ਮੈਲਬਰਨ ਫਾਰਮੇਸੀ ਦਾ ਮੈਨੇਜਰ ਫੈਂਗ ਲੂ ਇਸ ਸਟੋਰ ਵਿੱਚ ਇਕੱਲਾ ਹੀ ਕਰਮਚਾਰੀ ਰਹਿ ਗਿਆ ਹੈ। ਬਹੁਤ ਥੋੜੇ ਹੋਰਨਾਂ ਸਟੋਰਾਂ ਵਾਂਗ ਇਸ ਦੀ ਫਾਰਮੇਸੀ ਨੂੰ ਵੀ ਕੋਵਿਡ-19 ਦੀਆਂ ਸਖਤ ਬੰਦਸ਼ਾਂ ਦੌਰਾਨ ਖੁੱਲ੍ਹਾ ਰੱਖਣ ਦੀ ਇਜ਼ਾਜਤ ਮਿਲੀ ਹੋਈ ਹੈ।
ਪਰ ਰਾਜ ਵਿੱਚ ਕੋਵਿਡ-19 ਕਾਰਨ ਪੈਦਾ ਹੋਈ ਨਵੀਂ ਆਰਥਿਕ ਮੰਦੀ ਦਾ ਅਸਰ ਇਸ ਕਾਰੋਬਾਰ ਉੱਤੇ ਵੀ ਪੈ ਰਿਹਾ ਹੈ। ਫੈਡਰਲ ਸਰਕਾਰ ਵਲੋਂ ਜੌਬਕੀਪਰ ਸਕੀਮ ਦੀਆਂ ਨਵੀਆਂ ਤਬਦੀਲੀਆਂ ਵਿਕਟੋਰੀਆ ਸੂਬੇ ਨੂੰ ਧਿਆਨ ਵਿੱਚ ਰਖ ਕੇ ਹੀ ਐਲਾਨੀਆਂ ਗਈਆਂ ਹਨ। ਅਤੇ ਵਪਾਰਕ ਅਦਾਰੇ ਇਸ ਨਾਲ ਕਾਫੀ ਆਸਵੰਦ ਵੀ ਨਜ਼ਰ ਆ ਰਹੇ ਹਨ ਕਿ ਉਹਨਾਂ ਦੇ ਕਰਮਚਾਰੀ ਹੁਣ ਹੋਰ ਜਿਆਦਾ ਸਮਾਂ ਕੰਮਾਂ ਤੇ ਬਣੇ ਰਹਿ ਸਕਣਗੇ।
15 ਬਿਲੀਅਨ ਡਾਲਰਾਂ ਦੀ ਵਾਧੂ ਮਦਦ ਨਾਲ ਵਪਾਰਾਂ ਨੂੰ ਵੇਜ ਸਬਸਿਡੀ ਪਰੋਗਰਾਮ ਹਾਸਲ ਕਰਨ ਵਿੱਚ ਮਦਦ ਮਿਲ ਸਕੇਗੀ। ਇਸ ਨਾਲ ਕੁੱਲ ਮਿਲਾ ਕੇ ਦਿੱਤੀ ਜਾਣ ਵਾਲੀ ਮਦਦ ਹੁਣ 100 ਬਿਲੀਅਨ ਡਾਲਰਾਂ ਤੱਕ ਪਹੁੰਚ ਗਈ ਹੈ। ਸਤੰਬਰ ਦੇ ਅਖੀਰ ਤੋਂ ਇਸ ਸਕੀਮ ਨੂੰ ਹਾਸਲ ਕਰਨ ਦਾ ਮਿਆਰ ਵੀ ਸੌਖਾ ਕਰ ਦਿੱਤਾ ਗਿਆ ਹੈ। ਫੈਡਰਲ ਖਜਾਨਚੀ ਜੋਸ਼ ਫਰਾਇਡਨਬਰਗ ਨੇ ਕਿਹਾ ਹੈ ਕਿ ਇਹ ਸਮਾਂ ਬਹੁਤ ਮੁਸ਼ਕਲ ਭਰਿਆ ਹੈ।
ਵਪਾਰਕ ਅਦਾਰਿਆਂ ਨੂੰ ਹੁਣ ਸਿਰਫ ਇਹੀ ਦਰਸਾਉਣਾ ਹੋਵੇਗਾ ਕਿ ਉਹਨਾਂ ਦਾ ਇਸ ਸਾਲ ਦਾ ਸਤੰਬਰ ਤਿਮਾਹੀ ਦਾ ਵਪਾਰਕ ਪਿਛਲੇ ਸਾਲ ਦੀ ਸਤੰਬਰ ਤਿਮਾਹੀ ਦੌਰਾਨ ਘੱਟ ਰਿਹਾ ਹੈ। ਇਸ ਤੋਂ ਪਿਛਲੀ ਸਕੀਮ ਵਿੱਚ ਇਹਨਾਂ ਵਪਾਰਾਂ ਨੂੰ ਸਤੰਬਰ ਦੇ ਨਾਲ ਨਾਲ ਜੂਨ ਤਿਮਾਹੀ ਦਾ ਘਾਟਾ ਵੀ ਦਿਖਾਉਣ ਲਈ ਕਿਹਾ ਗਿਆ ਸੀ। ਇਹਨਾਂ ਦੇਸ਼ ਵਿਆਪੀ ਬਦਲਾਵਾਂ ਦਾ ਵਿਕਟੋਰੀਆ ਦੇ ਪ੍ਰੀਮੀਅਰ ਡੇਨੀਅਲ ਐਂਡਰਿਊਜ਼ ਵਲੋਂ ਵੀ ਸਵਾਗਤ ਕੀਤਾ ਗਿਆ ਹੈ।
ਸ਼੍ਰੀ ਐਂਡਰਿਊਜ਼ ਨੇ ਕਿਹਾ ਹੈ ਕਿ ਇਸ ਮਦਦ ਦੇ ਨਾਲ ਨਾਲ ਰਾਜ ਵਲੋਂ ਹੋਰ ਮਦਦ ਵੀ ਇਸ ਸਾਲ ਦੇ ਅਖੀਰ ਤੱਕ ਬਜਟ ਦੌਰਾਨ ਐਲਾਨੀ ਜਾਵੇਗੀ। ਹਾਲ ਦੀ ਘੜੀ ਵਿਕਟੋਰੀਅਨ ਸਰਕਾਰ ਇਹ ਯਕੀਨੀ ਬਣਾਏਗੀ ਕਿ ਵਪਾਰਾਂ, ਪਰਿਵਾਰਾਂ ਅਤੇ ਕਰਮਚਾਰੀਆਂ ਨੂੰ ਲੌੜੀਂਦੇ ਬਚਾਅ ਭੁਗਤਾਨ ਮਿਲਦੇ ਰਹਿਣ।
ਸ਼ੈਡੋ ਖਜਾਨਚੀ ਜਿਮ ਚਾਲਮਰਸ ਨੇ ਟਿੱਪਣੀ ਕਰਦੇ ਹੋਏ ਕਿਹਾ ਹੈ ਕਿ ਅਜੇ ਵੀ ਬਹੁਤ ਸਾਰੇ ਲੋਕਾਂ ਨੂੰ ਜੌਬਕੀਪਰ ਅਤੇ ਜੌਬਸੀਕਰ ਪਰੋਗਰਾਮਾਂ ਤੋਂ ਬਾਹਰ ਰੱਖਿਆ ਗਿਆ ਹੈ।
ਵਿੱਤ ਮੰਤਰੀ ਮੈਥੀਆਸ ਕੋਰਮਾਨ ਨੇ ਸਕਾਈ ਨਿਊਜ਼ ਨਾਲ ਗੱਲ ਕਰਦੇ ਹੋਏ ਕਿਹਾ ਕਿ ਸਰਕਾਰ ਭਵਿੱਖ ਵਿੱਚ ਇਹਨਾਂ ਸਕੀਮਾਂ ਲਈ ਲੌੜੀਂਦੇ ਬਦਲਾਅ ਵੀ ਕਰ ਸਕਦੀ ਹੈ ਅਤੇ ਇਹਨਾਂ ਨੂੰ ਸਤੰਬਰ ਮਹੀਨੇ ਦੇ ਅੰਤ ਤੱਕ ਵਾਪਸ ਵੀ ਲੈ ਸਕਦੀ ਹੈ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਮੈਟਰੋਪੋਲੀਟਨ ਮੈਲਬਰਨ ਦੇ ਨਿਵਾਸੀ ਸਟੇਜ-4 ਪਾਬੰਦੀਆਂ ਦੇ ਅਧੀਨ ਹਨ ਇਸ ਉਹਨਾਂ ਨੂੰ ਲਾਜ਼ਮੀ ਤੌਰ 'ਤੇ ਰਾਤ 8 ਵਜੇ ਤੋਂ ਸਵੇਰੇ 5 ਵਜੇ ਦੇ ਵਿਚਕਾਰ ਕਰਫਿਊ ਦੀ ਪਾਲਣਾ ਕਰਨੀ ਚਾਹੀਦੀ ਹੈ। ਇਨ੍ਹਾਂ ਘੰਟਿਆਂ ਦੌਰਾਨ ਮੈਲਬਰਨ ਨਿਵਾਸੀ ਸਿਰਫ ਇਹਨਾਂ ਕਾਰਨਾਂ ਕਰਕੇ ਹੀ ਘਰ ਛੱਡ ਸਕਦੇ ਹਨ; ਕਸਰਤ ਕਰਨਾ, ਜ਼ਰੂਰੀ ਚੀਜ਼ਾਂ ਅਤੇ ਸੇਵਾਵਾਂ ਲਈ ਖਰੀਦਦਾਰੀ ਕਰਨਾ, ਕੰਮ ਲਈ, ਸਿਹਤ ਦੇਖਭਾਲ ਲਈ, ਜਾਂ ਕਿਸੇ ਬਿਮਾਰ ਜਾਂ ਬਜ਼ੁਰਗ ਰਿਸ਼ਤੇਦਾਰ ਦੀ ਦੇਖਭਾਲ ਕਰਨਾ ਆਦਿ।
ਪਾਬੰਦੀਆਂ ਦੀ ਪੂਰੀ ਸੂਚੀ ਇੱਥੇ ਦੇਖੀ ਜਾ ਸਕਦੀ ਹੈ।
ਸਾਰੇ ਵਿਕਟੋਰੀਅਨ ਲੋਕਾਂ ਨੂੰ ਘਰ ਛੱਡਣ ਵੇਲੇ ਚਿਹਰਾ ਢੱਕਣਾ ਚਾਹੀਦਾ ਹੈ, ਚਾਹੇ ਉਹ ਜਿੱਥੇ ਵੀ ਰਹਿੰਦੇ ਹੋਣ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।
ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।
ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ sbs.com.au/coronavirus ਉੱਤੇ ਉਪਲੱਬਧ ਹਨ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ




