ਪਰਮਿੰਦਰ ਸਿੰਘ, ਆਸਟ੍ਰੇਲੀਆ ਰਹਿੰਦੇ ਇੱਕ ਆਈ ਟੀ ਪੇਸ਼ੇਵਰ ਹਨ ਜੋ 'ਖਾਲਸਾ ਫੁਲਵਾੜੀ' ਚੈਨਲ ਹੇਠ ਬੱਚਿਆਂ ਲਈ ਡਿਜੀਟਲ ਸਮੱਗਰੀ ਬਣਾਉਣ ਤੇ ਮੁਹਈਆ ਕਰਵਾਉਣ ਲਈ ਸਿਫ਼ਤ ਦੇ ਪਾਤਰ ਬਣ ਰਹੇ ਹਨ।
ਉਨ੍ਹਾਂ ਦੇ ਇਸ ਚੈਨਲ ਵਿੱਚ ਬੱਚਿਆਂ ਨਾਲ਼ ਸਬੰਧਤ 'ਐਨੀਮੇਟਡ' ਛੋਟੇ ਗੀਤ ਜਿਵੇਂ ਕਿ 'ਆਓ ਸਿੱਖੀਏ ਗੁਰਮੁਖੀ', 'ਸਿਰ ਮੋਢੇ ਗੋਢੇ ਪੈਰ', 'ਟਿਕ-ਟਿਕ ਘੜ੍ਹੀ ਚੱਲੇ', 'ਬਾਬਾ ਜੀ ਕੀ ਐ ਥੋਡੇ ਕੋਲ਼' ਆਦਿ ਕਾਫੀ ਪਸੰਦ ਕੀਤੇ ਜਾ ਰਹੇ ਹਨ।
ਪਰਮਿੰਦਰ ਸਿੰਘ ਨੇ ਐਸ ਬੀ ਐਸ ਪੰਜਾਬੀ ਨਾਲ਼ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਦ੍ਰਿਸ਼ਟੀਕੋਣ ਹਰ ਉਮਰ ਦੇ ਬੱਚਿਆਂ ਲਈ ਗੁਰਮੁਖੀ ਤੇ ਵਿਰਸੇ-ਵਿਰਾਸਤ ਨਾਲ਼ ਸਬੰਧਤ ਡਿਜੀਟਲ ਸਮੱਗਰੀ ਤਿਆਰ ਕਰਨਾ ਹੈ ਤਾਂ ਜੋ ਬੱਚਿਆਂ ਕੋਲ ਪੱਛਮੀ ਤੁਕਾਂਤ ਅਤੇ ਗੀਤਾਂ ਦਾ ਬਦਲ ਹੋਵੇ।
"ਅਸੀਂ ਇਸ ਕੰਟੈਂਟ ਜ਼ਰੀਏ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਬੱਚਿਆਂ ਨੂੰ ਪੰਜਾਬੀ ਸਿਖਾਉਣ ਤੇ ਬੋਲਣ ਦੇ ਨਾਲ਼-ਨਾਲ਼, ਦਇਆ, ਨਿਮਰਤਾ, ਧੀਰਜ, ਸੱਚਾਈ ਅਤੇ ਸੰਤੋਖ ਵਰਗੀਆਂ ਬੁਨਿਆਦੀ ਕਦਰਾਂ-ਕੀਮਤਾਂ ਵੀ ਸਮਝਾ ਸਕੀਏ - ਸਿਖਾ ਸਕੀਏ," ਉਨ੍ਹਾਂ ਕਿਹਾ।

ਪਰਮਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੀਰਤਨ ਤੇ ਸੰਗੀਤ ਨਾਲ਼ ਬਚਪਨ ਤੋਂ ਹੀ ਅਥਾਹ ਪਿਆਰ ਸੀ।
