਸਨ, ਜੋ ਕਿ ਇਸ ਤੋਂ ਪਿਛਲੇ ਸਾਲ ਦੇ ਮੁਕਾਬਲੇ 30% ਦੀ ਕਟੋਤੀ ਹੈ। ਪਰ ਇਹਨਾਂ ਵਿੱਚੋਂ ਅੱਧੇ ਅਜਿਹੇ ਕੇਸ ਸਨ ਜਿਹਨਾਂ ਦੀ ਪਹਿਚਾਣ ਕਾਫੀ ਦੇਰ ਨਾਲ ਹੋਈ ਸੀ, ਮਤਲਬ ਕਿ ਉਹਨਾਂ ਵਿੱਚ ਲਾਗ ਪੈਦਾ ਹੋਇਆਂ ਚਾਰ ਸਾਲ ਜਾਂ ਇਸ ਤੋਂ ਵੀ ਵਧ ਦਾ ਸਮਾਂ ਹੋ ਚੁੱਕਿਆ ਸੀ, ਅਤੇ ਉਹਨਾਂ ਨੂੰ ਇਸ ਦਾ ਕੋਈ ਵੀ ਗਿਆਨ ਨਹੀਂ ਸੀ। ਡੋਰਵਿਚ ਪੈਥੋਲਿਜੀ ਦੀ ਡਾ ਸਾਰਾਹ ਗਾਰਨਰ ਇਸ ਨੂੰ ਕਾਫੀ ਚਿੰਤਾ ਵਾਲਾ ਦਸਦੀ ਹੈ।
ਸੰਸਥਾ ਪੀਅਰਪੀਡ ਫੋਰ ਚੇਂਜ, ਜੋ ਕਿ ਲੋਕਾਂ ਨੂੰ ਐਚ ਆਈ ਵੀ ਤੋਂ ਬਚਾਉਣ ਵਾਲੀ ਆਸਟ੍ਰੇਲੀਆ ਦੀ ਇੱਕ ਚੋਟੀ ਦੀ ਸੰਸਥਾ ਹੈ, ਦੇ ਕਰਿਸ ਵਿਲੀਅਮਜ਼ ਮੰਨਦੇ ਹਨ ਕਿ ਲੋਕਾਂ ਨੂੰ ਜਾਗਰੂਕ ਕਰਨ ਲਈ ਅਜੇ ਵੀ ਕਾਫੀ ਲੰਬਾ ਰਸਤਾ ਤੈਅ ਕਰਨਾ ਬਾਕੀ ਹੈ। ਸ਼੍ਰੀ ਵਿਲੀਅਮ ਜੋ ਕਿ ਆਪ ਵੀ ਐਚ ਆਈ ਵੀ ਦੀ ਰੋਕਥਾਮ ਲਈ, ਪੀਆਰਈਪੀ ਨਾਮੀ ਦਵਾਈ ਦਾ ਇਸਤੇਮਾਲ ਕਰ ਰਹੇ ਹਨ, ਕਹਿੰਦੇ ਹਨ ਕਿ ਇਸ ਨਾਲ ਉਹਨਾਂ ਦੀ ਜਿੰਦਗੀ ਹੀ ਬਦਲ ਗਈ ਹੈ ਅਤੇ ਇਸ ਦਵਾਈ ਵਿੱਚ ਜਾਨਾਂ ਬਚਾਉਣ ਦੀ ਸਮਰੱਥਾ ਹੈ।
ਐਚ ਆਈ ਵੀ ਬਾਰੇ ਜਾਗਰੂਕਤਾ ਫੈਲਾਉਣੀ ਅਤੇ ਇਸ ਦੇ ਇਲਾਜ ਨੂੰ ਬਰਾਬਰੀ ਨਾਲ ਲੋਕਾਂ ਤੱਕ ਲੈ ਕਿ ਜਾਣਾ ਅਜੇ ਵੀ ਸੰਸਾਰ ਭਰ ਲਈ ਇੱਕ ਚੁਣੋਤੀ ਹੈ। ਯੂਨਾਇਟੇਡ ਨੇਸ਼ਨਸ ਅਨੁਸਾਰ ਸਾਲ 2020 ਵਿੱਚ ਨਵੀਆਂ ਲਾਗਾਂ ਲੱਗਣ ਦੇ 1.5 ਮਿਲੀਅਨ ਕੇਸ ਦਰਜ ਕੀਤੇ ਗਏ ਸਨ ਜਿਹਨਾਂ ਵਿੱਚੋਂ 70% ਅਫਰੀਕਨ ਸਹਾਰਾ ਖੇਤਰ ਤੋਂ ਹੀ ਸਨ।
