ਸਿੱਖਿਆ ਦੇ ਖੇਤਰ ਵਿੱਚ ਖੋਜ ਕਰਨ ਵਾਲੀ ਮੈਲਬੌਰਨ ਸਥਿਤ ਜਸਵੀਰ ਕੌਰ ਨਛੱਤਰ ਸਿੰਘ ਨੇ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਕਿਹਾ ਕਿ, “ਅਸੀਂ ਸਾਊਥ ਏਸ਼ੀਆ ਤੋਂ ਆਸਟ੍ਰੇਲੀਆ ਪੜਾਈ ਕਰਨ ਆਏ ਕਈ ਵਿਦਿਆਰਥੀਆਂ ਦੇ ਨਾਲ ਗੱਲ ਕਰਦੇ ਹੋਏ ਇਹ ਜਾਨਣ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਨੂੰ ਪੜਾਈ ਦੌਰਾਨ ਅਤੇ ਪੜਾਈ ਖਤਮ ਕਰਨ ਤੋਂ ਬਾਅਦ ਨੌਕਰੀਆਂ ਪ੍ਰਾਪਤ ਕਰਨ ਸਮੇਂ ਕਿਹੋ ਜਿਹੀਆਂ ਚੁਣੋਤੀਆਂ ਦਾ ਸਾਹਮਣਾ ਕਰਨਾ ਪਿਆ ਸੀ।”
“ਇਹ ਜਾਣ ਕੇ ਬੜੀ ਹੈਰਾਨੀ ਹੋਈ ਹੈ ਕਿ ਆਸਟ੍ਰੇਲੀਆ ਦੇ ਬਹੁਤ ਸਾਰੇ ਰੁਜ਼ਗਾਰਦਾਤਾ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਮੁਕਾਬਲੇ ਘਰੇਲੂ ਵਿਦਿਆਰਥੀਆਂ ਨੂੰ ਨੌਕਰੀਆਂ ਪ੍ਰਦਾਨ ਕਰਨ ਸਮੇਂ ਪਹਿਲ ਦਿੰਦੇ ਹਨ",ਉਨ੍ਹਾਂ ਕਿਹਾ।
ਜਸਵੀਰ ਕੌਰ ਅਨੁਸਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਆਸਟ੍ਰੇਲੀਆ ਵਿੱਚ ਨੌਕਰੀਆਂ ਪ੍ਰਾਪਤ ਕਰਨ ਸਮੇਂ ਅਰਜ਼ੀਆਂ ਭਰਨ ਦੇ ਖਾਸ ਤਰੀਕੇ ਬਾਰੇ ਨਹੀਂ ਪਤਾ ਹੁੰਦਾ ਕਿਉਂਕਿ ਇਹ ਤਰੀਕਾ ਉਹਨਾਂ ਦੇ ਆਪਣੇ ਮੂਲ ਦੇਸ਼ਾਂ ਵਿੱਚ ਕਾਫੀ ਵੱਖਰੀ ਕਿਸਮ ਦਾ ਹੁੰਦਾ ਹੈ।
"ਇਸ ਤੋਂ ਇਲਾਵਾ ਅੰਗਰੇਜ਼ੀ ਭਾਸ਼ਾ ਦਾ ਵਿਖਰੇਵਾਂ ਵੀ ਰਾਹ ਦਾ ਰੋੜਾ ਬਣ ਜਾਂਦਾ ਹੈ।"
ਜਸਵੀਰ ਕੌਰ ਨੇ ਅੱਗੇ ਦੱਸਿਆ ਕਿ “ਬੇਸ਼ਕ ਆਸਟ੍ਰੇਲੀਆ ਦੀਆਂ ਯੂਨਿਵਰਸਟੀਆਂ ਰੁਜ਼ਗਾਰਦਾਤਾਵਾਂ ਨੂੰ ਕੈਂਪਸ ਵਿੱਚ ਬੁਲਾ ਕੇ ਨੌਕਰੀਆਂ ਦੀ ਪੇਸ਼ਕਸ਼ ਕਰਵਾਉਂਦੀਆਂ ਹਨ, ਪਰ ਇਹਨਾਂ ਦੀਆਂ ਸ਼ਰਤਾਂ ਜਿਆਦਾਤਰ ਘਰੇਲੂ ਵਿਦਿਆਰਥੀਆਂ ਦੇ ਅਨੁਕੂਲ ਹੀ ਹੁੰਦੀਆਂ ਹਨ”।

Researchers have conducted a recent survey about the challenges faced by South Asian students. Credit: Jasvir Kaur
ਆਸਟ੍ਰੇਲੀਆ ਦੀ ਆਰਥਿਕਤਾ ਅੰਤਰਰਾਸ਼ਟਰੀ ਵਿਦਿਆਰਥੀਆਂ ਦੁਆਰਾ ਇੱਥੇ ਆ ਕੇ ਕੀਤੀ ਜਾਣ ਵਾਲੀ ਪੜਾਈ ਅਤੇ ਖੋਜ ਉੱਤੇ ਬਹੁਤ ਜਿਆਦਾ ਨਿਰਭਰ ਕਰਦੀ ਹੈ।