'ਮੈਂ ਵਾਇਲਨ, ਕੀਬੋਰਡ, ਗਿਟਾਰ ਅਤੇ ਤੰਤੀ ਸਾਜ਼ ਵੀ ਸਿੱਖੇ ਹਨ ਤੇ ਮੇਰੀ ਕੋਸ਼ਿਸ਼ ਹੈ ਕਿ ਮੈਂ ਇਹ ਗੁਣ ਅਗਲੀ ਪੀੜ੍ਹੀ ਨਾਲ਼ ਵੀ ਸਾਂਝਾ ਕਰਾਂ। ਮੈਨੂੰ, ਮੇਰੇ ਇਸੇ ਧਿਆਨ ਕਰਕੇ ਅਖੰਡ ਕੀਰਤਨੀ ਜਥੇ ਜ਼ਰੀਏ ਦੁਨੀਆਂ ਦੇ ਵੱਖੋ-ਵੱਖਰੇ ਕੋਨਿਆਂ ਵਿੱਚ ਭਰਮਣ ਕਰਨ ਦਾ ਮੌਕਾ ਵੀ ਮਿਲਿਆ। ਮੈਂ ਇੱਕ ਕਲਾ ਪ੍ਰੇਮੀ, ਕਵੀ ਅਤੇ ਗੁਰਬਾਣੀ ਵਿਚਾਰਕ ਵਜੋਂ ਸਿੱਖਣ ਦਾ ਹਰ ਮੌਕਾ ਸਾਂਭਣਾ ਚਾਹੁੰਦਾ ਹਾਂ," ਉਨ੍ਹਾਂ ਕਿਹਾ।
ਪਰਮਿੰਦਰ ਸਿੰਘ ਦੇ ਯੂਟਿਊਬ ਉੱਤੇ ਹੁਣ ਤਿੰਨ ਲੱਖ ਤੋਂ ਵੀ ਵੱਧ ਸਬਸਕ੍ਰਾਈਬਰ ਹਨ ਜੋ ਕੀਰਤਨ ਦੇ ਨਾਲ਼-ਨਾਲ਼ ਉਨ੍ਹਾਂ ਦੇ ਵਿਚਾਰ ਲੌਗ ਵੀ ਸੁਣਦੇ ਤੇ ਪਸੰਦ ਕਰਦੇ ਹਨ।
"ਮੇਰੇ ਮਨ ਅੰਦਰ ਸੰਗਤ ਦੀ ਸੇਵਾ ਵਿੱਚ ਕੁਝ ਭੇਟ ਕਰਨ ਦੇ ਚਾਓ ਤਹਿਤ ਕੁਝ ਨਾ ਕੁਝ ਕਹਿਣ ਦੀ, ਕਰਨ ਦੀ, ਤੇ ਕਰਦੇ ਰਹਿਣ ਦੀ ਤਾਂਘ ਰਹਿੰਦੀ ਹੈ। ਸੋਸ਼ਲ ਮੀਡਿਆ ਉੱਤੇ ਆਪਣੇ ਵਿਚਾਰ ਪ੍ਰਗਟਾਉਣਾ ਵੀ ਮੇਰੀ ਇਸੇ ਕੋਸ਼ਿਸ਼ ਦਾ ਇੱਕ ਹਿੱਸਾ ਹੈ," ਉਨ੍ਹਾਂ ਕਿਹਾ।

ਹਾਲ਼ ਹੀ ਵਿੱਚ ਉਨ੍ਹਾਂ ਆਪਣੇ ਵਿਚਾਰਾਂ ਨੂੰ ਕਲਮਬੱਧ ਕਰਦਿਆਂ ਆਪਣੀ ਕਿਤਾਬ 'ਖੇਮ ਖਜ਼ਾਨਾ' ਵੀ ਪਾਠਕਾਂ ਦੀ ਝੋਲੀ ਪਾਈ ਹੈ।
"ਮੇਰੀ ਇਹ ਕਿਤਾਬ ਮਹੱਤਵਪੂਰਨ ਵਿਸ਼ਿਆ ਨੂੰ ਲੈ ਕੇ ਕਵਿਤਾ ਤੇ ਨਾਲ ਲਗਦੇ ਹੀ ਸੰਖੇਪ ਵਿਸਥਾਰ ਕਰਦੇ ਸੰਬੰਧਿਤ ਲੇਖਾਂ ਦਾ ਇੱਕ ਗੁਲਦਸਤਾ ਹੈ," ਉਨ੍ਹਾਂ ਕਿਹਾ।
“ਮਨੁੱਖੀ ਜੀਵਨ ਵਿੱਚ ਸੰਸਾਰ ‘ਚ ਵਿਚਰਦਿਆਂ ਮਾਨਸਿਕ, ਪਰਿਵਾਰਿਕ, ਸਮਾਜਿਕ, ਧਾਰਮਿਕ ਪੱਧਰ ਤੇ ਵੱਖ ਵੱਖ ਹਾਲਾਤਾਂ ਨਾਲ ਨਜਿੱਠਦੀਆਂ ‘ਖੇਮ ਖਜ਼ਾਨੇ’ ਦੀ ਪ੍ਰਾਪਤੀ ਤੇ ਇਸਦਾ ਅਹਿਸਾਸ ਕਿਵੇਂ ਹੋਵੇ? ਮੈਂ ਇਸ ਸਿਲਸਿਲੇ ਜੋ ਮਹਿਸੂਸ ਕੀਤਾ ਉਹ ਇਸ ਕਿਤਾਬ ਜ਼ਰੀਏ ਪਾਠਕਾਂ ਨਾਲ਼ ਸਾਂਝਾ ਕਰਨ ਦੀ ਖੁਸ਼ੀ ਲੈ ਰਿਹਾ ਹਾਂ।”
ਪਰਮਿੰਦਰ ਸਿੰਘ ਦੇ ਵਿਚਾਰ ਜਾਨਣ ਲਈ ਉਨ੍ਹਾਂ ਨਾਲ਼ ਕੀਤੀ ਇਹ ਇੰਟਰਵਿਊ ਸੁਣੋ......




