ਸਮਾਜਿਕ ਦੂਰੀ ਬਣਾਏ ਰੱਖਣ ਦੀ ਜ਼ਰੂਰਤ ਕਰਕੇ ਲੋਕਾਂ ਨੂੰ ਇੱਕ ਦੂਸਰੇ ਤੋਂ ਦੂਰ ਰਹਿਣਾ ਪੈ ਰਿਹਾ ਹੈ। ਬਾਰਡਰ ਬੰਦ ਹੋਣ ਕਾਰਨ ਕੁੱਝ ਮਾਵਾਂ ਲਈ ਪਰਿਵਾਰਿਕ ਅਤੇ ਸਮਾਜਿਕ ਸਹਾਇਤਾ ਤੋਂ ਬਿਨਾ ਜਨਮ ਦੇਣਾ ਮਜਬੂਰੀ ਬਣ ਗਿਆ ਹੈ।
ਇਸ ਦੇ ਚਲਦੇ ਅਸੀਂ ਗੱਲਬਾਤ ਕੀਤੀ ਆਮ ਤੌਰ 'ਤੇ ਆ ਰਹੀਆਂ ਦਿੱਕਤਾਂ ਬਾਰੇ ਅਤੇ ਮਾਹਿਰ ਡਾਕਟਰ ਨੇ 'ਪਰੀਨੇਟਲ ਅਤੇ ਪੋਸਟ ਨੇਟਲ' ਮਾਨਸਿਕ ਤਣਾਅ (ਡਿਪਰੈਸ਼ਨ) ਤੋਂ ਜੂਝ ਰਹੀਆਂ ਮਾਵਾਂ ਲਈ ਸੁਝਾਅ ਦਿੱਤੇ ਤੇ ਆਸਟ੍ਰੇਲੀਆ ਵਿੱਚ ਉਪਲੱਭਦ ਸਹੂਲਤਾਂ ਬਾਰੇ ਜਾਣੂ ਕਰਵਾਇਆ।
37 ਸਾਲਾ ਟੀਨਾ ਚੋਪੜਾ ਨੇ ਐਸ ਬੀ ਐਸ ਨੂੰ ਦੱਸਿਆ, "ਮੇਰੇ ਕੋਲ ਹਸਪਤਾਲ ਵਿੱਚ ਇੱਕਲਿਆਂ ਜਨਮ ਦੇਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ ਕਿਉਂਕਿ ਮੇਰੇ ਪਤੀ ਨੂੰ ਮੇਰੇ ਵੱਡੇ ਬੇਟੇ ਦੇ ਨਾਲ ਰਹਿਣਾ ਪਿਆ, ਜਿਸਨੂੰ ਪਾਬੰਦੀਆਂ ਕਾਰਨ ਆਪਣੇ ਛੋਟੇ ਭਰਾ ਨੂੰ ਮਿਲਣ ਲਈ ਹਸਪਤਾਲ ਵਿੱਚ ਮੌਜੂਦ ਰਹਿਣ ਦੀ ਇਜਾਜ਼ਤ ਨਹੀਂ ਸੀ।"
ਟੀਨਾ ਨੇ ਦੱਸਿਆ ਕਿ ਉਸਦੇ ਬੇਟੇ ਦੇ ਜਨਮ ਨੂੰ 1 ਸਾਲ ਹੋ ਗਿਆ ਹੈ। ਕਰੋਨਾ ਤੋਂ ਡਰਦਿਆਂ ਆਪਣਾ ਜ਼ਿਆਦਾਤਰ ਸਮਾਂ ਅੰਦਰ ਰਹਿਣ ਕਾਰਨ, ਜਦੋਂ ਉਸ ਦਾ ਬੇਟਾ ਆਲੇ ਦੁਆਲੇ ਦੇ ਹੋਰ ਲੋਕਾਂ ਨੂੰ ਵੇਖਦਾ ਹੈ ਤਾਂ ਉਹ ਬਿਲਕੁਲ ਵੀ ਘੁਲਦਾ-ਮਿਲਦਾ ਨਹੀਂ ਅਤੇ ਉਸਦੇ ਭਵਿੱਖ ਦੇ ਪ੍ਰਭਾਵ ਤੋਂ ਟੀਨਾ ਡਰਦੀ ਹੈ।
ਦੀਪਿਕਾ, ਜੋ ਗਰਭਵਤੀ ਹੈ ਨੇ ਆਪਣੇ ਤਜੁਰਬੇ ਦੱਸਦਿਆਂ ਕਿਹਾ, "ਮੈਂ ਸੈਰ ਕਰਨ ਲਈ ਵੀ ਬਾਹਰ ਜਾਣ ਤੋਂ ਡਰਦੀ ਹਾਂ ਕਿਉਂਕਿ ਕਰੋਨਾ ਨਾਲ ਸੰਪਰਕ ਕਰਨ ਦਾ ਬਹੁਤ ਡਰ ਹੁੰਦਾ ਹੈ।"

Deepika is expecting her baby later this year. Source: Supplied by Deepika
"ਜਣੇਪੇ ਤੋਂ ਪਹਿਲਾਂ ਦੀ ਦੇਖਭਾਲ ਦਿਨ ਪ੍ਰਤੀ ਦਿਨ ਔਖੀ ਹੋ ਰਹੀ ਅਤੇ ਪਾਬੰਦੀਆਂ ਦੇ ਚਲਦਿਆਂ ਅਸੀਂ ਆਉਣ ਵਾਲੇ ਬੱਚੇ ਲਈ ਹੋਣ ਵਾਲੇ ਰੀਤੀ ਰਿਵਾਜ਼ਾਂ ਤੋਂ ਵੀ ਖੁੰਝ ਗਏ ਹਾਂ। ਸਾਡੇ ਮਾਪੇ/ਪਰਿਵਾਰ ਭਾਰਤ ਤੋਂ ਸਾਡੇ ਕੋਲ ਨਹੀਂ ਆ ਸਕਣਗੇ ਜਿਸ ਕਰ ਕੇ ਨਵਜੰਮੇ ਦੇ ਆਉਣ 'ਤੇ ਵੀ ਸਾਨੂ ਕੋਈ ਵਾਧੂ ਸਹਾਇਤਾ ਉਪਲਬਧ ਨਹੀਂ ਹੋਵੇਗੀ ਜੋ ਕਿ ਭਾਵਨਾਤਮਕ ਤੌਰ ਤੇ ਪਰੇਸ਼ਾਨ ਕਰਨ ਵਾਲੀ ਗਲ ਹੈ ," ਦੀਪਿਕਾ ਨੇ ਕਿਹਾ।
