2007 ਵਿੱਚ ਭਾਰਤ ਦੇ ਪੰਜਾਬ ਸੂਬੇ ਤੋਂ ਆਸਟ੍ਰੇਲੀਆ ਆਏ ਜਸਪ੍ਰੀਤ ਸਿੰਘ ਸ਼ਾਹ ਹਮੇਸ਼ਾਂ ਤੋਂ ਹੀ ਫ਼ੌਜ ਵਿੱਚ ਭਰਤੀ ਹੋਣ ਬਾਰੇ ਸੋਚਦੇ ਰਹੇ ਸਨ।
2010 ਵਿੱਚ ਉਨ੍ਹਾਂ ਦੇ ਸੁਪਨੇ ਨੂੰ ਉਦੋਂ ਹੁੰਗਾਰਾ ਮਿਲਿਆ ਜਦ ਉਨ੍ਹਾਂ ਨੂੰ ਸਿਡਨੀ ਰਹਿੰਦਿਆਂ ਆਸਟ੍ਰੇਲੀਅਨ ਫੌਜ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ।
ਥਾਪਰ ਇੰਸਟੀਚਿਊਟ ਪਟਿਆਲਾ ਤੋਂ ਡਿਗਰੀ ਹਾਸਿਲ ਕਰਨੇ ਵਾਲੇ ਸ੍ਰੀ ਸ਼ਾਹ ਉਸ ਵੇਲੇ ਸਿਡਨੀ ਵਿੱਚ ਇੱਕ ਇਲੈਕਟ੍ਰੋਨਿਕਸ ਕੰਪਨੀ ਵਿੱਚ ਕੰਮ ਕਰ ਰਹੇ ਸਨ।
"ਫੌਜ ਵਿੱਚ ਭਰਤੀ ਹੋਣਾ ਮੇਰੇ ਲਈ ਇੱਕ ਸੁਪਨੇ ਵਾਂਗ ਸੀ ਤੇ ਮੈਂ ਇਸ ਲਈ ਭਾਰਤ ਵਿੱਚ ਵੀ ਕੋਸ਼ਿਸ਼ ਕੀਤੀ ਸੀ ਪਰ ਕਾਮਯਾਬ ਨਾ ਹੋ ਸਕਿਆ," ਉਨ੍ਹਾਂ ਐਸ ਬੀ ਐਸ ਪੰਜਾਬੀ ਨੂੰ ਇੱਕ ਇੰਟਰਵਿਊ ਦੌਰਾਨ ਦੱਸਿਆ।
"ਫ਼ੌਜ ਵਿੱਚ ਕਈ ਕਿਸਮ ਦੇ ਰੋਲ ਹੁੰਦੇ ਹਨ ਅਤੇ ਮੇਰਾ ਕੰਮ ਇਲੈਕਟ੍ਰੋਨਿਕਸ ਡਿਪਾਰਟਮੈਂਟ ਵਿੱਚ ਹੈ ਜਿੱਥੇ ਮੈਂ 16 ਹੋਰ ਟੈਕਨੀਸ਼ੀਅਨਜ਼ ਦੀ ਟੀਮ ਦੀ ਅਗਵਾਈ ਕਰਦਾ ਹਾਂ।"

ਸ੍ਰੀ ਸ਼ਾਹ ਨੂੰ ਹਾਲ ਹੀ ਵਿੱਚ ਉਨ੍ਹਾਂ ਦੁਆਰਾ ਆਸਟ੍ਰੇਲੀਅਨ ਆਰਮੀ ਦੇ ਵੱਡੇ ਟਰੱਕਾਂ ਵਿੱਚ ਡਿਜੀਟਲ ਸੰਚਾਰ ਨੂੰ ਬਿਹਤਰ ਬਣਾਉਣ ਲਈ 'ਗੋਲਡ ਕੌਮਨਡੇਸ਼ਨ' ਦਿੱਤੀ ਗਈ ਹੈ।
"ਮੈਨੂੰ ਇਸ ਗੱਲ 'ਤੇ ਮਾਣ ਹੈ ਤੇ ਮੈਂ ਇਸ ਪ੍ਰਾਪਤੀ ਲਈ ਆਪਣੀ ਸਾਰੀ ਹੀ ਟੀਮ ਦੀ ਮਿਹਨਤ ਨੂੰ ਸਲਾਮ ਕਰਦਾ ਹੋਇਆ ਵਧਾਈ ਦਿੰਦਾ ਹਾਂ," ਉਨ੍ਹਾਂ ਕਿਹਾ।
ਮੇਰੇ ਲਈ ਇਹ ਸਨਮਾਨ ਲੈਣਾ ਇਸਤੋਂ ਬਿਹਤਰ ਨਹੀਂ ਹੋ ਸਕਦਾ ਕਿ ਮੈਨੂੰ ਇਹ ਆਪਣੇ ਦੇਸ਼ ਵਿਚਲੇ ਇਕ ਅਹਿਮ ਕਾਰਜ ਨੂੰ ਸਿਰੇ ਲਾਉਣ ਲਈ ਮਿਲਿਆ ਹੈ।
ਦੱਸਣਯੋਗ ਹੈ ਕਿ ਸ੍ਰੀ ਸ਼ਾਹ ਤੇ ਉਨ੍ਹਾਂ ਦੀ ਟੀਮ 2019 ਤੋਂ ਆਰਮੀ ਦੇ ਵਾਹਨਾਂ ਵਿੱਚ ਡਿਜੀਟਲ ਢੰਗ ਨਾਲ ਸੰਪਰਕ ਕਰਨ ਦੀਆਂ ਖਾਮੀਆਂ ਨੂੰ ਦੂਰ ਕਰਨ ਲਈ ਇੱਕ ਅਹਿਮ ਪ੍ਰਾਜੈਕਟ ਉੱਤੇ ਕੰਮ ਕਰ ਰਹੇ ਸਨ।
2020 ਵਿੱਚ ਆਰਮੀ ਦੇ 'ਬੁਸ਼ਫਾਇਰ' ਰਾਹਤ ਕਾਰਜਾਂ ਦੌਰਾਨ ਇਹ ਖ਼ਾਮੀ ਹੋਰ ਉੱਘੜਕੇ ਸਾਹਮਣੇ ਆਈ ਜਿਸ ਤਹਿਤ ਟਰੱਕ ਚਲਾਕ ਤੇ ਸਹਿ ਚਾਲਕ ਦਾ ਬੇਸ ਜਾਂ ਦੂਜੇ ਵਾਹਨਾਂ ਨਾਲ ਸੰਪਰਕ ਬਿਹਤਰ ਕਰਨਾ ਇੱਕ ਮੁੱਖ ਲੋੜ ਵਜੋਂ ਉਭਰਕੇ ਸਾਹਮਣੇ ਆਇਆ।
ਫੌਜ ਵੱਲੋਂ ਫੰਡਿੰਗ ਮਿਲਦੇ ਸਾਰ ਹੀ ਸ੍ਰੀ ਸ਼ਾਹ ਤੇ ਉਨ੍ਹਾਂ ਦੀ ਟੀਮ ਨੇ ਆਪਣੇ ਕੰਮ ਵਿੱਚ ਤੇਜ਼ੀ ਲਿਆਉਂਦਿਆਂ ਇਸ ਸਮੱਸਿਆ ਦਾ ਕਾਫੀ ਹੱਦ ਤੱਕ ਹੱਲ ਕੱਢ ਲਿਆ ਸੀ।