1980ਵਿਆਂ ਦੌਰਾਨ ਆਸਟ੍ਰੇਲੀਆ ਵਿੱਚੋਂ ਐਚ ਆਈ ਵੀ ਨੂੰ ਰੋਕਣ ਲਈ ਮੌਹਰੀ ਹੋ ਕੇ ਕੰਮ ਕਰਨ ਵਾਲੇ ਪ੍ਰੋਫੈਸਰ ਬਿਲ ਬੋਅਟੈਲ ਦਾ ਮੰਨਣਾ ਹੈ ਕਿ ਕੋਵਿਡ-19 ਦੀ ਪੈਦਾਇਸ਼, ਇਸ ਦੀਆਂ ਦਵਾਈਆਂ ਪ੍ਰਤੀ ਕਮੀ ਅਤੇ ਇਸ ਦਾ ਬਹੁਤਾ ਫੈਲ਼ਾਅ ਅਫਰੀਕਾ ਖਿੱਤੇ ਵਿੱਚ ਹੀ ਹੋਣਾ, ਆਦਿ, ਬਹੁਤ ਕੁੱਝ ਕੋਵਿਡ-19 ਮਹਾਂਮਾਰੀ ਨਾਲ ਮਿਲਦਾ ਜੁਲਦਾ ਹੈ।
ਪ੍ਰੋਫੈਸਰ ਬੋਅਟੈਲ ਕਹਿੰਦੇ ਹਨ ਕਿ ਜਦੋਂ ਤੱਕ ਸਾਰੇ ਵਿਅਕਤੀ ਸੁਰੱਖਿਅਤ ਨਹੀਂ ਹੋ ਜਾਂਦੇ ਉਦੋਂ ਤੱਕ ਕਿਸੇ ਨੂੰ ਵੀ ਪੂਰਾ ਸੁਰੱਖਿਅਤ ਨਹੀਂ ਮੰਨਿਆ ਜਾ ਸਕਦਾ।
ਯੂ ਐਨ ਦਾ ਕਹਿਣਾ ਹੈ ਕਿ ਸਾਲ 2030 ਤੱਕ ਸੰਸਾਰ ਭਰ ਵਿੱਚੋਂ ਐਚ ਆਈ ਵੀ ਨੂੰ ਖਤਮ ਕਰਨ ਲਈ ਵਿਸ਼ਵ ਭਰ ਦਾ ਸਮਰਥਨ ਅਤੇ ਪ੍ਰਣ ਮਿਲਣਾ ਜਰੂਰੀ ਹੈ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਐਸਬੀਐਸ, ਆਸਟ੍ਰੇਲੀਆ ਦੇ ਵਿਆਪਕ ਭਾਈਚਾਰਿਆਂ ਨੂੰ ਕੋਵਿਡ-19 ਦੇ ਨਵੀਨਤਮ ਵਿਕਾਸ ਬਾਰੇ ਜਾਣਕਾਰੀ ਦੇਣ ਲਈ ਵਚਨਬੱਧ ਹੈ। ਖਬਰਾਂ ਅਤੇ ਜਾਣਕਾਰੀ 63 ਭਾਸ਼ਾਵਾਂ ਵਿੱਚ https://www.sbs.com.au/language/coronavirus ਉੱਤੇ ਉਪਲਬਧ ਹੈ।
ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ। ਤੁਸੀਂ ਸਾਨੂੰ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।