ਡਾਕਟਰ ਜ਼ੀਸ਼ਨ ਜੋ ਕਿ ਆਸਟ੍ਰੇਲੀਆ ਵਿੱਚ 10 ਸਾਲਾਂ ਤੋਂ ਸੇਵਾ ਨਿਭਾ ਰਹੇ ਹਨ ਨੇ ਐਸ ਬੀ ਐਸ ਨਾਲ ਗੱਲ ਕਰਦਿਆਂ ਕਿਹਾ, " ਗਰਭਵਤੀ ਔਰਤਾਂ ਤੇ ਖ਼ਾਸਕਰ ਜੋ ਪਹਿਲੀ ਵਾਰ ਮਾਵਾਂ ਬਣ ਰਹੀਆਂ ਨੇ, ਉਨ੍ਹਾਂ ਲਈ ਕਰੋਨਾ ਵਿੱਚ ਮਾਂ ਬਣਨਾ ਕਾਫੀ ਚੁਣੌਤੀ ਭਰਿਆ ਹੈ ਪਰ ਘਬਰਾਉਣ ਦੀ ਗੱਲ ਨਹੀਂ ਕਿਓਂਕਿ ਲਾਕਡਾਊਨ ਦੌਰਾਨ ਵੀ ਆਸਟ੍ਰੇਲੀਆ ਵਿੱਚ ਕਾਫੀ ਸਹੂਲਤਾਂ ਉਪਲੱਭਦ ਹਨ।"
"ਆਪਣੀ ਜ਼ੁਬਾਨ ਬੋਲਣ ਵਾਲੀਆਂ ਮਿਡ ਵਾਈਫਜ਼ ਅਤੇ ਸੋਸ਼ਲ ਵਰਕਰ ਦੀ ਸਮਾਜਿਕ ਸਹਾਇਤਾ ਲਈ ਜਾ ਸਕਦੀ ਹੈ।"

Dr Zeeshan Akram is a GP based in Melbourne. Source: Supplied by Dr Zeeshan Akram
"ਜੇ ਤੁਸੀਂ ਡਰਾਈਵਿੰਗ ਨਹੀਂ ਕਰ ਸਕਦੇ, ਤਾਂ ਤੁਸੀਂ ਪਿੱਕ ਐਂਡ ਡ੍ਰੌਪ ਸੇਵਾਵਾਂ ਅਤੇ ਟੈਕਸੀ ਵਾਊਚਰ ਤੱਕ ਪਹੁੰਚ ਕਰ ਸਕਦੇ ਹੋ। "
"ਅਸੀਂ ਅਕਸਰ ਇਸ ਨੂੰ ਗੌਲਦੇ ਨਹੀਂ ਪਰ ਨਵੀਆਂ ਮਾਵਾਂ ਲਈ ਡਿਪਰੈਸ਼ਨ ਬਹੁਤ ਆਮ ਹੈ ਤੇ ਜ਼ਿਆਦਾਤਰ ਮਾਵਾਂ ਨੂੰ ਇਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਸਾਨੂੰ ਮਾਨਸਿਕ ਸਿਹਤ ਵਿਗੜਣ ਦੇ ਇੱਕ ਵੀ ਲੱਛਣ ਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ, ” ਡਾਕਟਰ ਅਕਰਮ ਨੇ ਕਿਹਾ।
ਉਪਲੱਭਦ ਸੇਵਾਵਾਂ ਬਾਰੇ ਜਾਣਕਾਰੀ ਲਈ ਅਤੇ ਗੱਲਬਾਤ ਪੰਜਾਬੀ ਵਿੱਚ ਸੁਣਨ ਲਈ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰੋ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਰਾਜ ਜਾਂ ਪ੍ਰਦੇਸ਼ ਦੀ ਵੈਬਸਾਈਟ ਤੋਂ ਲੈ ਸਕਦੇ ਹੋ।
ਕਰੋਨਾਵਾਇਰਸ ਦੀ ਟੈਸਟਿੰਗ ਹੁਣ ਆਸਟ੍ਰੇਲੀਆ ਭਰ ਵਿੱਚ ਉਪਲਬਧ ਹੈ। ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ SBS.com.au/coronavirus ਉੱਤੇ ਉਪਲਬਧ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।