ਕੋਵਿਡ ਮਹਾਮਾਰੀ ਤੋਂ ਪਹਿਲਾਂ, 2019 ਤੱਕ ਆਸਟ੍ਰੇਲੀਆ ਦੀ ਆਰਥਿਕਤਾ ਨੂੰ ਵਿਦੇਸ਼ੀ ਵਿਦਿਆਰਥੀਆਂ ਵਲੋਂ ਲੱਗਭੱਗ 40.3 ਬਿਲੀਅਨ ਡਾਲਰਾਂ ਦਾ ਹੁੰਗਾਰਾ ਮਿਲਦਾ ਸੀ ਜੋ ਕਿ 2022 ਵਿੱਚ ਘੱਟ ਕੇ 25.5 ਬਿਲੀਅਨ ਹੋ ਗਿਆ ਹੈ। ਪਰ ਇਸ ਦੇ ਮੁੜ ਤੋਂ ਉਭਰਨ ਦੀ ਪੂਰੀ ਉਮੀਦ ਹੈ।
ਦਸੰਬਰ 2022 ਵਿੱਚ ਪ੍ਰਾਪਤ ਕੀਤੇ ਆਂਕੜਿਆਂ ਅਨੁਸਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਮਦ ਦਾ 25% ਹਿੱਸਾ ਸਿਰਫ ਚੀਨ ਤੋਂ ਆਉਣ ਵਾਲਿਆਂ ਦਾ ਸੀ ਜਦਕਿ, ਉੱਤਰੀ ਏਸ਼ੀਆਈ ਦੇਸ਼ਾਂ ਦੇ ਵਿਦਿਆਰਥੀ 30% ਦੇ ਕਰੀਬ ਸਨ, ਜਿਹਨਾਂ ਵਿੱਚ ਭਾਰਤ, ਨਿਪਾਲ, ਪਾਕਿਸਤਾਨ, ਸ਼੍ਰੀ ਲੰਕਾ, ਬੰਗਲਾਦੇਸ਼, ਭੂਟਾਨ, ਅਫਗਾਨਿਸਤਾਨ ਅਤੇ ਮਾਲਦੀਵ ਸ਼ਾਮਲ ਹਨ।
ਜਸਵੀਰ ਕੌਰ ਨੇ ਕਿਹਾ ਕਿ ਜਿਆਦਾਤਰ ਉੱਤਰੀ ਏਸ਼ੀਆ ਤੋਂ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀ ਪੜਾਈ ਮੁਕੰਮਲ ਕਰਨ ਤੋਂ ਬਾਅਦ ਇੱਥੇ ਆਸਟ੍ਰੇਲੀਆ ਵਿੱਚ ਹੀ ਰੁਜ਼ਗਾਰ ਪ੍ਰਾਪਤ ਕਰਕੇ ਸਥਾਪਤ ਹੋਣ ਦੇ ਚਾਹਵਾਨ ਹੁੰਦੇ ਹਨ।
ਉਨ੍ਹਾਂ ਜ਼ੋਰ ਦੇਕੇ ਕਿਹਾ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵਿਦੇਸ਼ਾਂ ਵਿੱਚ ਹਾਸਲ ਕੀਤੇ ਹੋਏ ਤਜ਼ਰਬਿਆਂ ਨੂੰ ਆਸਟ੍ਰੇਲੀਆਈ ਮਾਹੌਲ ਵਿੱਚ ਢਾਲ ਕੇ ਸਮਝਣ ਦੀ ਜ਼ਰੂਰਤ ਹੈ।
ਜਸਵੀਰ ਕੌਰ ਨੇ ਦੱਸਿਆ ਕਿ ਹੁਣ ਉਹਨਾਂ ਵਲੋਂ ਇੱਕ ਹੋਰ 'ਕੈਰਿਅਰ ਡਿਵੈਲਪਮੈਂਟ ਅਨਾਲਿਸਿਸ ਵਰਕਸ਼ਾਪ' ਨਾਮੀ ਉਪਰਾਲਾ ਕਰਦੇ ਹੋਏ ਯੂਨਿਵਰਸਟੀਆਂ ਵਿੱਚ ਜਾ ਕੇ ਸੈਮੀਨਾਰ ਲਗਾਏ ਜਾਣਗੇ।
ਸ਼ੁਰੂਆਤ ਵਜੋਂ ਇਹ ਉਪਰਾਲੇ ਮੈਲਬੌਰਨ ਦੀ ਲਾ-ਟਰੋਬ ਯੂਨਿਵਰਸਿਟੀ ਤੋਂ ਸ਼ੁਰੂ ਕੀਤੇ ਜਾਣਗੇ ਅਤੇ ਬਾਅਦ ਵਿੱਚ ਦੇਸ਼ ਭਰ ਦੇ ਸਿੱਖਿਆ ਅਦਾਰਿਆਂ ਨਾਲ ਮਿਲ ਕੇ ਇਹਨਾਂ ਨੂੰ ਵਿਦਿਆਰਥੀਆਂ ਤੱਕ ਪਹੁੰਚਾਇਆ ਜਾਵੇਗਾ।
ਇਸ ਖੋਜ ਅਤੇ ਸਮੱਸਿਆ ਦੇ ਹੱਲ ਵਜੋਂ ਕੀਤੇ ਜਾਣ ਵਾਲੇ ਉਪਰਾਲਿਆਂ ਬਾਰੇ ਵਧੇਰੇ ਜਾਣਕਾਰੀ ਹਾਸਲ ਕਰਨ ਲਈ ਇਹ ਪੌਡਕਾਸਟ ਸੁਣੋ।