ਸ੍ਰੀ ਸ਼ਾਹ ਨੇ ਦੱਸਿਆ ਕਿ ਤਿਆਰ ਕੀਤੇ ਨਵੇਂ ਡਿਜ਼ੀਟਲ ਉਪਕਰਣ ਉਨ੍ਹਾਂ ਦੀ ਬੈਰਕ ਵਿਚਲੇ ਪੰਦਰਾਂ ਤੋਂ ਵੀ ਵੱਧ ਟਰੱਕਾਂ ਵਿੱਚ ਲਗਾਇਆ ਜਾ ਚੁੱਕਾ ਹੈ ਤੇ ਹੁਣ ਆਸਟ੍ਰੇਲੀਅਨ ਆਰਮੀ ਦੇ ਦੂਜੇ ਟਰੱਕਾਂ ਵਿੱਚ ਵੀ ਇਸ ਨੂੰ ਲਾਉਣ ਦੀ ਸਿਫ਼ਾਰਸ਼ ਕੀਤੀ ਗਈ ਹੈ।
ਇਸ ਅਹਿਮ ਯੋਗਦਾਨ ਲਈ ਫੌਜ ਦੇ ਵੱਡੇ ਅਧਿਕਾਰੀਆਂ ਵੱਲੋਂ ਸ੍ਰੀ ਸ਼ਾਹ ਤੇ ਉਨ੍ਹਾਂ ਦੀ ਟੀਮ ਦੀ ਸਿਫ਼ਤ ਕੀਤੀ ਜਾ ਰਹੀ ਹੈ।
ਫੈਡਰਲ ਮੰਤਰੀ ਮੈਰੀਸ ਪੇਅਨ ਨੇ ਵੀ ਐਸ ਬੀ ਐਸ ਪੰਜਾਬੀ ਦੀ ਪੋਸਟ ਵਿੱਚ ਸ੍ਰੀ ਸ਼ਾਹ ਨੂੰ ਉਨ੍ਹਾਂ ਦੀ ਇਸ ਪ੍ਰਾਪਤੀ ਤੇ ਯੋਗਦਾਨ ਬਦਲੇ ਵਧਾਈ ਦਿੰਦਿਆਂ ਧੰਨਵਾਦੀ ਸ਼ਬਦ ਲਿਖੇ ਹਨ।
ਇਸ ਦੌਰਾਨ ਸ੍ਰੀ ਸ਼ਾਹ ਨੇ ਭਾਈਚਾਰੇ ਦੇ ਹੋਰ ਲੋਕਾਂ ਨੂੰ ਵੀ ਫ਼ੌਜ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਆ ਹੈ - "ਮੈਂ ਬੜੇ ਮਾਣ ਨਾਲ ਕਹਿ ਸਕਦਾ ਹਾਂ ਕਿ ਫੌਜ ਮੇਰਾ ਦੂਸਰਾ ਪਰਿਵਾਰ ਹੈ ਜਿੱਥੇ ਮੈਨੂੰ ਇੱਕ ਵਧੀਆ ਮਾਹੌਲ ਮਿਲਿਆ ਹੈ”।
Read this story in English

Jaspreet joined the Australian army out of passion, now he's been commended for his innovation
ਆਸਟ੍ਰੇਲੀਅਨ ਆਰਮੀ ਵਿੱਚ ਸ਼ਾਮਲ ਹੋਣ ਬਾਰੇ ਜਾਨਣ ਲਈ ਇਸ ਵੈੱਬਸਾਈਟ www.defencejobs.gov.au ਉੱਤੇ ਜਾਓ ਜਾਂ 131 901 'ਤੇ ਟੈਲੀਫੋਨ ਕਰੋ।
ਪੂਰੀ ਜਾਣਕਾਰੀ ਲਈ ਇਹ ਇੰਟਰਵਿਊ ਸੁਣੋ:
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ







