ਫੈਡਰਲ ਸਰਕਾਰ ਵੱਲੋਂ 7 ਅਗਸਤ ਨੂੰ ਕੀਤੇ ਅਹਿਮ ਐਲਾਨ ਪਿੱਛੋਂ ਜੌਬਕੀਪਰ ਸਕੀਮ ਦਾ ਫਾਇਦਾ ਹੁਣ ਹੋਰ ਲੋਕਾਂ ਨੂੰ ਵੀ ਮਿਲ ਸਕੇਗਾ।
ਮੈਲਬੌਰਨ ਵਿੱਚ ਕੰਮ ਕਰਦੇ ਅਕਾਊਂਟੈਂਟ ਮਨਪ੍ਰੀਤ ਸਿੰਘ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਜੌਬਕੀਪਰ ਅਤੇ ਜੌਬਸੀਕਰ ਅਦਾਇਗੀਆਂ ਬਾਰੇ ਆਏ ਨਵੇਂ ਐਲਾਨ ਦਾ ਸਿੱਧਾ ਫਾਇਦਾ ਵਿਕਟੋਰੀਅਨ ਕੰਮ-ਕਾਰੋਬਾਰਾਂ ਅਤੇ ਉਨ੍ਹਾਂ ਦੇ ਕਰਮਚਾਰੀਆਂ ਨੂੰ ਹੋਏਗਾ ਜੋ ਇਸ ਵੇਲ਼ੇ ਕਰੋਨਾਵਾਇਰਸ ਦੀ ਕਰੋਪੀ ਨਾਲ਼ ਜੂਝ ਰਹੇ ਹਨ।
ਉਨ੍ਹਾਂ ਕਿਹਾ, “ਕਰੋਨਾਵਾਇਰਸ ਮਹਾਂਮਾਰੀ ਦੀ ਚੁਣੌਤੀ ਅਜੇ ਵੀ ਉਸੇ ਤਰਾਂਹ ਬਰਕਰਾਰ ਹੈ। ਵਿਕਟੋਰੀਆ ਦੀ ਮੌਜੂਦਾ ਸਥਿਤੀ ਦੇ ਚਲਦਿਆਂ ਛੋਟੇ ਅਤੇ ਦਰਮਿਆਨੇ ਆਕਾਰ ਦੇ ਕਾਰੋਬਾਰ ਅਤੇ ਉਨ੍ਹਾਂ ਦੇ ਸਟਾਫ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ।"
ਇੱਕ ਅਨੁਮਾਨ ਹੈ ਕਿ ਮੌਜੂਦਾ ਸਬਸਿਡੀ ਪ੍ਰੋਗਰਾਮ ਵਿੱਚ ਵਿਕਟੋਰੀਆ ਦੇ 500,000 ਤੋਂ ਵੀ ਵਧੇਰੇ ਲੋਕ ਹੁਣ ਭੁਗਤਾਨ ਲਈ ਸ਼ਾਮਿਲ ਕੀਤੇ ਜਾਣਗੇ।
ਉਨ੍ਹਾਂ ਜੌਬਕੀਪਰ 2.0 ਐਲਾਨ ਬਾਰੇ ਦੱਸਦਿਆਂ ਕਿਹਾ ਕਿ ਸਰਕਾਰ ਵੱਲੋਂ ਮੌਜੂਦਾ ਮਾਪਦੰਡਾਂ ਦਾ ਵਿਸਥਾਰ ਕਰਦਿਆਂ ਹੁਣ ਵਧੇਰੇ ਲੋੜਵੰਦ ਕਾਮਿਆਂ ਨੂੰ ਸ਼ਾਮਿਲ ਕੀਤਾ ਗਿਆ ਹੈ।

Manpreet Singh works as an accountant at Dandenong in Melbourne's southeast. Source: SBS Punjabi
“ਨਵੀਆਂ ਤਬਦੀਲੀਆਂ ਦੇ ਤਹਿਤ, 1 ਜੁਲਾਈ ਤੋਂ ਨੌਕਰੀ ਪ੍ਰਾਪਤ ਸਟਾਫ ਵੀ ਹੁਣ ਅਦਾਇਗੀਆਂ ਦੇ ਯੋਗ ਹੋਵੇਗਾ। ਪਹਿਲਾਂ, ਕਰਮਚਾਰੀ ਸਿਰਫ ਤਾਂ ਹੀ ਯੋਗਤਾ ਪੂਰੀ ਕਰਦੇ ਸਨ ਜੇ ਉਹ 1 ਮਾਰਚ ਤੱਕ ਨੌਕਰੀ ਵਿੱਚ ਸਨ।"
ਸ੍ਰੀ ਸਿੰਘ ਨੇ ਸਲਾਹ ਦਿੱਤੀ ਕਿ ਇਸ ਸਕੀਮ ਲਈ ਅਰਜ਼ੀ ਦੇਣ ਤੋਂ ਪਹਿਲਾਂ ਕਾਰੋਬਾਰਾਂ ਅਤੇ ਕਾਮਿਆਂ ਨੂੰ ਆਪਣੀ ਯੋਗਤਾ ਦੀ ਜਾਂਚ ਕਰਨੀ ਚਾਹੀਦੀ ਹੈ - “ਉਨ੍ਹਾਂ ਨੂੰ ਆਪਣੇ ਕੰਮ ਦੇ ਘੰਟੇ ਅਤੇ ਪੇ-ਪੀਰੀਅਡ ਬਾਰੇ ਜ਼ਰੂਰੀ ਜਾਣਕਾਰੀ ਦੇਣ ਦੀ ਲੋੜ ਹੈ।"
ਇਸ ਸਕੀਮ ਦੇ ਮਾਪਦੰਡ ਪੂਰੇ ਕਰਨ ਵਾਲ਼ੇ ਨੌਕਰੀ-ਪੇਸ਼ਾ ਲੋਕਾਂ ਨੂੰ ਕੋਵਿਡ-19 ਸੰਕਟ ਦੇ ਚਲਦਿਆਂ ਜੌਬਕੀਪਰ ਸਰਕਾਰੀ ਅਦਾਇਗੀਆਂ ਹੁਣ 28 ਮਾਰਚ 2021 ਤੱਕ ਚਲਦੀਆਂ ਰਹਿਣਗੀਆਂ।
ਯੋਗ ਕਰਮਚਾਰੀਆਂ ਅਤੇ ਕਾਰੋਬਾਰੀ ਭਾਗੀਦਾਰਾਂ ਲਈ ਪ੍ਰਤੀ ਪੰਦਰਵਾੜੇ ਦੀ $1,500 ਦੀ ਅਦਾਇਗੀ ਦਰ, 28 ਸਤੰਬਰ 2020 ਤੋਂ ਪ੍ਰਤੀ ਪੰਦਰਵਾੜੇ $ 1,200 ਅਤੇ 4 ਜਨਵਰੀ 2021 ਤੋਂ ਪ੍ਰਤੀ ਪੰਦਰਵਾੜੇ $ 1000 ਤੱਕ ਘੱਟ ਜਾਵੇਗੀ।
ਸ੍ਰੀ ਸਿੰਘ ਨੇ ਕਿਹਾ ਕਿ ਸਤੰਬਰ 2020 ਤੋਂ, ਕਾਰੋਬਾਰੀ ਭਾਗੀਦਾਰਾਂ ਨੂੰ ਇਹ ਦਰਸਾਉਣ ਦੀ ਜ਼ਰੂਰਤ ਹੋਏਗੀ ਕਿ ਜੇ ਉਨ੍ਹਾਂ ਨੇ ਜੀਐਸਟੀ ਦੀ ਅੰਦਾਜ਼ਨ ਰਕਮ ਦੀ ਬਜਾਏ ਅਸਲ ਜੀਐਸਟੀ ਟਰਨਓਵਰ ਦੀ ਵਰਤੋਂ ਕਰਦਿਆਂ ਇਸ ਵਿੱਚ ਲਗਾਤਾਰ ਗਿਰਾਵਟ ਦਾ ਸਾਹਮਣਾ ਕੀਤਾ ਹੈ।
ਸ੍ਰੀ ਸਿੰਘ ਨੇ ਜੌਬਕਿੱਪਰ ਅਤੇ ਜੌਬਸਿੱਕਰ ਦੇ ਵੇਰਵਿਆਂ ਤੋਂ ਇਲਾਵਾ, ਕਈ ਵਪਾਰਕ ਸਹਾਇਤਾ ਗ੍ਰਾਂਟਾਂ ਬਾਰੇ ਵੀ ਦੱਸਿਆ ਜਿੰਨਾ ਵਿੱਚੋਂ ਕੁਝ ਵਿਕਟੋਰੀਅਨ ਸਰਕਾਰ ਦੇ ਵਪਾਰਕ ਸਹਾਇਤਾ ਪੈਕੇਜ ਦੁਆਰਾ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ।
“ਸਰਕਾਰ ਵੱਲੋਂ ਮੈਟਰੋਪੋਲੀਟਨ ਮੈਲਬਰਨ ਅਤੇ ਮਿਸ਼ੇਲ ਸ਼ਾਇਰ ਵਿੱਚ ਯੋਗ ਕਾਰੋਬਾਰਾਂ ਲਈ $ 10,000 ਅਤੇ ਖੇਤਰੀ ਵਿਕਟੋਰੀਆ ਵਿੱਚ ਕਾਰੋਬਾਰਾਂ ਲਈ $ 5,000 ਦੀ ਗ੍ਰਾਂਟ ਦਾ ਐਲਾਨ ਕੀਤਾ ਗਿਆ ਹੈ।
ਇਸ ਬਾਰੇ ਵਧੇਰੇ ਜਾਣਕਾਰੀ ਲਈ ਅਕਾਊਂਟੈਂਟ ਮਨਪ੍ਰੀਤ ਸਿੰਘ ਨਾਲ਼ ਕੀਤੀ ਗੱਲਬਾਤ ਸੁਣਨ ਲਈ ਉੱਪਰ ਦਿੱਤੇ ਪਲੇਅਰ ਉੱਤੇ ਕਲਿੱਕ ਕਰੋ।
ਨੋਟ: ਇਹ ਸਿਰਫ ਆਮ ਜਾਣਕਾਰੀ ਹੈ ਜਿਸਨੂੰ ਪੇਸ਼ੇਵਰ ਸਲਾਹਕਾਰਾਂ ਨਾਲ ਸਲਾਹ-ਮਸ਼ਵਰੇ ਦੇ ਬਦਲ ਵਜੋਂ ਨਹੀਂ ਵਰਤਿਆ ਜਾਣਾ ਚਾਹੀਦਾ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ।
ਮੈਟਰੋਪੋਲੀਟਨ ਮੈਲਬੌਰਨ ਨਿਵਾਸੀ ਸਟੇਜ 4 ਪਾਬੰਦੀਆਂ ਦੇ ਅਧੀਨ ਹਨ ਅਤੇ ਲਾਜ਼ਮੀ ਤੌਰ 'ਤੇ ਉਨ੍ਹਾਂ ਨੂੰ ਰਾਤ 8 ਵਜੇ ਤੋਂ ਸਵੇਰੇ 5 ਵਜੇ ਦੇ ਵਿਚਕਾਰ ਕਰਫਿਊ ਦੀ ਪਾਲਣਾ ਕਰਨੀ ਚਾਹੀਦੀ ਹੈ। ਪਾਬੰਦੀਆਂ ਦੀ ਪੂਰੀ ਸੂਚੀ ਇੱਥੇ ਲਓ: https://www.dhhs.vic.gov.au/updated-restrictions-announcement-2-august-covid-19
ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।
ਐਸ ਬੀ ਐਸ ਆਸਟ੍ਰੇਲੀਆ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ sbs.com.au/coronavirus ਉੱਤੇ ਉਪਲਬਧ ਹਨ।